Thursday, August 1, 2019

ਗ਼ਜ਼ਲ

ਆ ਵੇਖ ਘਟਾ ਛਾਈ ਸਾਵਣ ਦੀਆਂ ਝੜੀਆਂ ਨੇ
ਤੂੰ ਤੁਰ ਪ੍ਰਦੇਸ ਗਿਓਂ ਤੇਰੀਆਂ ਲੋੜਾਂ ਬੜੀਆਂ ਨੇ

ਮੇਰੇ ਸੁੰਨੇ ਰਾਹਾਂ 'ਤੇ ਤੂੰ ਫੁੱਲ ਉਗਾਏ ਸੀ
ਹੁਣ ਚਾਅ ਮੁਰਝਾਏ ਨੇ ਤੇ ਰੀਝਾਂ ਸੜੀਆਂ ਨੇ

ਜੇ ਖੇਤਾਂ ਨੂੰ ਵੇਖਾਂ ਤਾਂ ਰੁੱਖ ਉਦਾਸ ਖੜ੍ਹੇ
ਜੋ ਵੇਲਾਂ ਲਾਈਆਂ ਸੀ ਕੁਮਲਾਈਆਂ ਖੜ੍ਹੀਆਂ ਨੇ

ਮੇਰੇ ਦਿਲ ਦੀ ਟਿਕ ਟਿਕ ਵੀ ਬਸ ਤੇਰੇ ਕਰਕੇ ਸੀ
ਇਹ ਧੜਕਣ ਰੁਕ ਜਾਣੀ ਗਿਣਤੀ ਦੀਆਂ ਘੜੀਆਂ ਨੇ

ਤੇਰੀ ਪੈੜ ਜੋ ਕੱਲ ਤੱਕ ਸੀ ਹਰ ਥਾਂ ਤੇ ਉੱਕਰੀ ਪਈ
ਤੇਰੇ ਬਾਝੋਂ ਤੱਕ ਆ ਕੇ ਪਗਡੰਡੀਆਂ ਰੜੀਆਂ ਨੇ

ਯਾਦਾਂ ਦੇ ਸਰਮਾਏ ਤੜਪਾਉਂਦੇ ਰਹਿਣ ਸਦਾ
ਚੇਤੇ ਵਿਚ ਘੁੰਮਦੀਆਂ ਹੁਣ ਕੇਵਲ ਮੜ੍ਹੀਆਂ ਨੇ
(ਬਲਜੀਤ ਪਾਲ ਸਿੰਘ)

Monday, July 22, 2019

ਗ਼ਜ਼ਲ


ਆਪਣਿਆਂ ਨੂੰ ਦੁੱਖ ਨਾ ਦੇਣਾ ਤੇਰੀ ਫਿਤਰਤ ਹੋ ਸਕਦੀ ਹੈ
ਆਪਣਿਆਂ ਤੋਂ ਬਚ ਕੇ ਰਹਿਣਾ ਠੋਸ ਹਕੀਕਤ ਹੋ ਸਕਦੀ ਹੈ

ਤੇਰੇ ਬਾਰੇ ਜਦ ਵੀ ਸੋਚਾਂ ਤਾਂ ਫਿਰ ਹੋਵੇ ਇਕ ਅਚੰਭਾ 
ਐਨੀ ਛੇਤੀ ਨਾਲ ਕਿਸੇ ਦੇ ਕਿੰਞ ਮੁਹੱਬਤ ਹੋ ਸਕਦੀ ਹੈ

ਕੋਈ ਮਹਿਫਲ ਕਿਸੇ ਤਰਾਂ ਦੀ ਕਿਸੇ ਵੀ ਰੁੱਤੇ ਕਿਤੇ ਵੀ ਹੋਵੇ
ਮੈਂ ਨਾ ਸੋਚਾਂ ਤੇਰੇ ਬਾਝੋਂ ਮੇਰੀ ਸ਼ਿਰਕਤ ਹੋ ਸਕਦੀ ਹੈ

ਸੌਦੇ ਹੁੰਦੇ ਤਕਦੀਰਾਂ ਦੇ ਲੇਕਿਨ ਮੈਨੂੰ ਇਲਮ ਨਹੀਂ ਸੀ
ਮੇਰੇ ਬਦਲੇ ਮੇਰੇ ਦੁਸ਼ਮਣ ਨੂੰ ਵੀ ਬਰਕਤ ਹੋ ਸਕਦੀ ਹੈ

ਸਾਵਣ ਰੁੱਤੇ ਹਾੜੇ ਓ ਰੱਬਾ ਕਦੇ ਕਿਸੇ ਦਾ ਮੀਤ ਨਾ ਜਾਵੇ 
ਬੋਝ ਹੰਢਾਉਣਾ ਐਨਾ ਭਾਰਾ ਕਿਸਦੀ ਹਿੰਮਤ ਹੋ ਸਕਦੀ ਹੈ
(ਬਲਜੀਤ ਪਾਲ ਸਿੰਘ)

Sunday, June 2, 2019

ਗ਼ਜ਼ਲ


ਜੇਕਰ ਬਹੁਤੇ ਲੋਕੀਂ ਸੱਚ ਤੇ ਪਹਿਰਾ ਦਿੰਦੇ ਰਹਿੰਦੇ ਤਾਂ
ਇਹ ਦੁਨੀਆਂ ਜੰਨਤ ਹੋਣੀ ਸੀ ਸੱਚ ਸਮੇਂ ਤੇ ਕਹਿੰਦੇ ਤਾਂ

ਓਧਰ ਨੂੰ ਹੀ ਤੁਰ ਗਏ ਸਾਰੇ ਜਿਹੜੇ ਪਾਸੇ ਭੀੜ ਤੁਰੀ
ਇਹ ਨਿਜ਼ਾਮ ਤਾਂ ਫੇਰ ਬਦਲਦਾ ਉਲਟ ਹਵਾ ਦੇ ਵਹਿੰਦੇ ਤਾਂ

ਸਾਰੇ ਚਾਹੁੰਦੇ ਸੁਖ ਵਿਚ ਰਹੀਏ ਕਸ਼ਟ ਕਿਸੇ ਤੇ ਆਏ ਨਾ
ਲੇਕਿਨ ਬਦਨ ਕੁੰਦਨ ਹੋ ਜਾਂਦਾ  ਧੁੱਪ ਹਾੜ ਦੀ ਸਹਿੰਦੇ ਤਾਂ

ਪੂਜੇ ਬੁੱਤ ਫੇਰੀਆਂ ਮਾਲਾ ਅਤੇ ਸਮਾਧੀ ਕੁਝ ਨਾ ਦਿੱਤਾ
ਸਭ ਨੂੰ ਸਭ ਕੁਝ ਹੀ ਮਿਲ ਜਾਂਦਾ ਜੇ ਵਿਗਿਆਨ 'ਚ ਲਹਿੰਦੇ ਤਾਂ

ਪੋਲੇ ਪੈਰੀਂ ਕੁਝ ਨਾ ਹਾਸਿਲ ਸੀਸ ਤਲੀ ਤੇ ਪੈਂਦਾ ਧਰਨਾ 
ਜੇਰਾ ਕਰਕੇ ਜੇ ਖਰ੍ਹਵੀਆਂ ਰੁੱਤਾਂ ਦੇ ਨਾਲ ਖਹਿੰਦੇ ਤਾਂ

ਆਉਂਦਾ ਫਿਰ ਬਦਲਾਵ ਕਦੇ ਕੱਖਾਂ ਦੀ ਕੁੱਲੀ ਉੱਤੇ ਵੀ
ਜੇਕਰ ਲੋਕ-ਕ੍ਰਾਂਤੀ  ਵੱਲੋ  ਉੱਚੇ ਬੰਗਲੇ ਢਹਿੰਦੇ ਤਾਂ
(ਬਲਜੀਤ ਪਾਲ ਸਿੰਘ)

