Saturday, November 14, 2015

ਗ਼ਜ਼ਲ

ਜੋ ਵੇਖੇ ਖ਼ਾਬ ਅੱਖਾਂ ਨੇ ਅਧੂਰੇ ਰਹਿ ਗਏ ਸਾਰੇ
ਮਿਰੇ ਅਰਮਾਨ ਹੰਝੂ ਬਣ ਕਦੋਂ ਦੇ ਵਹਿ ਗਏ ਸਾਰੇ..
ਸਤਾਇਆ ਇਸ ਤਰ੍ਹਾਂ ਉਹਨਾਂ ਕਿ ਸਾਹ ਸਤ ਵੀ ਨਹੀਂ ਬਾਕੀ,
ਅਸੀਂ ਚੁਪ ਚਾਪ ਫਿਰ ਵੀ ਸਿਤਮ ਯਾਰੋ ਸਹਿ ਗਏ ਸਾਰੇ..
ਕਿਸੇ ਰੰਗੀਨ ਬਸਤੀ ਦੀ ਉਸਾਰੀ ਦਾ ਇਰਾਦਾ ਸੀ,
ਉਹ ਸੁਪਨੇ ਰੇਤ ਦੇ ਘਰ ਵਾਂਗ ਵਿੰਹਦੇ ਢਹਿ ਗਏ ਸਾਰੇ..
ਜਦੋਂ ਵੀ ਦਿਲ ਕਰੇ ਪਰਖੀਂ ਤਿਰੇ ਤੋਂ ਜਾਨ ਵਾਰਾਂਗੇ,
ਜੋ ਕਹਿੰਦੇ ਸੀ, ਮੁਸੀਬਤ ਵਕਤ ਵੇਖੇ, ਬਹਿ ਗਏ ਸਾਰੇ..
ਬੜੀ ਛੇਤੀ ਬਦਲ ਜਾਂਦੇ ਓਹ ਜੋ ਨੇ ਆਪਣੇ ਹੁੰਦੇ,
ਇਹ ਬਾਤਾਂ ਸੱਚੀਆਂ 'ਬਲਜੀਤ' ਪਹਿਲਾਂ ਕਹਿ ਗਏ ਸਾਰੇ..
(ਬਲਜੀਤ ਪਾਲ ਸਿੰਘ)

Tuesday, September 15, 2015

ਗ਼ਜ਼ਲ

ਆ ਲੜੀਏ ਵਿਭਚਾਰਾਂ ਨਾਲ
ਤਾਨਾਸ਼ਾਹ ਸਰਕਾਰਾਂ ਨਾਲ

ਛੱਡ ਕੇ ਕੱਛੂਕੁੰਮਾ ਚਾਲ
ਰਲੀਏ ਸ਼ਾਹ ਅਸਵਾਰਾਂ ਨਾਲ

ਯਾਰ ਛੁਪਾ ਨਾ ਦਿਲ ਦੀ ਗੱਲ
ਕਰ ਸਾਂਝੀ ਦਿਲਦਾਰਾਂ ਨਾਲ

ਨਿਪਟ ਲਵਾਂਗੇ ਮਿਲ ਜੁਲ ਕੇ
ਸਭ ਮਾੜੇ ਕਿਰਦਾਰਾਂ ਨਾਲ

ਮੰਗੇ ਤੋਂ ਜੇ ਹੱਕ ਮਿਲੇ ਨਾ
ਖੋਹ ਲੈਣੇ ਤਲਵਾਰਾਂ ਨਾਲ

ਮੰਜ਼ਿਲ ਸਾਹਵੇਂ ਹੈ ਬਲਜੀਤ
ਖੇਡਾਂਗੇ ਗੁਲਜ਼ਾਰਾਂ ਨਾਲ

(ਬਲਜੀਤ ਪਾਲ ਸਿੰਘ)

