Friday, June 23, 2017

ਗ਼ਜ਼ਲ


ਉਂਜ ਤਾਂ ਸੱਚ ਕੀ ਬਾਣੀ ਪੜ੍ਹਦੇ ਕੂੜ ਫੈਲਾਉਂਦੇ ਸਾਰੇ ਦੇਖੇ
ਸਿਦਕ ਸਬਰ ਨੂੰ ਵਿਰਲਾ ਮੰਨੇ ਲੁੱਟ ਮਚਾਉਂਦੇ ਸਾਰੇ ਦੇਖੇ

ਹੱਥੀਂ ਕੰਮ ਕਰਨ ਦੀ ਆਦਤ ਬਹੁਗਿਣਤੀ ਦੇ ਵਿਚੋਂ ਗਾਇਬ
ਧਨ ਹੋਵੇਗਾ ਹਾਸਿਲ ਕਿੱਦਾਂ ਹਵਨ ਕਰਾਉਂਦੇ ਸਾਰੇ ਦੇਖੇ

ਬਸਤੀ ਅੰਦਰ ਅੱਖੀਂ ਵੇਖੇ ਢਿਡੋਂ ਭੁੱਖੇ ਰੁਲਦੇ ਬਾਲਕ
ਐਪਰ ਕੋਈ ਨਾ ਹੌਕਾ ਭਰਦਾ ਡੰਗ ਟਪਾਉਂਦੇ ਸਾਰੇ ਦੇਖੇ

ਸ਼ੁਹਰਤ ਹੋਵੇ ਪੱਲੇ ਜੇਕਰ,ਸਾਰੇ ਹੀ ਪਾ ਲੈਣ ਸਕੀਰੀ
ਜਦ ਗੁਰਬਤ ਨੇ ਘੇਰਾ ਪਾਇਆ ਯਾਰ ਭੁਲਾਉਂਦੇ ਸਾਰੇ ਦੇਖੇ

ਕੰਮ ਕਾਰ ਨਾ ਕੋਈ ਲੱਭਿਆ,ਸੋਚਿਆ ਬਾਬੇ ਬਣ ਜਾਂਦੇ ਹਾਂ
ਤੱਕਿਆ ਜੇਕਰ ਜਾ ਕੇ ਡੇਰੇ ਸੀਸ ਝੁਕਾਉਂਦੇ ਸਾਰੇ ਦੇਖੇ

ਯੁੱਗ ਦੇ ਵਿਚ ਪਦਾਰਥ ਨੇ ਹੀ ਚਾਰੇ ਪਾਸੇ ਧਾਂਕ ਜਮਾਈ
ਪੈਸੇ ਖਾਤਿਰ ਰਿਸ਼ਤੇ ਨਾਤੇ ਸਾਂਝ ਮੁਕਾਉਂਦੇ ਸਾਰੇ ਦੇਖੇ

ਇਕ ਦਿਨ ਪਰਲੋ ਆ ਜਾਣੀ ਹੈ ਅਨਪੜ੍ਹ ਲੋਕੀਂ ਦੇਣ ਡਰਾਵਾ
ਬਿਨ ਇਲਮਾਂ ਤੋ ਐਵੇ ਦੇਖੋ ਜਾਨ ਸੁਕਾਉਂਦੇ ਸਾਰੇ ਦੇਖੇ

ਕਿਸੇ ਕਿਸੇ ਦੇ ਹਿੱਸੇ ਆਇਆ ਫੁੱਲ ਉਗਾਉਣੇ ਮਹਿਕ ਉਡਾਉਣੀ
ਵੈਸੇ ਘਰ ਅੰਦਰ ਮਸਨੂਈ ਫੁੱਲ ਸਜਾਉਂਦੇ ਸਾਰੇ ਦੇਖੇ

ਬੜਾ ਹੀ ਔਖਾ ਆਪਣੇ ਬਲ ਤੇ ਨਾਲ ਬੁਰਾਈ ਹਰ ਦਮ ਲੜਨਾ
ਭੀੜ ਬਣੀ ਜਦ ਹੋਰਾਂ ਉਤੇ ਆਸ ਟਿਕਾਉਂਦੇ ਸਾਰੇ ਦੇਖੇ

ਪੁਸ਼ਤੈਨੀ ਘਰ ਛੱਡ ਦੇਣੇ ਦੀ ਭਾਵੇਂ ਹੈ ਮਜ਼ਬੂਰੀ ਹੁੰਦੀ
ਘਰੋਂ ਦੂਰ ਪ੍ਰਦੇਸੀਂ ਜਾ ਕੇ ਘਰ ਵਸਾਉਂਦੇ ਸਾਰੇ ਦੇਖੇ