Wednesday, May 29, 2019

ਗ਼ਜ਼ਲਪਾਈ ਪਾਈ ਵਾਲਾ,'ਸਾਬ ਨਿਬੇੜ ਦਿਆਂਗੇ।
'ਕੱਠੇ ਹੋ  ਜਦ ਉੱਠੇ, ਕਾਂਬਾ  ਛੇੜ ਦਿਆਂਗੇ।

ਲੋਕਾਂ  ਦੇ  ਹੱਕਾਂ  ਨੂੰ ਲਤੜੇ-ਗਾ ਜਬਰੀ ਜੋ,
ਉਸ ਦੇ ਬੂਥੇ 'ਤੇ ਜੜ ਇੱਕ ਚਪੇੜ ਦਿਆਂਗੇ।

ਤੇਰੇ ਮਹਿਲਾਂ ਦੇ ਗੁੰਬਦ ਜੋ ਬਹੁਤਾ ਚਮਕਣ,
ਇਹਨਾਂ ਤਾਈਂ ਕਾਲਖ ਪੋਤ ਲਿਬੇੜ ਦਿਆਂਗੇ।

ਗਾਰਦ ਤੇਰੇ ਅੱਗੇ ਪਿੱਛੇ ਘੁੰਮੇ ਜਿਹੜੀ,
ਵਰਤਾਂ-ਗੇ ਹਰ ਹੀਲਾ, ਪੁੱਟ, ਖਦੇੜ ਦਿਆਂਗੇ।

ਸਰਹੱਦਾਂ ਤੋ ਪਾਰ ਅਸਾਡੇ ਭਾਈ ਵੱਸਣ,
ਦੂਰ ਕਰਾਂ-ਗੇ ਦੂਰੀ ਤੇ ਕੁਝ ਨੇੜ ਦਿਆਂਗੇ।

ਦੇਸ਼ ਪੰਜਾਬ ਦੀ ਮਿੱਟੀ ਰੁਲਣ ਸਦਾ ਨਾ ਦੇਣੀ,
ਇਸ ਦੇ ਵੈਰੀ ਦੇ ਸਭ ਪਾਜ ਉਧੇੜ ਦਿਆਂਗੇ।

ਹੋਇਆ ਬਹੁਤ ਪਲੀਤ ਚੁਗਿਰਦਾ ਹੈ ਸਾਡਾ,
ਹੁਣ 'ਬਲਜੀਤ' ਸਮੇਂ ਨੂੰ ਸਿੱਧਾ ਗੇੜ ਦਿਆਂਗੇ
(ਬਲਜੀਤ ਪਾਲ ਸਿੰਘ)

Saturday, May 25, 2019

ਗ਼ਜ਼ਲਹਸਦੇ ਚਿਹਰੇ ਵਸਦੇ ਵਿਹੜੇ, ਕਿੱਧਰ ਗਏ।
ਮਿੱਤਰ ਸਾਡੇ ਕਿਹੜੇ ਕਿਹੜੇ, ਕਿੱਧਰ ਗਏ।

ਜਿੰਦ ਜਾਨ ਵੀ ਹਾਜ਼ਰ, ਭਾਵੇਂ ਪਰਖ ਲਵੋ
ਕਹਿੰਦੇ ਸੀਗੇ ਦੋਸਤ ਜਿਹੜੇ, ਕਿੱਧਰ ਗਏ।

ਚਲਦੇ ਰਹੀਏ ਆਉ ਸਾਡਾ ਸਾਥ ਦਿਓ
ਹਰ ਵੇਲੇ ਪੈਂਦੇ ਸੀ ਖਹਿੜੇ, ਕਿੱਧਰ ਗਏ।

ਸਾਡੇ ਖੇਤਾਂ ਤਾਈਂ ਉਹ ਜੋ ਵਾਹੁੰਦੇ ਸੀ,
ਬੌਲਦ, ਝੋਟੇ ਤੇ ਉਹ ਵਹਿੜੇ, ਕਿੱਧਰ ਗਏ।

ਡਾਢਾ ਕੁਝ ਹੀ ਰੋ ਕੇ ਕਹਿੰਦੀ ਹੈ ਮਿੱਟੀ,
ਮੈਨੂੰ  ਸਾਂਭਣ ਵਾਲੇ ਜਿਹੜੇ, ਕਿੱਧਰ ਗਏ।

(ਬਲਜੀਤ ਪਾਲ ਸਿੰਘ)

Saturday, May 18, 2019

ਗ਼ਜ਼ਲ
ਹੇਰਾ ਫੇਰੀ ਸੀਨਾ-ਜੋਰੀ ਕਰਦੇ ਨੇ।
ਇੱਥੇ ਚੌਕੀਦਾਰ ਹੀ ਚੋਰੀ ਕਰਦੇ ਨੇ।

ਰੋਟੀ ਖਾਂਦੇ ਜਿਹੜੀ ਥਾਲੀ ਵਿਚ ਯਾਰੋ,
ਉਸ ਥਾਲੀ ਦੇ ਵਿਚ ਹੀ ਮੋਰੀ ਕਰਦੇ ਨੇ।

ਵੋਟਾਂ ਮਗਰੋਂ ਆਗੂ ਕਰਦੇ ਕੰਮ ਨਹੀਂ,
ਕੇਵਲ ਸਿਆਸੀ ਬਦਲਾ-ਖੋਰੀ ਕਰਦੇ ਨੇ।

ਮੌਜਾਂ ਲੈਂਦੇ ਏਥੇ ਬਾਬੇ ਤੇ ਸਾਧੂ
ਐਸ਼ਪ੍ਰਸਤੀ ਤੇ ਕੰਮ-ਚੋਰੀ ਕਰਦੇ ਨੇ

ਭਾਈਚਾਰਾ ਕਿੰਨਾਂ ਲੋਕਾਂ ਅੰਦਰ ਸੀ,
ਪਾੜੇ ਪਾ ਕੇ ਪੋਰੀ-ਪੋਰੀ ਕਰਦੇ ਨੇ।
(ਬਲਜੀਤ ਪਾਲ ਸਿੰਘ)

Monday, April 22, 2019

ਗ਼ਜ਼ਲ


ਜਿੰਦਗੀ ਇਹ ਕਿਸ ਤਰਾਂ ਦਾ ਫਲਸਫਾ।
ਆਦਮੀ ਖੁਦ ਆਪਣੇ ਕੋਲੋਂ ਜੁਦਾ।

ਸਭ ਹੀ ਮੇਰੇ ਤੋਂ ਵਧੇਰੇ ਨੇ ਸੁਖੀ,
ਹਰ ਕਿਸੇ ਨੂੰ ਹਰ ਸਮੇਂ ਇਹ ਜਾਪਦਾ।

ਵਕਤ ਨੇ ਕੰਧਾਂ ਨੇ ਏਦਾਂ ਖਿੱਚੀਆਂ,
ਰਿਸ਼ਤਿਆਂ ਵਿਚ ਵੀ ਨਹੀਂ ਹੁਣ ਰਾਬਤਾ।

ਚਰ ਗਏ ਖੇਤਾਂ ਦੀਆਂ ਹਰਿਆਲੀਆਂ,
ਸ਼ਹਿਰ ਦੇ ਇਹ ਕਾਰਖਾਨੇ ਬੇਹਯਾ।

ਦਮ ਜਦੋਂ ਘੁਟਦੈ ਤਾਂ ਆਵੇ ਯਾਦ ਉਹ,
ਪਿੰਡ ਵਾਲੀ ਮਹਿਕਦੀ ਖੁੱਲ੍ਹੀ ਫਿਜ਼ਾ।

ਲੋਕ ਬੁੱਤਾਂ ਵਾਂਙ ਬਹੁਤੇ  ਹੋ ਗਏ,
ਤੂੰ ਹੀ ਕਰ 'ਬਲਜੀਤ' ਕੋਈ ਆਸਰਾ।
(ਬਲਜੀਤ ਪਾਲ ਸਿੰਘ)