Tuesday, September 1, 2015

ਗ਼ਜ਼ਲ

ਉਲਝ ਗਈ ਹੈ ਤਾਣੀ ਵੇਖਾਂ
ਸਿਰ ਤੋਂ ਲੰਘਿਆ ਪਾਣੀ ਵੇਖਾਂ

ਅੱਖਾਂ ਮੀਟ ਕੇ ਵੋਟਾਂ ਪਾਉਂਦੀ
ਖਲਕਤ ਅੰਨੀ ਕਾਣੀ ਵੇਖਾਂ

ਵਿਹਲੇ ਰਹਿਣ ਸਮੈਕਾਂ ਪੀਂਦੇ
ਮੁਸ਼ਟੰਡਿਆਂ ਦੀ ਢਾਣੀ ਵੇਖਾਂ

ਵਿਚ ਕਚਿਹਰੀ ਬੰਦੇ ਦੀ ਮੈਂ
ਹੁੰਦੀ ਕੁੱਤੇ-ਖਾਣੀ ਵੇਖਾਂ

ਮਸਲਾ ਹੱਲ ਕਦੇ ਨਾ ਹੋਵੇ
ਪਾਣੀ ਵਿਚ ਮਧਾਣੀ ਵੇਖਾਂ

ਕਿੰਜ ਪਲੀਤ ਅਸਾਂ ਨੇ ਕੀਤੇ
ਮਿੱਟੀ ਵਾ ਤੇ ਪਾਣੀ ਵੇਖਾਂ

ਧਰਮੀ ਬਣ ਪਾਖੰਡੀ ਬਾਬੇ
ਵੇਚੀ ਜਾਂਦੇ ਬਾਣੀ ਵੇਖਾਂ


(ਬਲਜੀਤ ਪਾਲ ਸਿੰਘ)

Sunday, August 23, 2015

ਗ਼ਜ਼ਲ

ਕਦੇ ਮੈਨੂੰ ਭੁਲਾਅ ਦੇਵੇਂ ਮਗਰ ਇਹ ਹੋ ਨਹੀਂ ਸਕਣਾ
ਕਿ ਖਤ ਮੇਰੇ ਮਚਾ ਦੇਵੇਂ ਮਗਰ ਇਹ ਹੋ ਨਹੀ ਸਕਣਾ


ਦਿਲੇ ਨੂੰ ਚਾਕ ਕਰ ਦੇਵੇਂ, ਬੜਾ ਤੈਨੂੰ ਤਜਰਬਾ ਹੈ
ਜ਼ਰਾ ਟਾਕੀ ਜੇ ਲਾ ਦੇਵੇਂ ਮਗਰ ਇਹ ਹੋ ਨਹੀਂ ਸਕਣਾ


ਹਵਾ ਸੰਗੀਤ ਵੀ ਹੁੰਦੀ ਹੈ ਐਪਰ ਤੂੰ ਨਹੀਂ ਵਾਕਿਫ
ਜੇ ਸੁਰ ਅਪਣਾ ਮਿਲਾ ਦੇਵੇਂ ਮਗਰ ਇਹ ਹੋ ਨਹੀਂ ਸਕਣਾ


ਬੜੇ ਹੀ ਭਟਕਦੇ ਫਿਰਦੇ ਮੁਸਾਫਿਰ ਸ਼ਹਿਰ ਦੇ ਅੰਦਰ,
ਕੋਈ ਰਸਤਾ ਵਿਖਾ ਦੇਵੇਂ ਮਗਰ ਇਹ ਹੋ ਨਹੀਂ ਸਕਣਾ


ਪਰਿੰਦੇ ਰੋਜ਼ ਆਉਂਦੇ ਨੇ ਤਿਰੇ ਦਰ ਤੇ ਉਮੀਦਾਂ ਲੈ
ਜਰਾ ਚੋਗਾ ਖਿਲਾਅ ਦੇਵੇਂ ਮਗਰ ਇਹ ਹੋ ਨਹੀਂ ਸਕਣਾ


ਹਿਜਰ ਦੀ ਅੱਗ ਧੁਖਦੀ ਹੈ ਨਾ ਬਲਦੀ ਹੈ ਨਾ ਬੁਝਦੀ ਹੈ
ਮਚਾਅ ਦੇ ਜਾਂ ਬੁਝਾਅ ਦੇਵੇਂ ਮਗਰ ਇਹ ਹੋ ਨਹੀਂ ਸਕਣਾ


ਸੁਣੋ ਮੈਂ ਮੰਨਦਾਂ ਹਾਂ ਮੈਂ ਸਵੇਰੇ ਸ਼ਾਮ ਪੀਂਦਾ ਹਾਂ
ਕਿਤੇ ਪੀਣੋ ਹਟਾ ਦੇਵੇਂ ਮਗਰ ਇਹ ਹੋ ਨਹੀਂ ਸਕਣਾ
{ਬਲਜੀਤ ਪਾਲ ਸਿੰਘ}