ਜਿਗਰੀ ਯਾਰ ਨਾ ਕੋਈ ਮਿਲਿਆ ਮੂੰਹ ਮੁਲਾਹਜੇ ਉਤੋਂ ਉਤੋਂ
ਗਰਜ਼ਾਂ ਲਈ ਬਲਜੀਤ ਪਾਲ ਜੀ ਅਣਖ ਗੁਆਉਂਦੇ ਸਾਰੇ ਦੇਖੇ

(ਬਲਜੀਤ ਪਾਲ ਸਿੰਘ)

Tuesday, June 20, 2017

ਗ਼ਜ਼ਲ


ਬਹੁਤ ਹੁਸ਼ਿਆਰ ਹੈ ਹਾਕਮ ਜੋ ਅੱਗ ਨੂੰ ਵੀ ਹਵਾ ਦੇਵੇ
ਉਹ ਬਹਿ ਕੇ ਰਾਜ ਗੱਦੀ ਤੇ ਲੋਕਾਈ ਨੂੰ ਦਗਾ ਦੇਵੇ

ਬੜਾ ਹੀ ਠੀਕ ਹੈ ਇਹ ਰਾਜ ਦਾ ਪ੍ਰਬੰਧ ਉਹਦੇ ਲਈ
ਕਿ ਜਰੀਏ ਚੋਣ ਦੇ ਉਸ ਨੂੰ ਇਹ ਕੁਰਸੀ ਤੇ ਬਿਠਾ ਦੇਵੇ

ਜਦੋਂ ਰੁਜ਼ਗਾਰ ਤੇ ਗੁਰਬਤ ਦਾ ਮਸਲਾ ਹੱਲ ਨਾ ਹੋਇਆ
ਉਹ ਲੈ ਕੇ ਨਾਮ ਗਉਆਂ ਦਾ ਨਵਾਂ ਨਾਅਰਾ ਲਗਾ ਦੇਵੇ

ਹਮੇਸ਼ਾ ਵਰਤ ਲੈਂਦਾ ਹੈ ਧਰਮ ਨੂੰ ਵੰਡੀਆਂ ਖਾਤਿਰ
ਕਦੇ ਮੰਦਰ ਕਦੇ ਮਸਜਦ ਲਈ ਲੋਕਾਂ ਨੂੰ ਲੜਾ ਦੇਵੇ

ਸਤਾਏ ਭੁੱਖ ਦੇ ਲੋਕਾਂ ਨੇ ਜਦ ਵੀ ਰੋਸ ਹੈ ਕੀਤਾ
ਪੁਲਿਸ ਤੇ ਫੌਜ ਤੋਂ ਭੀੜਾਂ ਤੇ ਉਹ ਡੰਡੇ ਪਵਾ ਦੇਵੇ

ਜਦੋਂ ਲੋਕਾਂ ਦੇ ਹੱਕਾਂ ਲਈ ਕੋਈ ਲਹਿਰਾ ਦਏ ਪਰਚਮ
ਕਹਾਣੀ ਝੂਠ ਦੀ ਘੜਕੇ ਉਹਨੂੰ ਅੰਦਰ ਕਰਾ ਦੇਵੇ

ਜਦੋਂ ਵੀ ਵਕਤ ਚੋਣਾਂ ਦਾ ਜ਼ਰਾ ਨਜ਼ਦੀਕ ਆ ਜਾਂਦਾ
ਨਵਾਂ ਹੀ ਲਾਰਿਆਂ ਦਾ ਫਿਰ ਕੋਈ ਚਿੱਠਾ ਫੜਾ ਦੇਵੇ

ਕਈ ਅਭਿਆਨ ਛੇੜੇ ਨੇ ਸਕੀਮਾਂ ਬਹੁਤ ਘੜ ਲੈਂਦਾ
ਇਹ ਪਾਵੇ ਚੋਗ ਵੋਟਾਂ ਲਈ ਕਲਾ ਸੁੱਤੀ ਜਗਾ ਦੇਵੇ

ਇਹ ਉਸਦਾ ਵਹਿਮ ਹੈ ਸ਼ਾਇਦ ਕਿ ਸੁੱਤੇ ਰਹਿਣਗੇ ਲੋਕੀਂ
ਕਿ ਰੋਹ ਲੋਕਾਂ ਦਾ ਅਕਸਰ ਹੀ ਸਿੰਘਾਸਨ ਨੂੰ ਹਿਲਾ ਦੇਵੇ


(ਬਲਜੀਤ ਪਾਲ ਸਿੰਘ)