Saturday, March 23, 2019

ਗ਼ਜ਼ਲ


ਜਦੋਂ ਇਹ ਰੁੱਤ ਬਦਲੇ ਤਦ ਬੜਾ ਕੁਝ ਹੋਰ ਵੀ ਬਦਲੇ
ਕਿਸੇ ਦਾ ਰੰਗ ਵੀ ਬਦਲੇ ਕਿਸੇ ਦੀ ਤੋਰ ਵੀ ਬਦਲੇ

ਜੇ ਬਦਲੇ ਕੂਕ ਕੋਇਲ, ਬੁਲਬੁਲਾਂ ਫਿਰ ਰਾਗ ਵੀ ਬਦਲਣ
ਅਦਾਵਾਂ ਨਾਲ ਪੈਲਾਂ ਪਾ ਰਿਹਾ ਫਿਰ ਮੋਰ ਵੀ ਬਦਲੇ

ਬੜਾ ਕੋਸਾ ਜਿਹਾ ਲੱਗੇ ਸਿਆਲ਼ੀ ਧੁੱਪ ਦਾ ਆਲਮ
ਜਦੋਂ ਬਰਸਾਤ ਆਉਂਦੀ ਹੈ ਘਟਾ ਘਨਘੋਰ ਵੀ ਬਦਲੇ

ਅਜਬ ਦੀ ਚਹਿਲਕਦਮੀ ਹੈ ਬਜ਼ਾਰਾਂ ਵਿਚ ਬੜੀ ਰੌਣਕ
ਤਿਕਾਲਾਂ ਢਲਦਿਆਂ ਮੈਖਾਨਿਆਂ ਦੀ ਲੋਰ ਵੀ ਬਦਲੇ

ਹਮੇਸ਼ਾ ਫਰਕਦੇ  ਡੌਲੇ, ਲਹੂ ਜਦ ਗਰਮ ਹੁੰਦਾ ਹੈ
ਢਲੇ ਜਦ ਉਮਰ ਓਦੋਂ ਹਿੱਕ ਵਾਲਾ ਜੋਰ ਵੀ ਬਦਲੇ
(ਬਲਜੀਤ ਪਾਲ ਸਿੰਘ)

Sunday, February 24, 2019

ਗ਼ਜ਼ਲ


ਕੀ ਕਰਨਾ ਤੇ ਕੀ ਕਹਿਣਾ ਹੈ ਇਸ ਦੀ ਸਾਰ ਨਾ ਲੱਗੇ

ਲਿਖਣਾ ਹੈ ਜਾਂ ਚੁਪ ਰਹਿਣਾ ਹੈ ਇਸ ਦੀ ਸਾਰ ਨਾ ਲੱਗੇ

ਕੌੜ ਕੁਸੈਲਾ ਹੋਇਆ ਹੈ ਹੁਣ ਸਾਰਾ ਹੀ ਚੌਗਿਰਦਾ

ਕਿੱਥੇ ਖੜ੍ਹਨਾ ਜਾਂ ਬਹਿਣਾ ਹੈ ਇਸ ਦੀ ਸਾਰ ਨਾ ਲੱਗੇ

ਵਾਪਰ ਰਹੀਆਂ ਪੈਰ ਪੈਰ ਤੇ ਹੀ ਮੰਦੀਆਂ ਘਟਨਾਵਾਂ

ਟੱਕਰ ਦੇਣੀ ਜਾਂ ਸਹਿਣਾ ਹੈ ਇਸ ਦੀ ਸਾਰ ਨਾ ਲੱਗੇ

ਲੋਹੇ ਉਤੇ ਸੋਨੇ ਦੀ ਇਓਂ ਪਰਤ ਚੜ੍ਹੀ ਹੈ ਰਹਿੰਦੀ

ਨਕਲੀ ਜਾਂ ਅਸਲੀ ਗਹਿਣਾ ਹੈ ਇਸ ਦੀ ਸਾਰ ਨਾ ਲੱਗੇ

ਰਾਹਾਂ ਦੇ ਵਿਚ ਉੱਗ ਆਏ ਨੇ ਝਾੜ ਬਰੂਟੇ ਕਿੰਨੇ

ਬਚ ਕੇ ਲੰਘਾਂ ਜਾਂ ਖਹਿਣਾ ਹੈ ਇਸ ਦੀ ਸਾਰ ਨਾ ਲੱਗੇ

ਹਾਲਾਤਾਂ ਸੰਗ ਲੜਣਾ ਸਾਨੂੰ ਹਾਲੇ ਤੱਕ ਨਾ ਆਇਆ

ਜਿੱਤਣਾ ਹੈ ਜਾਂ ਕਿ ਢਹਿਣਾ ਹੈ ਇਸ ਦੀ ਸਾਰ ਨਾ ਲੱਗੇ

ਜੀਵਨ ਦੇ ਉਸ ਮੋੜ ਦੇ ਉੱਤੇ ਆਣ ਖੜ੍ਹੇ ਹਾਂ ਯਾਰੋ

ਭਾਰ ਦਿਲਾਂ ਤੋਂ ਕਦ ਲਹਿਣਾ ਹੈ ਇਸ ਦੀ ਸਾਰ ਨਾ ਲੱਗੇ
(ਬਲਜੀਤ ਪਾਲ ਸਿੰਘ)

Monday, December 24, 2018

ਗ਼ਜ਼ਲ


ਬੜਾ ਬੇ-ਦਰਦ ਹੈ ਮੌਸਮ ਕਿ ਝੱਖੜ ਆਉਣ ਵਾਲਾ ਹੈ।
ਕੁਈ ਵਹਿਸ਼ੀ,ਫਿਜ਼ਾ ਨੂੰ ਫੇਰ ਤੋਂ ਅੱਗ ਲਾਉਣ ਵਾਲਾ ਹੈ।