Monday, August 17, 2015

ਗ਼ਜ਼ਲ


 ਚਲੋ ਹੁਣ ਸਾਫ ਕਹਿੰਦਾ ਹਾਂ ਜ਼ਮਾਨਾ ਰਾਸ ਨਈਂ ਆਇਆ
ਕਿ ਤਾਜ਼ੀ ਪੌਣ ਦਾ ਬੁੱਲਾ ਕਦੇ ਵੀ ਪਾਸ ਨਈਂ ਆਇਆ

ਬੜੇ ਮਿਲਦੇ ਰਹੇ ਲੋਕੀਂ ਸਫਰ ਵਿਚ ਚਲਦਿਆਂ ਭਾਵੇਂ
ਮਿਰੇ ਦਰਦਾਂ ਨੂਂ ਜਾਣੇ ਜੋ,ਕੋਈ ਵੀ ਖਾਸ ਨਈਂ ਆਇਆ

ਸਦਾ ਹਾਰੀ ਹੈ ਬਾਜ਼ੀ ਜਿੱਤ ਦੇ ਨਜ਼ਦੀਕ ਪਹੁੰਚੇ ਤੋਂ
ਜੋ ਦੇਵੇ ਜਿੱਤ ਖੁਸ਼ੀਆਂ ਦੀ ਅਜਿਹਾ ਟਾਸ ਨਈਂ ਆਇਆ

ਅਡੰਬਰ ਵਧ ਗਏ ਬਹੁਤੇ ਨਹੀਂ ਇਨਸਾਫ ਵੀ ਕਿਧਰੇ
ਇਹਨਾਂ ਜ਼ੁਲਮਾਂ ਤੇ ਪਾਪਾਂ ਦਾ ਕਰੇ ਜੋ ਨਾਸ ਨਈਂ ਆਇਆ

ਕਲੇਜੇ ਚੀਸ ਪੈਂਦੀ ਹੈ ਫੱਟ ਵੀ ਯਾਰ ਨੇ ਦਿੱਤੇ
ਅਜੇ ਅਣਸੀਤਿਆਂ ਜ਼ਖਮਾਂ ਤੇ ਭੋਰਾ ਮਾਸ ਨਈਂ ਆਇਆ


                          (ਬਲਜੀਤ ਪਾਲ ਸਿੰਘ)

Wednesday, July 1, 2015

ਗ਼ਜ਼ਲ

ਜ਼ਰਾ ਸੁਣਿਓ ਮੇਰੇ ਲੋਕੋ ਕਹਾਣੀ ਕਹਿਣ ਲੱਗਾ ਹਾਂ
ਕਿ ਆਦਤ ਹੋ ਗਈ ਹੈ ਹਰ ਬੁਰਾਈ ਸਹਿਣ ਲੱਗਾ ਹਾਂ

ਇਲਮ ਹੋਇਆ ਜਦੋਂ ਮੈਨੂੰ ਇਹ ਸਰਕਾਰਾਂ ਚਲਾਉਂਦੇ ਨੇ
ਅਖੌਤੀ ਬਾਬਿਆਂ ਦੇ ਹੋਰ ਨੇੜੇ ਬਹਿਣ ਲੱਗਾ ਹਾਂ

ਬੜਾ ਹੀ ਯੁੱਧ ਲੜਿਆ ਹੈ ਮੈਂ ਜਿੱਤਣ ਲਈ,ਨਹੀ ਜਿੱਤਿਆ
ਵਕਤ ਦੇ ਰਹਿਬਰਾਂ ਹੱਥੋਂ ਮੈਂ ਆਖਿਰ ਢਹਿਣ ਲੱਗਾ ਹਾਂ

ਮੈਂ ਪੱਤਾ ਹਾਂ ਡਿੱਗਿਆ ਹਾਂ ਨਦੀ ਕੰਢੇ ਦੇ ਰੁੱਖ ਉਤੋਂ
ਬੜਾ ਤਾਰੂ ਸਾਂ ਐਪਰ ਪਾਣੀਆਂ ਸੰਗ ਵਹਿਣ ਲੱਗਾ ਹਾਂ