Tuesday, June 13, 2017

ਗ਼ਜ਼ਲ



ਖੇਤਾਂ ਤੇ ਪਾਲੀਆਂ ਨੂੰ ਮੂਲੋਂ ਵਿਸਾਰ ਦਿੱਤਾ
ਘਟੀਆ ਸਿਆਸਤਾਂ ਨੇ ਕਿਰਸਾਨ ਮਾਰ ਦਿੱਤਾ

ਪੇਂਡੂ ਸੀ ਹਲ ਚਲਾਉਂਦੇ ਜਿਹੜੀ ਜ਼ਮੀਨ ਉਤੇ
ਓਸੇ ਤੇ ਕਾਰਖਾਨਾ ਕਿਸਨੇ ਉਸਾਰ ਦਿੱਤਾ


ਏਦਾਂ ਨੇ ਮਹਿੰਗੇ ਕੀਤੇ ਖਾਦਾਂ ਤੇ ਬੀਜ ਸੇਠਾਂ
ਅੰਨਦਾਤਿਆਂ ਨੂੰ ਮੌਤਾਂ ਸਾਹਵੇਂ ਉਲਾਰ ਦਿੱਤਾ


ਕੋਈ ਤਾਂ ਹੋਣੀ ਮੁਸ਼ਕਿਲ ਆਲੂ ਪਿਆਜ਼ ਤਾਈਂ
ਮੰਡੀ ਤੋਂ ਪਹਿਲਾਂ ਸੜਕਾਂ ਉਤੇ ਖਲਾਰ ਦਿੱਤਾ


ਕੋਝੀ ਹਮੇਸ਼ਾ ਨੀਤੀ ਰਹਿੰਦੀ ਹੈ ਹਾਕਮਾਂ ਦੀ
ਕਿ ਨਿਜ਼ਾਮ ਜਿਸਨੇ ਸਾਨੂੰ ਐਨਾ ਬਿਮਾਰ ਦਿੱਤਾ


ਆਨੰਦ ਮਾਣਦੇ ਜੋ ਬਹਿ ਗੋਲ ਭਵਨ ਅੰਦਰ
ਲੋਕਾਂ ਜੇ ਹੱਕ ਮੰਗੇ ਉਹਨਾਂ ਨਕਾਰ ਦਿੱਤਾ


ਭੋਲੀ ਤੇ ਸਾਊ ਜਨਤਾ ਓਸੇ ਤੋਂ ਖਾਵੇ ਠੱਗੀ
ਚੋਣਾਂ ਦੇ ਵਕਤ ਜਿਸਨੇ ਝੂਠਾ ਕਰਾਰ ਦਿੱਤਾ


ਆਵਾਮ ਜਾਗ ਪੈਣੇ ਆਖਿਰ ਸਤਾਏ ਹੋਏ
ਪਛਤਾਉਣਗੇ ਉਹ ਜਿੰਨ੍ਹਾ ਸਿਸਟਮ ਨਿਘਾਰ ਦਿੱਤਾ

(ਬਲਜੀਤ ਪਾਲ ਸਿੰਘ)

Friday, June 9, 2017

ਗ਼ਜ਼ਲ



ਸਾਦੇ ਜੀਵਨ ਨੂੰ ਉਲਝਾਈ ਫਿਰਦੇ ਹਾਂ
ਖੁਦ ਨੂੰ ਲੰਬੜਦਾਰ ਬਣਾਈ ਫਿਰਦੇ ਹਾਂ

ਭੋਰਾ ਵਿਹਲ ਨਹੀਂ ਸਾਨੂੰ ਖੁਦਗਰਜ਼ੀ ਤੋਂ
ਨਾਂਅ ਪਿੱਛੇ ਦਾਨੀ ਲਿਖਵਾਈ ਫਿਰਦੇ ਹਾਂ

ਇਸ ਦੁਨੀਆਂ ਵਿਚ ਸਾਡੇ ਕੌਣ ਬਰਾਬਰ ਹੈ
ਹਊਮੇਂ ਵਿਚ ਗਰਦਨ ਅਕੜਾਈ ਫਿਰਦੇ ਹਾਂ

ਅੰਦਰ ਨਫਰਤ ਪਰ ਬਾਹਰੋਂ ਝੂਠੀ ਮੂਠੀ
ਚਿਹਰੇ ਤੇ ਮੁਸਕਾਨ ਲਿਆਈ ਫਿਰਦੇ ਹਾਂ

ਕਾਲੇ ਧੰਦੇ ਕਰਦੇ ਹਾਂ ਪਰਦੇ ਉਹਲੇ
ਚਿੱਟਾ ਬਾਣਾ ਯਾਰ ਸਜਾਈ ਫਿਰਦੇ ਹਾਂ

ਬੇਚੈਨੀ ਹੈ ਰਾਤਾਂ ਨੂੰ ਵੀ ਨੀਂਦ ਨਹੀਂ
ਸੀਨੇ ਅੰਦਰ ਰਾਜ਼ ਛੁਪਾਈ ਫਿਰਦੇ ਹਾਂ

ਫੇਸ ਬੁੱਕ ਦੇ ਨਿੱਜੀ ਪੰਨੇ ਉਤੇ ਵੀ
ਨਕਲੀ ਇਕ ਤਸਵੀਰ ਲਗਾਈ ਫਿਰਦੇ ਹਾਂ


(ਬਲਜੀਤ ਪਾਲ ਸਿੰਘ)