ਜ਼ਰਾ ਨਾ ਨੀਂਦ ਪੈਂਦੀ ਸ਼ਹਿਰ ਨੂੰ ਇਹ ਸੋਚ ਕੇ ਅਜਕਲ੍ਹ,

ਕਿ ਖਤਰਾ ਆਤਿਸ਼ਾਂ ਦਾ ਏਸ ਤੇ ਮੰਡਰਾਉਣ ਵਾਲਾ ਹੈ।

ਕਈ ਸਾਧਾਂ ਦੇ ਭੇਖਾਂ ਵਿਚ ਜੋ ਬੈਠੇ ਨੇ ਸਿੰਘਾਸਨ 'ਤੇ,

ਇਹ ਮੌਸਮ ਦੰਗਿਆਂ ਦਾ ਫੇਰ ਅੱਗੇ ਆਉਣ ਵਾਲਾ ਹੈ।

ਅਸੀਂ ਚਾਬੁਕ ਦੁਬਾਰਾ ਸੌਂਪ ਦੇਣੀ ਓਸ ਟੋਲੇ ਨੂੰ,

ਉਹ ਮੁੜ ਕੇ ਏਸ ਨੂੰ ਸਾਡੇ ਤੇ ਹੀ ਅਜਮਾਉਣ ਵਾਲਾ ਹੈ।

ਅਸਾਡੇ ਲੋਕਤੰਤਰ ਦਾ ਨਜ਼ਾਰਾ ਦੇਖਿਓ ਹਾਲੇ

ਕਿ ਹਰ ਵੋਟਰ ਹੀ ਪਾ ਕੇ ਵੋਟ ਫਿਰ ਪਛਤਾਉਣ ਵਾਲਾ ਹੈ।

ਅਸੀਂ ਸਾਊ ਹੀ ਬਹੁਤੇ ਹਾਂ ਜੋ ਪਿੱਛੇ ਲੱਗ ਤੁਰਦੇ ਹਾਂ,

ਅਸਾਡੀ ਸੋਚ ਦਾ ਮਾੜਾ ਨਤੀਜਾ ਆਉਣ ਵਾਲਾ ਹੈ।

ਹਰਿਕ ਬੰਦੇ ਦੇ ਮੋਢੇ ਜਾਲ ਹੱਥ ਵਿਚ ਪੋਟਲੀ ਦਾਣੇ,

ਜੋ ਬੈਠਾ ਰੁੱਖ ਤੇ ਪੰਛੀ ਵੀ ਹੁਣ ਕੁਰਲਾਉਣ ਵਾਲਾ ਹੈ।

ਅਸੀਂ ਤਾਂ ਬੀਜ ਦਿੱਤਾ ਬੀਜ ਕੁਝ ਸਿਦਕੀ ਸੰਘਰਸ਼ਾਂ ਦਾ,

ਨ ਜਾਵੇ ਮਾਰ ਸੋਕਾ ਜਲਦ ਪਾਣੀ ਲਾਉਣ ਵਾਲਾ ਹੈ।

ਰਹੋ ਹੁਣ ਜਾਗਦੇ ਲੋਕੋ ਕਿ ਚੋਣਾਂ ਫੇਰ ਆ ਗਈਆਂ,

ਸ਼ਿਕਾਰੀ ਫੇਰ ਤੋਂ ਇਕ ਵਾਰ ਚੋਗਾ ਪਾਉਣ ਵਾਲਾ ਹੈ।

ਇਹ ਵੱਡੇ ਘਰ ਜੋ ਦਿਸਦੇ ਨੇ ਸੁਨਹਿਰੀ ਧੌਲਰਾਂ ਵਾਲੇ,

ਹੁਣੇ  'ਬਲਜੀਤ' ਇਹਨਾਂ ਸੰਗ ਮੁੜ ਟਕਰਾਉਣ ਵਾਲਾ ਹੈ।
(ਬਲਜੀਤ ਪਾਲ ਸਿੰਘ)

Tuesday, December 11, 2018

ਗ਼ਜ਼ਲ


ਬੜਾ ਖ਼ਤਰਾ ਹੈ ਮਜ਼ਹਬ ਨੂੰ ਸਿਆਸੀ ਖੇਡ ਹੋ ਜਾਏ
ਮਨੁੱਖਤਾ ਨਾਲ ਵੋਟਾਂ ਵਿਚ  ਦੁਬਾਰਾ ਝੇਡ ਹੋ ਜਾਏ

ਕਿ ਦਈਏ ਇਸ ਤਰਾਂ ਦਾ ਛੁਣਛੁਣਾ ਹੁਣ ਵੋਟਰਾਂ ਤਾਈਂ
ਇਹ ਹਰ ਬੰਦਾ ਜੋ ਏਥੇ ਹੈ ਸਿਰਫ ਇਕ ਭੇਡ ਹੋ ਜਾਏ

ਅਸੀਂ ਤਾਂ ਆਪਣੀ ਹੀ ਗੱਲ ਦਾ ਪ੍ਰਚਾਰ ਕਰਨਾ ਹੈ
ਹਰਿਕ ਅਖਬਾਰ ਸਾਡੇ ਦੇਸ਼ ਦਾ ਬਸ ਪੇਡ ਹੋ ਜਾਏ

ਉਹ ਜਿਹੜੇ ਕਹਿ ਰਹੇ ਨੇ ਰੱਬ ਦੇ ਨੇੜੇ ਬੜੇ ਨੇ ਉਹ
ਉਹਨਾਂ ਦੇ ਡੇਰਿਆਂ ਉਤੇ ਵੀ ਹੁਣ ਇਕ ਰੇਡ ਹੋ ਜਾਏ

ਬਣਾ ਦਿੱਤੀ ਗ਼ਲਤ ਤਸਵੀਰ ਉਹਨਾਂ ਬਾਬੇ ਨਾਨਕ ਦੀ 
ਕਿ ਜ਼ਜ਼ਬਾ ਕਿਰਤ ਦਾ ਇਨਸਾਨੀਅਤ ਚੋਂ ਫੇਡ ਹੋ ਜਾਏ

ਬਹਾਰਾਂ ਵਿਚ ਹੀ ਖਿੜਦੇ ਨੇ ਕਈ ਰੰਗਾਂ ਦੇ ਫੁੱਲ ਯਾਰੋ
ਨਹੀਂ ਹੁੰਦਾ ਕਦੇ ਫੁੱਲਾਂ ਦੀ ਇੱਕੋ ਸ਼ੇਡ ਹੋ ਜਾਏ
(ਬਲਜੀਤ ਪਾਲ ਸਿੰਘ)


Tuesday, December 4, 2018

ਗ਼ਜ਼ਲ


ਖਿਡਾਰੀ ਵੱਡੇ ਵੱਡੇ ਵੀ ਤਾਂ ਬਾਜ਼ੀ ਹਾਰ ਜਾਂਦੇ ਨੇ 
ਅਨਾੜੀ ਵੀ ਕਈ ਵਾਰੀ ਤਾਂ ਮੰਜ਼ਿਲ ਮਾਰ ਜਾਂਦੇ ਨੇ

ਬੜੀ ਹੀ ਰਾਤ ਕਾਲੀ ਹੈ ਦਿਖਾਈ ਕੁਝ ਨਹੀਂ ਦਿੰਦਾ
ਕਿ ਜੁਗਨੂੰ ਚੀਰ ਕੇ 'ਨ੍ਹੇਰੇ ਨੂੰ ਬਣ ਦਮਦਾਰ ਜਾਂਦੇ ਨੇ

ਜੋ ਕਹਿੰਦੇ ਪਾ ਦਿਉ ਵੋਟਾ ਅਸੀਂ ਸੇਵਾ ਹੀ ਕਰਨੀ ਹੈ
ਉਹ ਲੀਡਰ ਜਿੱਤ ਕੇ ਚੋਣਾਂ ਤੇ ਠੱਗੀ ਮਾਰ ਜਾਂਦੇ ਨੇ

ਉਹ ਪਰਚਮ ਉੱਚੀਆਂ ਥਾਵਾਂ ਤੇ ਨੇ ਲਹਿਰਾਉਣ ਦੇ ਕਾਬਿਲ 
ਸਫਰ ਦੇ ਪੈਂਡਿਆਂ ਉੱਤੇ ਜੋ ਪੱਬਾਂ ਭਾਰ ਜਾਂਦੇ ਨੇ

ਕਿਨਾਰੇ ਬੈਠ ਰਹੀਏ ਝੂਰਦੇ  ਤਾਂ ਕੁਝ ਨਹੀਂ ਹਾਸਿਲ
ਜੋ ਠਿੱਲਦੇ ਪਾਣੀਆਂ ਅੰਦਰ ਉਹ ਸਾਗਰ ਪਾਰ ਜਾਂਦੇ ਨੇ

ਜਿੰਨਾਂ ਦੇ ਨਾਲ ਫੁੱਲਾਂ ਨੇ ਵਫਾ ਕੀਤੀ ਨਹੀਂ ਹੁੰਦੀ
ਉਹ ਅਕਸਰ ਕੰਡਿਆਂ ਦੇ ਨਾਲ ਵੀ ਕੰਮ ਸਾਰ ਜਾਂਦੇ ਨੇ
(ਬਲਜੀਤ ਪਾਲ ਸਿੰਘ)