ਕਰੀਰਾਂ ਨਾਲ ਕੇਲੇ ਦਾ ਤਾਂ ਖਹਿਣਾ ਠੀਕ ਨਹੀਂ ਭਾਵੇਂ
ਮੇਰੀ ਫਿਤਰਤ ਹੈ ਕਿ ਮੈਂ ਬੁਰੇ ਸੰਗ ਖਹਿਣ ਲੱਗਾ ਹਾਂ

ਬੜੀ ਹੀ ਦੂਰ ਤੈਥੋਂ ਤੁਰ ਗਿਆ ਹਾਂ ਫੇਰ ਵੀ ਬਲਜੀਤ
ਮੈਂ ਤੇਰੀ ਯਾਦ ਵਿਚ ਹੁਣ ਹੋਰ ਡੂੰਘਾ ਲਹਿਣ ਲੱਗਾ ਹਾਂ
(ਬਲਜੀਤ ਪਾਲ ਸਿੰਘ)

Wednesday, May 13, 2015

ਗ਼ਜ਼ਲ

ਜ਼ਰਾ ਕੁ ਤਾਜ਼ਗੀ ਆਈ ਹੈ ਬਾਸੇ ਰਿਸ਼ਤਿਆਂ ਅੰਦਰ
ਕਿ ਹਿਲਜੁਲ ਹੋਣ ਲੱਗੀ ਹੈ ਖਲੋਤੇ ਪੁਰਜਿਆਂ ਅੰਦਰ

ਚਲੋ ਆਪਾਂ ਵੀ ਉੱਠ ਕੇ ਬੀਜੀਏ ਫੁੱਲਾਂ ਦੇ ਕੁਝ ਪੌਦੇ
ਕਦੇ ਜੋ ਪਰਤ ਨਾ ਆਏ ਉਦਾਸੀ ਗੁਲਸਿਤਾਂ ਅੰਦਰ

ਝਗੜੇ ਆਮ ਹੋਏ ਨੇ ਹਮੇਸ਼ਾ ਲੱਗਦੀਆਂ ਅੱਗਾਂ
ਇਹ ਕੈਸੀ ਜੰਗ ਜਾਰੀ ਹੈ ਧਰਮ ਦੇ ਰਹਿਬਰਾਂ ਅੰਦਰ

ਹੁਣ ਤਾਂ ਕੰਮ ਵੀ ਕਰਦੇ ਨੇ ਧੌਣਾਂ ਸੁੱਟ ਕੇ ਲੋਕੀਂ
ਜਰਾ ਵੀ ਹੌਸਲਾ ਬਚਿਆ ਨਹੀਂ ਹੁਣ ਕਿਰਤੀਆਂ ਅੰਦਰ

ਕਈ ਬੰਦੇ ਜਿੰਨਾ ਨੂੰ ਅਕਲ ਭੋਰਾ ਵੀ ਨਹੀਂ ਹੁੰਦੀ
ਕਿਵੇਂ ਘੁਸਪੈਠ ਕਰ ਬੈਠੇ ਨੇ ਉੱਚੇ ਦਫਤਰਾਂ ਅੰਦਰ

ਇਹ ਭਾਵੇਂ ਸੱਚ ਹੈ ਕਿ ਥੋੜੇ ਪਲ ਹੀ ਏਸ ਥਾਂ  ਗੁਜ਼ਰੇ
ਜਿਕਰ ਪਰ ਦੇਰ ਤੱਕ ਰਹਿਣਾ ਹੈ ਸਾਡਾ ਮਹਿਫਲਾਂ ਅੰਦਰ

ਅਸੀਂ ਇਹ ਸੋਚ ਕੇ ਡਰੀਏ ਕਿ ਅੱਗੇ ਰਾਤ ਹੈ ਕਾਲੀ
ਦਿਨੇ ਵੀ ਬਹੁਤ ਕੁਝ ਹੁੰਦਾ ਹੈ ਲੇਕਿਨ ਪਰਦਿਆਂ ਅੰਦਰ


                  (ਬਲਜੀਤ ਪਾਲ ਸਿੰਘ)

ਗ਼ਜ਼ਲ

ਅਜੇ ਇਨਸਾਨੀਅਤ ਦੀ ਗੱਲ ਕਰਨਾ ਹੈ ਬੜਾ ਮੁਸ਼ਕਿਲ
ਕਿਸੇ ਲਈ ਕੌਣ ਮਰਦਾ ਹੈ ਕਿ ਮਰਨਾ ਹੈ ਬੜਾ ਮੁਸ਼ਕਿਲ