Thursday, June 1, 2017

ਤੁਕਬੰਦੀ-ਲੋਕ ਰੰਗ



ਪੱਕੀਆਂ ਸੜਕਾਂ ਉਤੇ ਚੱਲਣ
ਗੱਡੀਆਂ, ਮੋਟਰ, ਠੇਲ੍ਹੇ

ਮਿਲਦੇ ਸਾਰੀ ਦੁਨੀਆਂ ਅੰਦਰ
ਗੋਭੀ, ਆਲੂ, ਕੇਲੇ

ਤਿੰਨੋ ਮਿਲਦੇ ਵਿਚ ਉਜਾੜਾਂ
ਪੀਲੂੰ, ਬੇਰ ਤੇ ਡੇਲੇ

ਇੱਜੜ ਵਿਚ ਹੀ ਚੰਗੇ ਲੱਗਣ
ਬੱਕਰੀ ,ਭੇਡ ਤੇ ਲੇਲੇ

ਹੁਸਨ ਇਸ਼ਕ ਲਈ ਚੰਗੀਆਂ ਥਾਵਾਂ
ਰੋਹੀਆਂ, ਜੰਗਲ, ਬੇਲੇ

ਤਲਿਆਂ ਬਹੁਤ ਸੁਆਦੀ ਲੱਗਣ
ਭਿੰਡੀ, ਟਿੰਡੇ, ਕਰੇਲੇ

ਮੰਡੀ ਦੇ ਵਿਚ ਲੋੜ ਹੈ ਪੈਂਦੀ
ਰੁਪਈਏ ,ਨਕਦੀ, ਧੇਲੇ

ਨੀਂਦ ਬਿਨਾਂ ਇਹ ਕਿਹੜੇ ਕੰਮ
ਰਜਾਈਆਂ, ਬੈਡ, ਗਦੇਲੇ

ਗੁੰਮ ਹੋਏ ਨੇ ਪਿੰਡਾਂ ਵਿਚੋਂ
ਤੀਆਂ, ਛਿੰਜਾਂ, ਮੇਲੇ

(ਬਲਜੀਤ ਪਾਲ ਸਿੰਘ)

ਗ਼ਜ਼ਲ

ਪਿਆਰ ਦਿਲਾਸਾ ਖੁਸ਼ੀ ਦਲੇਰੀ ਮਿਲਦੀ ਹੈ
ਮਹਿਰਮ ਕੋਲੋਂ ਹੱਲਾ-ਸ਼ੇਰੀ ਮਿਲਦੀ ਹੈ
ਚਾਹੀ ਜਦ ਵੀ ਆਮਦ ਕਿਣ ਮਿਣ ਕਣੀਆਂ ਦੀ
ਕਿਸੇ ਦਿਸ਼ਾ ਤੋਂ ਫੇਰ ਹਨੇਰੀ ਮਿਲਦੀ ਹੈ
ਲੋਕੀਂ ਸੱਚੇ ਸੁੱਚੇ ਵਿਰਲੇ ਟਾਵੇਂ ਨੇ
ਸਭ ਥਾਵਾਂ ਤੇ ਹੇਰਾਫੇਰੀ ਮਿਲਦੀ ਹੈ
ਭਾਂਵੇਂ ਸਦੀਆਂ ਹੋਈਆਂ ਮਿਲਿਆਂ ਸੱਜਣ ਨੂੰ
ਫਿਰ ਵੀ ਉਸਦੀ ਯਾਦ ਬਥੇਰੀ ਮਿਲਦੀ ਹੈ
ਮੋਤੀ ਉਹਨਾਂ ਸ਼ਾਇਦ ਕੋਈ ਪੁੰਨ ਕੀਤੇ
ਜਿੰਨਾ ਤਾਈਂ ਰੁੱਤ ਸੁਨਹਿਰੀ ਮਿਲਦੀ ਹੈ
ਹੋਵੇ ਜਦੋਂ ਭਰੋਸਾ ਟਿਕਿਆ ਦੋ ਪਾਸੇ
ਰਿਸ਼ਤੇ ਨੂੰ ਫਿਰ ਗੰਢ ਪਕੇਰੀ ਮਿਲਦੀ ਹੈ
ਥੋੜਾ ਬਹੁਤ ਸਕੂਨ ਕਦੇ ਜੇ ਮਿਲ ਜਾਵੇ
ਪੀਡ਼ਾਂ ਦੀ ਵੀ ਨਾਲ ਪੰਸੇਰੀ ਮਿਲਦੀ ਹੈ
(ਬਲਜੀਤ ਪਾਲ ਸਿੰਘ)