Sunday, December 2, 2018

ਗ਼ਜ਼ਲ

ਖ਼ਸਤਾ ਹਾਲਤ ਬਾਗਾਂ ਦੀ ਹੁਣ ਹੋਈ ਹੈ
ਮੁਰਝਾਇਆ ਹਰ ਫੁੱਲ ਕਲੀ ਹਰ ਮੋਈ ਹੈ


ਤਖਤ ਨੂੰ ਏਦਾਂ ਚਿੰਬੜ ਚੁੱਕੇ ਜਰਵਾਣੇ
ਲੰਡਾ ਲੁੱਚਾ ਜੋ ਹੈ ਲੀਡਰ ਸੋਈ ਹੈ


ਜ਼ਰਦ ਰੁੱਤ ਦਾ ਪਹਿਰਾ ਹੈ ਜੂਹਾਂ ਅੰਦਰ
ਦਿਸਦਾ ਹਰਿਆ ਪੱਤਾ ਕੋਈ ਕੋਈ ਹੈ


ਭਗਤ ਪੈਗੰਬਰ ਅਤੇ ਫਕੀਰ ਬੜੇ ਹੋਏ
ਕੂੜ ਦੀ ਫਿਰ ਵੀ ਮਸ਼ਹੂਰੀ ਹੀ ਹੋਈ ਹੈ


ਹਰ ਖੇਤਰ ਨੂੰ ਹੈ ਸਿਆਸਤ ਡੰਗ ਲਿਆ
ਮਾੜੇ ਬੰਦੇ ਦੀ ਰੱਤ ਜਾਂਦੀ ਚੋਈ ਹੈ


ਭਟਕਣ ਤੜਪਣ ਕਲਪਣ ਲੋਕੀਂ ਸਾਰੇ ਹੀ
ਸ਼ਰਮ ਹਯਾ ਦੀ ਸਭ ਨੇ ਲਾਹੀ ਲੋਈ ਹੈ
(ਬਲਜੀਤ ਪਾਲ ਸਿੰਘ)

Wednesday, November 28, 2018

ਗ਼ਜ਼ਲ


ਕਿੰਨੇ ਵਲ ਵਿੰਗ ਖਾਂਦੀਆਂ ਨਦੀਆਂ
ਮੈਦਾਨਾਂ ਵਿਚ ਆਉਂਦੀਆਂ ਨਦੀਆਂ

ਚੀਰ ਪਹਾੜ ਨੂੰ ਅੱਧ ਵਿਚਾਲੋਂ 
ਹੇਠਾਂ ਵੱਲ ਨੂੰ ਡਿਗਦੀਆਂ ਨਦੀਆਂ

ਕਦੇ  ਕਦਾਈਂ ਝਰਨੇ ਥੱਲੇ
ਆਪਣੀ ਪਿਆਸ ਬੁਝਾਉਂਦੀਆਂ ਨਦੀਆਂ

ਬੱਦਲ ਵਰ੍ਹਦੇ  ਬਰਫ਼ਾਂ ਪਿਘਲਣ
ਫੇਰ ਕਿਤੇ ਜਾ  ਵਗਦੀਆਂ ਨਦੀਆਂ

ਝੂਮੇ ਵਣ-ਤ੍ਰਿਣ ਪੌਣ ਰੁਮਕਦੀ
ਕਲ ਕਲ ਕਵਿਤਾ ਗਾਉਂਦੀਆਂ ਨਦੀਆਂ

ਔੜੀ ਬੰਜਰ ਰੇਤ ਬਰੇਤੇ
ਤੇ ਜੀਵਨ ਧੜਕਾਉਂਦੀਆਂ ਨਦੀਆਂ

ਆਖਿਰ ਸਾਗਰ ਸੰਗ ਰਲ ਜਾਵਣ 
ਪੈਂਡੇ ਨੂੰ ਤਹਿ ਕਰਦੀਆਂ ਨਦੀਆਂ
(ਬਲਜੀਤ ਪਾਲ ਸਿੰਘ)

Wednesday, November 21, 2018

ਗ਼ਜ਼ਲ

ਕੁਝ ਸੋਚਿਆ ਤਾਂ ਬਸ ! ਏਨਾ ਖਿਆਲ ਆਇਆ
ਪਿਛਲੇ ਸਿਆਲ ਵਾਂਗੂੰ ਇਹ ਵੀ ਸਿਆਲ ਆਇਆ


ਸਭ ਕੁਝ ਤਾਂ ਹੈ ਪੁਰਾਣਾ ਕੁਝ ਵੀ ਨਵਾਂ ਨਹੀਂ ਹੈ
ਸ਼ਾਇਦ ਕਿ ਸੋਚ ਮੇਰੀ ਅੰਦਰ ਜੰਗਾਲ ਆਇਆ


ਕਿਸ ਨੇ ਹੈ ਸਾਥ ਦਿੱਤਾ ਬਿਖੜੇ ਜਹੇ ਪੈਂਡਿਆਂ ਤੇ
ਮੇਰਾ ਹੀ ਹੌਸਲਾ ਇਕ ਬਣਕੇ ਭਿਆਲ ਆਇਆ


ਸ਼ਹਿਰਾਂ ਦੇ ਸ਼ਹਿਰ ਬੇਸ਼ਕ ਕਦਮਾਂ ਨੇ ਛਾਣ ਮਾਰੇ
ਚੇਹਰਾ ਨਾ ਅੱਖਾਂ ਅੱਗੇ ਕੋਈ ਕਮਾਲ ਆਇਆ


ਦਿਨ ਆਸ਼ਕੀ ਦੇ ਬਸ ਐਵੇਂ ਗੁਜ਼ਾਰ ਦਿੱਤੇ
ਛੱਲਾ ਨਾ ਕੋਈ ਦਿਤਾ ਨਾ ਹੀ ਰੁਮਾਲ ਆਇਆ


ਬਚਿਆ ਜੋ ਸ਼ਾਮ ਵੇਲੇ ਸੀ ਇਕ ਹੀ ਜਾਮ ਬਾਕੀ
ਸਾਕੀ ਵੀ ਖੌਰੇ ਉਸਨੂੰ ਕਿਸਨੂੰ ਪਿਆਲ ਆਇਆ
(ਬਲਜੀਤ ਪਾਲ ਸਿੰਘ)ਗ

Wednesday, November 14, 2018

ਗ਼ਜ਼ਲ


ਖਿਡਾਉਣੇਂ ਵਾਂਗਰਾਂ ਦਿਲ ਵੀ ਹਮੇਸ਼ਾ ਤੰਗ ਕਰਦਾ ਹੈ
ਮੈੱ ਖੇਡਾਂਗਾ ਮੈਂ ਟੁੱਟਾਂਗਾ ਸਦਾ ਇਹ ਮੰਗ ਕਰਦਾ ਹੈ

ਅਜੇ ਤਾਂ ਜ਼ਖ਼ਮ ਵੀ ਬੀਤੇ ਦਿਨਾਂ ਦੇ ਰਾਸ ਨਾ ਆਏ
ਇਹ ਕਰਕੇ ਕਾਰਨਾਮੇ ਦਿਲ ਬੜਾ ਹੀ ਦੰਗ ਕਰਦਾ ਹੈ

ਬੜਾ ਹੀ ਬੇਹਿਸਾਬਾ ਹੋ ਗਿਆ ਹੈ ਕੀ ਕਰਾਂ ਦਿਲ ਦਾ
ਕਿ ਝੁੱਗਾ ਚੌੜ ਕਰ ਜਾਂਦਾ ਤੇ ਮੈਨੂੰ ਨੰਗ ਕਰਦਾ ਹੈ

ਨਾ ਬਹਿੰਦਾ ਹੈ ਨਾ ਟਿਕਦਾ ਹੈ ਹਮੇਸ਼ਾ ਹੈ ਭਟਕਦਾ ਦਿਲ
ਇਹ ਸ਼ਾਂਤੀ ਆਪਣੀ ਤੇ ਦੂਜਿਆਂ ਦੀ ਭੰਗ ਕਰਦਾ ਹੈ

ਪਤਾ ਦਿਲ ਨੂੰ ਨਹੀਂ ਕਿ ਇਹ ਜ਼ਮਾਨਾ ਬਹੁਤ ਰੰਗਾਂ ਦਾ
ਇਹ ਜਦ ਵੀ ਗੱਲ ਕਰਦਾ ਹੈ ਨਾ ਭੋਰਾ ਸੰਗ ਕਰਦਾ ਹੈ