ਵਤਨ ਲਈ ਮਿਟ ਗਏ ਜਿਹੜੇ ਉਹਨਾਂ ਦੀ ਘਾਟ ਰੜਕੇਗੀ,
ਜੋ ਖਾਲੀ ਕਰ ਗਏ, ਥਾਵਾਂ ਨੂੰ ਭਰਨਾ ਹੈ ਬੜਾ ਮੁਸ਼ਕਿਲ


ਅਸੀਂ ਹਰ ਰੋਜ਼ ਕਿੰਨੇ ਦਮਗਜੇ ਹਾਂ ਮਾਰਦੇ ਭਾਂਵੇਂ,
ਇਹ ਕਹਿਣਾ ਹੈ ਬੜਾ ਸੌਖਾ ਤੇ ਕਰਨਾ ਹੈ ਬੜਾ ਮੁਸ਼ਕਿਲ


ਤੂੰ ਡਾਢੇ ਜ਼ੁਲਮ ਕੀਤੇ ਨੇ ਤੇ ਠੱਗੇ ਖੂਬ ਨੇ ਲੋਕੀਂ,
ਐ ਹਾਕਿਮ ਹੁਣ ਤੇਰੀ ਇਹ ਲੁੱਟ ਜਰਨਾ ਹੈ ਬੜਾ ਮੁਸ਼ਕਿਲ


ਨਦੀ ਦੇ ਵਹਿਣ ਸੰਗ ਤਾਂ ਆਮ ਤਾਰੂ ਤੈਰ ਲੈਂਦੇ ਨੇ, 
ਪਰੰਤੂ ਪਾਣੀਆਂ ਦੇ ਉਲਟ ਤਰਨਾ ਹੈ ਬੜਾ ਮੁਸ਼ਕਿਲ


ਇਹ ਕੁਝ ਵੀ ਕਰਨ ਨਈਂ ਦਿੰਦਾ ਮੇਰੇ ਅੰਦਰ ਜੋ ਲਾਵਾ ਹੈ,
ਕੁਆਰੇ ਸ਼ੌਕ ਨੂੰ ਸਿਵਿਆਂ ਚ ਧਰਨਾ ਹੈ ਬੜਾ ਮੁਸ਼ਕਿਲ


ਜੇ ਗਲਤੀ ਹੋ ਗਈ ਤਾਂ ਭੁਗਤਲਾਂਗੇ ਹੱਸ ਕੇ ਆਪਾਂ
ਬਿਨਾਂ ਹੀ ਦੋਸ਼ ਤੋਂ ਹਰਜੇ ਨੂੰ ਭਰਨਾ ਹੈ ਬੜਾ ਮੁਸ਼ਕਿਲ
(
ਬਲਜੀਤ ਪਾਲ ਸਿੰਘ)