ਕਦੇ ਰਾਤਾਂ ਨੂੰ ਦਿਲ ਜਾਗੇ ਕਦੇ ਸੁੱਤਾ ਰਹੇ ਦਿਨ ਨੂੰ
ਇਹ ਮੇਰੀ ਜਿੰਦਗੀ ਕਈ ਵਾਰ ਤਾਂ ਬਦਰੰਗ ਕਰਦਾ ਹੈ

ਬੜਾ ਪਾਗਲ ਹੈ ਦਿਲ ਮੇਰਾ ਇਹ ਅੜ ਜਾਵੇ ਜਦੋਂ ਮਰਜੀ
ਰਹਾਂ ਮੈਂ ਸੁਰਖੀਆਂ ਅੰਦਰ ਇਹ ਐਸੇ ਢੰਗ ਕਰਦਾ ਹੈ
(ਬਲਜੀਤ ਪਾਲ ਸਿੰਘ)

Sunday, November 11, 2018

ਗ਼ਜ਼ਲਬੜਾ ਕੁਝ ਸਹਿ ਲਿਆ ਆਪਾਂ ਬੜਾ ਕੁਝ ਹੋਰ ਸਹਿਣਾ ਹੈ
ਅਜੇ ਤਾਂ ਸਾਗਰਾਂ ਮਗਰੋਂ ਥਲਾਂ ਅੰਦਰ ਵੀ ਰਹਿਣਾ ਹੈ

ਘੜੀ ਭਰ ਚੁੱਪ ਹੋਇਆ ਹਾਂ ਇਹ ਚੁੱਪ ਹੈ ਆਰਜ਼ੀ ਮੇਰੀ
ਜੋ ਅੱਜ ਤੱਕ ਬੋਲ ਨਾ ਹੋਇਆ ਅਜੇ ਤਾਂ ਉਹ ਵੀ ਕਹਿਣਾ ਹੈ

ਪਤਾ ਹੈ  ਵਾਂਗ ਸ਼ੀਸ਼ੇ ਦੇ ਇਹ ਜੋ ਔਕਾਤ ਹੈ ਮੇਰੀ
ਪਤਾ ਇਹ ਵੀ ਹੈ ਕਿ ਮੈਨੂੰ ਮੈਂ ਪੱਥਰਾਂ ਨਾਲ ਖਹਿਣਾ ਹੈ

ਇਹ ਮੇਰਾ ਦਿਲ ਤਾਂ ਕਰਦਾ ਹੈ ਲਿਖਾਂ ਵਿਸਥਾਰ ਰੰਗਾਂ ਦਾ
ਅਜੇ ਇਹ ਰੁੱਤ ਜ਼ਾਲਮ ਹੈ ਬੜਾ ਮੌਸਮ ਕੁ-ਲਹਿਣਾ ਹੈ

ਜਦੋਂ ਵੀ ਲੋਕ 'ਕੱਠੇ ਹੋਣ ਦੇ ਘੜਦੇ ਨੇ ਮਨਸੂਬੇ
ਤਖਤ ਨੇ ਚਾਲ ਚੱਲ ਦੇਣੀ ਇਨ੍ਹਾਂ ਆਪਸ 'ਚ ਡਹਿਣਾ ਹੈ

ਉਹ ਜਿਹੜੇ ਰੋਜ ਕਹਿੰਦੇ ਨੇ ਕਿ ਲੈਣਾ ਪਰਖ ਜਦ ਮਰਜ਼ੀ
ਉਹਨਾਂ ਨੇ ਵਕਤ ਆਏ ਤੇ ਵੀ ਫਿਰ ਖਾਮੋਸ਼ ਬਹਿਣਾ ਹੈ
(ਬਲਜੀਤ ਪਾਲ ਸਿੰਘ)

Sunday, October 28, 2018

ਗ਼ਜ਼ਲ


ਰੁੱਤ ਕਰੁੱਤ ਕਿਓਂ ਹੋਈ ਇਹ ਫਿਕਰ ਬੜਾ ਹੈ
ਖਾਬਾਂ ਵਿਚ ਤਿਤਲੀ ਮੋਈ ਇਹ ਫਿਕਰ ਬੜਾ ਹੈ

ਚੇਤੇ ਅੰਦਰ ਵੱਸ ਗਈਆਂ ਸੰਤਾਪੀਆਂ ਜੂਹਾਂ
ਕਿਸ ਥਾਂ 'ਤੇ ਸ਼ਾਜਿਸ਼ ਹੋਈ ਇਹ ਫਿਕਰ ਬੜਾ ਹੈ

ਭੋਰਾ ਨੂਰ ਵੀ ਭੀੜ ਦੇ ਚਿਹਰੇ ਉਤੇ ਹੈ ਨਈਂ
ਚਿੰਤਾ ਅੰਦਰ ਹਰ ਕੋਈ ਇਹ ਫਿਕਰ ਬੜਾ ਹੈ

ਦੇਸ਼ ਦੇ  ਸਾਰੇ ਨੇਤਾ  ਏਸ ਹਮਾਮ 'ਚ ਨੰਗੇ
ਜੋ ਤੱਕਿਆ ਦੋਸ਼ੀ ਸੋਈ ਇਹ ਫਿਕਰ ਬੜਾ ਹੈ

ਕੀ ਹੋਏਗਾ ? ਹਰ ਵੇਲੇ ਬਲਜੀਤ ਇਹ ਸੋਚੇ
ਸੋਚਣ ਵੇਲੇ ਅੱਖ ਰੋਈ ਇਹ ਫਿਕਰ ਬੜਾ ਹੈ
(ਬਲਜੀਤ ਪਾਲ ਸਿੰਘ)

Friday, October 26, 2018

ਗ਼ਜ਼ਲ

ਪੈਸੇ ਦੀ ਮਜਬੂਰੀ ਹੋਵੇ,ਇਹ ਨਹੀਂ ਹੁੰਦਾ
ਹਰ ਖਾਹਿਸ਼ ਹੀ ਪੂਰੀ ਹੋਵੇ,ਇਹ ਨਹੀਂ ਹੁੰਦਾ


ਕੋਈ ਬਹਾਨਾ ਮਿਲ ਜਾਂਦਾ ਹੈ ਜਦ ਵੀ ਚਾਹੋ
ਕਾਰਨ ਕੋਈ ਜਰੂਰੀ ਹੋਵੇ ,ਇਹ ਨਹੀਂ ਹੁੰਦਾ


ਵੈਸੇ ਵੀ ਬਦਨਾਮੀ ਪੱਲੇ ਪੈ ਸਕਦੀ ਹੈ
ਸ਼ੁਹਰਤ ਜਾਂ ਮਸ਼ਹੂਰੀ ਹੋਵੇ,ਇਹ ਨਹੀਂ ਹੁੰਦਾ


ਹੋਰ ਵੀ ਕਾਰਨ ਮਿਰਗ ਦੀ ਹੱਤਿਆ ਦਾ ਹੋ ਸੇਕਦੈ
ਖ਼ਾਬਾਂ ਵਿਚ ਕਸਤੂਰੀ ਹੋਵੇ,ਇਹ ਨਹੀਂ ਹੁੰਦਾ


ਤਾਜ਼ ਤਾਂ ਕਿਸੇ ਕਿਸੇ ਦੇ ਹਿੱਸੇ ਹੀ ਆਉਂਦਾ ਹੈ
ਹਰ ਹੀਰਾ ਕੋਹਿਨੂਰੀ ਹੋਵੇ,ਇਹ ਨਹੀਂ ਹੁੰਦਾ


ਆਥਣ ਵੇਲੇ ਕਦੇ ਕਦਾਈਂ ਹੀ ਮਹਿਫਲ ਹੁੰਦੀ
ਹਰ ਇਕ ਸ਼ਾਮ ਸੰਧੂਰੀ ਹੋਵੇ ,ਇਹ ਨਹੀਂ ਹੁੰਦਾ


ਠੀਕ ਨਹੀਂ ਹਰ ਮੁੱਦੇ ਉੱਤੇ ਸਦਾ ਸਿਆਸਤ
ਹਰ ਮੁੱਦਾ ਜਮਹੂਰੀ ਹੋਵੇ,ਇਹ ਨਹੀਂ ਹੁੰਦਾ
(ਬਲਜੀਤ ਪਾਲ ਸਿੰਘ)

Sunday, October 14, 2018

ਗ਼ਜ਼ਲਕਦੇ ਹੁੰਦਾ ਗਲਤ ਹਾਂ ਮੈਂ ਕਦੇ ਮੈਂ ਠੀਕ ਹੁੰਦਾ ਹਾਂ
ਕਦੇ ਬਿੰਦੂ ਜਿਹਾ ਹੁੰਦਾਂ ਕਦੇ ਮੈਂ ਲੀਕ ਹੁੰਦਾ ਹਾਂ

ਕਦੇ ਲੱਗਦਾ ਹੈ ਮੈਨੂੰ ਸਿਰਫ ਬੀਆਬਾਨ ਹੀ ਹਾਂ ਮੈਂ
ਕਿ ਫੁੱਟਦੇ ਝਰਨਿਆਂ ਵਾਂਗੂ ਕਦੇ ਰਮਣੀਕ ਹੁੰਦਾ ਹਾਂ

ਬੜਾ ਖਾਮੋਸ਼ ਹੁੰਦਾ ਹਾਂ ਜਿਉਂ ਕਾਲੀ ਰਾਤ ਹੁੰਦੀ ਹੈ
ਕਦੇ ਆਕਾਸ਼ ਅੰਦਰ ਗੂੰਜਦੀ ਮੈਂ ਚੀਕ ਹੁੰਦਾ ਹਾਂ 

ਸਫਰ ਉਹ ਯਾਦ ਆਉਂਦਾ ਹੈ ਜੋ ਨੰਗੇ ਪੈਰ ਤੁਰਿਆ ਸੀ
ਕਦੇ ਬਚਪਨ ਦੇ ਯਾਰੋ ਫਿਰ ਬੜਾ ਨਜ਼ਦੀਕ ਹੁੰਦਾ ਹਾਂ

ਨਜ਼ਰ ਹਸਰਤ ਭਰੀ ਮੈਨੂੰ ਜਦੋਂ ਇਕ ਤੱਕ ਲੈਂਦੀ ਹੈ
ਉਦੋਂ ਫਿਰ ਤਾਰਿਆਂ ਤੇ ਚੰਦ ਦਾ ਪ੍ਰਤੀਕ ਹੁੰਦਾ ਹਾਂ 

ਇਨ੍ਹਾਂ ਦੀ ਕਸ਼ਮਕਸ਼ ਵਿਚ ਮੈਂ ਹਮੇਸ਼ਾਂ ਜੂਝਦਾ ਰਹਿਨਾਂ,
ਹਨੇਰੇ ਸੰਗ ਰਹਿੰਦਾ ਹਾਂ ਜਾਂ ਚਾਨਣ ਤੀਕ ਹੁੰਦਾ ਹਾਂ
(ਬਲਜੀਤ ਪਾਲ ਸਿੰਘ)

ਗ਼ਜ਼ਲ


ਵਕਤ ਨਾਲ ਸਮਝੌਤੇ ਕਰਨੇ ਪੈ ਜਾਂਦੇ ਨੇ 
ਜੇਰਾ ਕਰਕੇ ਦਰਦ ਵੀ ਜਰਨੇ ਪੈ ਜਾਂਦੇ ਨੇ

ਹੋਵੇ ਖਤਾ ਕਿਸੇ ਦੀ ਸਜ਼ਾ ਕਿਸੇ ਨੂੰ ਹੁੰਦੀ
ਬਿਨ ਚਾਹਿਆਂ ਹਰਜਾਨੇ ਭਰਨੇ ਪੈ ਜਾਂਦੇ ਨੇ

ਰਹੇ ਜਿੰਦਗੀ ਦਾ ਖੂਹ ਗਿੜਦਾ ਇਹੀ ਕਾਫੀ ਹੈ
ਖੁਸ਼ੀਆਂ ਖੇੜੇ ਗਹਿਣੇ ਧਰਨੇ ਪੈ ਜਾਂਦੇ ਨੇ

ਤਪਸ਼ ਜਦੋਂ ਹਰਿਆਲੇ ਰਸਤੇ ਦਸਤਕ ਦਿੰਦੀ
ਖਾਬ ਸੰਧੂਰੀ ਪਲ ਵਿਚ ਠਰਨੇ ਪੈ ਜਾਂਦੇ ਨੇ

ਦਮ ਤੋੜੇ ਜਦ ਅੱਧਵਾਟੇ ਹੀ ਕੋਈ ਸੁਪਨਾ 
ਜੀਵਣ ਦੀ ਥਾਂ ਪੱਲੇ ਮਰਨੇ ਪੈ ਜਾਂਦੇ ਨੇ
(ਬਲਜੀਤ ਪਾਲ ਸਿੰਘ)

Friday, October 12, 2018

ਗ਼ਜ਼ਲ

ਇਨ੍ਹਾਂ ਲੋਕਾਂ ਦਾ ਕੀ ਕਰੀਏ ਬੜਾ ਹੀ ਤੰਗ ਕਰਦੇ ਨੇ, 
ਨਵੇਂ ਦਿਨ ਆਣ ਕੇ ਕੋਈ ਨਵੀਂ ਇਹ ਮੰਗ ਕਰਦੇ ਨੇ।

ਜਦੋਂ ਕੁਝ ਬੋਲਦੇ ਹਾਂ ਅੱਗਿਓਂ ਸਰਕਾਰ ਕਹਿੰਦੀ ਹੈ
ਅਸੀਂ ਦੇਖਾਂਗੇ ਅਨੁਸ਼ਾਸ਼ਨ ਨੂੰ ਕਿਹੜੇ ਭੰਗ ਕਰਦੇ ਨੇ

 ਇਹ ਕੰਧਾਂ ਸਾਡੀਆਂ ਨੂੰ ਇਸ਼ਤਿਹਾਰਾਂ ਨਾਲ ਭਰਦੇ ਹਨ
ਕਿ ਚੌਂਕਾਂ ਸਾਡਿਆਂ ਨੂੰ ਇਹ ਨਵੇਂ ਹੀ ਰੰਗ ਕਰਦੇ ਨੇ

ਇੰਨ੍ਹਾਂ ਚੋਰਾਂ ਤੇ ਮੋਰਾਂ ਦੀ ਤੁਸੀਂ ਬਸ ਗੱਲ ਹੀ ਛੱਡੋ 
ਜਦੋਂ ਲੁੱਟਦੇ ਨੇ ਭੋਰਾ ਵੀ ਨਹੀਂ ਇਹ ਸੰਗ ਕਰਦੇ ਨੇ 

ਇੰਨ੍ਹਾਂ ਦਾ ਕੰਮ ਕੋਈ ਵੀ ਸਹੀ ਹੁੰਦਾ ਨਹੀਂ ਤੱਕਿਆ
ਇਵੇਂ ਲੱਗਦਾ ਕਿ ਸਾਰੇ ਕੰਮ ਇਹ ਪੀ ਕੇ ਭੰਗ ਕਰਦੇ ਨੇ

ਇਨਾਂ ਗੈਂਗਸਟਰਾਂ ਦੀ ਉੱਚਿਆਂ ਦੇ ਨਾਲ ਯਾਰੀ ਹੈ 
ਅਜੇਹੇ ਲੋਕ ਮਜ਼ਲੂਮਾਂ ਨੂੰ ਬਹੁਤਾ ਤੰਗ ਕਰਦੇ ਨੇ 

ਅਸਾਡੇ ਲੇਖਕਾਂ ਦੇ ਵਿਚ ਵੀ,”ਮੈੰ ਮੈਂ”,ਦਾ ਖਿਲਾਰਾ ਹੈ
ਬਿਨਾਂ ਹੀ ਕਾਰਨੋਂ ਇਕ ਦੂਸਰੇ ‘ਨਾ ਜੰਗ ਕਰਦੇ ਨੇ

ਬੜਾ ਕਮਜ਼ੋਰ ਹੋ ਚੁੱਕਿਆ 'ਤੇ ਦਾੜ੍ਹੀ ਹੋ ਗਈ ਚਿੱਟੀ
ਤਿਰੇ ਬਲਜੀਤ ਹੁਣ ਲੱਛਣ ਅਸਾਨੂੰ ਦੰਗ ਕਰਦੇ ਨੇ
(ਬਲਜੀਤ ਪਾਲ ਸਿੰਘ)

Sunday, September 30, 2018

ਗ਼ਜ਼ਲਜਿੰਦਗੀ ਨੂੰ ਸਲਾਮ ਮੇਰਾ ਹੈ
ਏਹਦੇ ਕਰਕੇ ਹੀ ਤਾਂ ਸਵੇਰਾ ਹੈ

ਰਹਿਮਤਾਂ ਇਸ ਦੀਆਂ ਦਾ ਸ਼ੁਕਰ ਬੜਾ
ਕਾਇਮ ਤਾਂ ਹੀ ਵਜ਼ੂਦ ਮੇਰਾ ਹੈ

ਜਦ  ਕਦੇ ਇਸਦਾ ਸਾਹਮਣਾ ਹੋਇਆ
ਇਸ ਨੇ ਹੀ ਤਾਂ ਵਧਾਇਆ ਜੇਰਾ ਹੈ

ਲੱਗਦਾ ਏਦਾਂ ਕਦੇ ਨਹੀਂ ਮੈਨੂੰ
ਮੇਰੇ ਜੀਵਨ ਦਾ ਪੰਧ ਲੰਮੇਰਾ ਹੈ

ਐਬ ਕੀ ਕੀ ਗਿਣਾਵਾਂ ਮੈ ਯਾਰੋ?
ਏਥੇ ਗੰਧਲਾ ਬੜਾ ਚੁਫੇਰਾ ਹੈ

ਚਾਂਦਨੀ ਦਾ ਹਾਂ ਮੈਂ ਸਦਾ ਆਸ਼ਿਕ
ਵੈਰੀ ਮੁੱਢ ਤੋਂ  ਰਿਹਾ ਹਨੇਰਾ ਹੈ
(ਬਲਜੀਤ ਪਾਲ ਸਿੰਘ)

Friday, August 17, 2018

ਗ਼ਜ਼ਲ

ਕੰਧਾਂ ਉਤੇ ਲਟਕਦੀਆਂ ਤਸਵੀਰਾਂ ਨੂੰ ਤੱਕ ਲੈਂਦਾ ਹਾਂ
ਰੁੱਸ ਗਈਆਂ ਜੋ ਅੱਧਵਾਟੇ ਤਕਦੀਰਾਂ ਨੂੰ ਤੱਕ ਲੈਂਦਾ ਹਾਂ

 
ਮਸਤੀ ਵਿਚ ਗੁਜ਼ਾਰੇ ਜਿਹੜੇ ਉਹ ਦਿਨ ਚੇਤੇ ਕਰ ਕਰਕੇ
ਵਿਸਰ ਗਈਆਂ ਰੋਹੀਆਂ ਜੰਡ ਕਰੀਰਾਂ ਨੂੰ ਤੱਕ ਲੈਂਦਾ ਹਾਂ


ਡਰ ਲੱਗਦਾ ਕੁਝ ਹਿੰਸਕ ਭੀੜਾਂ ਮੈਨੂੰ ਲੱਭਣ ਤੁਰੀਆਂ ਨੇ
ਸੁਫਨੇ ਦੇ ਵਿਚ ਚਮਕਦੀਆਂ ਸ਼ਮਸ਼ੀਰਾਂ ਨੂੰ ਤੱਕ ਲੈਂਦਾ ਹਾਂ


ਇੱਕ ਖੜੋਤ ਜਹੀ ਨੇ ਅੱਜ ਕੱਲ ਏਦਾਂ ਬੰਨ੍ਹ ਬਿਠਾਇਆ ਹੈ
ਸਫਰਾਂ ਵਿਚ ਮਸਰੂਫ ਬੜੇ ਰਾਹਗੀਰਾਂ ਨੂੰ ਤੱਕ ਲੈਂਦਾ ਹਾਂ


ਬੜਾ ਖ਼ਲਾਅ ਹੈ ਜੀਵਨ ਅੰਦਰ ਭਰਦਾ ਨਜ਼ਰੀਂ ਆਉਂਦਾ ਨਈ
ਆਪਣੇ ਜਿਸਮ ਹੰਢਾਏ ਜ਼ਖ਼ਮਾਂ ਚੀਰਾਂ ਨੂੰ ਤੱਕ ਲੈਂਦਾ ਹਾਂ
(ਬਲਜੀਤ ਪਾਲ ਸਿੰਘ)

Saturday, June 16, 2018

ਗਜ਼ਲ


ਬਹੁਤਾ ਵਕਤ ਗਵਾ ਲੈਂਦੇ ਹਾਂ ਟੱਚ ਮੋਬਾਇਲ ਉੱਤੇ
ਆਪਣਾ ਰੋਗ ਵਧਾ ਲੈਂਦੇ ਹਾਂ ਟੱਚ ਮੋਬਾਇਲ ਉੱਤੇ

ਫੇਸਬੁਕ ਤੇ ਵਟਸਪ ਵਰਗੇ ਪੰਨਿਆਂ  ਦੇ ਸੰਗ ਸੰਗ
ਮਿੱਤਰ ਨਵੇਂ ਬਣਾ ਲੈਂਦੇ ਹਾਂ ਟੱਚ ਮੋਬਾਇਲ ਉੱਤੇ

ਜਿਸਨੂੰ ਕਦੇ ਨਾ ਤੱਕਿਆ ਹੋਵੇ ਉਸ ਅਜਨਬੀ ਨਾਲ
ਦੁਖ ਸੁਖ ਰੋਜ ਵਟਾ ਲੈਂਦੇ ਹਾਂ ਟੱਚ ਮੋਬਾਇਲ ਉੱਤੇ

ਨਵੇਂ ਪੋਜ਼ ਵਿਚ ਨਿੱਤ ਦਿਹਾੜੇ ਖਿੱਚ ਖਿੱਚ ਕੇ ਫੋਟੋ
ਡੀ ਪੀ ਤੇ ਚਿਪਕਾ ਲੈਂਦੇ ਹਾਂ ਟੱਚ ਮੋਬਾਇਲ ਉੱਤੇ

ਨਵਾਂ ਚਮਕਦਾ ਮਹਿੰਗੇ ਮੁੱਲ ਦਾ ਲੈ ਕੇ ਤਾਜ਼ਾ ਮਾਡਲ
ਪੈਸੇ ਰੋਜ ਲੁਟਾ ਲੈਂਦੇ ਹਾਂ ਟੱਚ ਮੋਬਾਇਲ ਉੱਤੇ

ਕਿਸੇ ਹੋਰ ਦੀ ਪੋਸਟ ਨੂੰ ਹੀ ਕਰਕੇ ਕਾਪੀ ਪੇਸਟ
ਝੁੱਗਾ ਚੌੜ ਕਰਾ ਲੈਂਦੇ ਹਾਂ ਟੱਚ ਮੋਬਾਇਲ ਉੱਤੇ

ਲਿਖੀਏ ਚਾਰ ਕੁ ਸਤਰਾਂ ਵਾਹ ਵਾਹ ਕਰਦੇ ਨੇ ਮਿੱਤਰ

ਆਪਾਂ ਹੋਰ ਹਵਾ ਲੈਂਦੇ ਹਾਂ ਟੱਚ ਮੋਬਾਇਲ ਉੱਤੇ
(ਬਲਜੀਤ ਪਾਲ ਸਿੰਘ)