Friday, May 1, 2015

ਗ਼ਜ਼ਲ


ਦਰਦ ਇਕ ਦਿਨ ਜਾਏਗਾ ....ਲੱਗਦਾ ਨਹੀਂ
ਦਿਲ ਨੂੰ ਸਕੂਨ ਆਏਗਾ ਲੱਗਦਾ ...ਲੱਗਦਾ ਨਹੀਂ

ਰੁੱਤਾਂ ਨੇ ਇਸਦੇ ਨਾਲ ਜੋ ਕੀਤਾ ਦਗਾ
ਫਿਰ ਤੋਂ ਪਰਿੰਦਾ ਗਾਏਗਾ .....ਲੱਗਦਾ ਨਹੀਂ

ਬਾਂਝ ਨਾ ਹੋ ਜਾਏ ਇਹ ਧਰਤੀ ਕਿਤੇ
ਕੋਈ ਬੱਦਲ ਕਦੇ ਛਾਏਗਾ....ਲੱਗਦਾ ਨਹੀਂ

ਪਹਿਲਾਂ ਦੇ ਭਾਵੇਂ ਹਾਦਸੇ ਤਾਂ ਯਾਦ ਨੇ
ਧੋਖਾ ਨਾ ਦਿਲ ਹੁਣ ਖਾਏਗਾ...ਲੱਗਦਾ ਨਹੀਂ

ਤਖਤ ਤੇ ਬੈਠਾ ਜੋ ਹਾਕਮ ਬਦਲ ਕੇ
ਜ਼ੁਲਮ ਉਹ ਨਾ ਢਾਏਗਾ...ਲੱਗਦਾ ਨਹੀਂ

ਗਲੀਆਂ ਚ ਐਵੇਂ ਘੁੰਮਦਾ ਹੈਂ ਜੋਗੀਆ
ਖੈਰ ਕੋਈ ਪਾਏਗਾ....ਲੱਗਦਾ ਨਹੀਂ

ਲੀਰਾਂ ਹੋਇਆ ਰਿਸ਼ਤਿਆਂ ਦਾ ਇਹ ਲਿਬਾਸ
ਕੋਈ ਟਾਕੀ ਲਾਏਗਾ ....ਲੱਗਦਾ ਨਹੀਂ



.......................(ਬਲਜੀਤ ਪਾਲ ਸਿੰਘ)

Tuesday, February 17, 2015

ਗ਼ਜ਼ਲ

ਮਹਿਫਲ ਦਾ ਸ਼ਿੰਗਾਰ ਬਣਾਂਗਾ,ਨਈਂ ਬਣਿਆ
ਉਸਦੇ ਗਲ ਦਾ ਹਾਰ ਬਣਾਂਗਾ, ਨਈਂ ਬਣਿਆ

ਅੱਖ ਕਿਸੇ ਦਾ ਹੰਝੂ ਖਾਰਾ ਪੂੰਝਣ ਲਈ,
ਦਰਦੀ ਤੇ ਗ਼ਮਖਾਰ ਬਣਾਂਗਾ, ਨਈਂ ਬਣਿਆ

ਭਗਤ ਸਰਾਭਾ ਊਧਮ ਸਿੰਘ ਸ਼ੁਭਾਸ਼ ਜਿਹਾ,
ਕੋਈ ਤਾਂ ਕਿਰਦਾਰ ਬਣਾਂਗਾ, ਨਈਂ ਬਣਿਆ

ਜਿਹੜੇ ਲੋਕੀਂ ਜ਼ੁਲਮ ਕਮਾਉਂਦੇ ਲੋਕਾਂ 'ਤੇ
ਉਹਨਾਂ ਲਈ ਲਲਕਾਰ ਬਣਾਂਗਾ, ਨਈ ਬਣਿਆ

ਮਜ਼ਲੂਮਾਂ ਦੀ ਰਾਖੀ ਲਈ ਜੋ ਵਰ੍ਹ ਜਾਵੇ
ਉਹ ਤਿੱਖੀ ਤਲਵਾਰ ਬਣਾਂਗਾ, ਨਈ ਬਣਿਆ

ਕਦਮਾਂ ਨੂੰ ਵੇਲੇ ਦੇ ਚੱਕਰ ਨਾਲ ਮਿਲਾਅ,
ਜੀਵਨ ਦੀ ਰਫਤਾਰ ਬਣਾਂਗਾ, ਨਈ ਬਣਿਆ

ਪਰਜਾ ਜਿਹੜੇ ਰਾਜ 'ਚ ਹੋਵੇ ਸੁਖ-ਲੱਧੀ
ਐਸੀ ਇਕ ਸਰਕਾਰ ਬਣਾਂਗਾ, ਨਈ ਬਣਿਆ

ਅੱਗੇ ਲੱਗਣ ਵਾਲਾ ਸੀ ਬਲਜੀਤ ਸਦਾ,
ਪਰ ਝੰਡਾ ਬਰਦਾਰ ਬਣਾਂਗਾ, ਨਈਂ ਬਣਿਆ

(ਬਲਜੀਤ ਪਾਲ ਸਿਂਘ)

Saturday, February 14, 2015

ਗ਼ਜ਼ਲ


ਸਾਡੇ ਵਾਰੀ ਖੁਸ਼ੀਆਂ ਖੇੜੇ ਕਿੱਥੇ ਨੇ
ਜਾਨੋਂ ਵੱਧ ਪਿਆਰੇ ਜਿਹੜੇ ਕਿੱਥੇ ਨੇ

ਹਰ ਥਾਂ ਪਸਰੀ ਰਹਿੰਦੀ ਸੁੰਨ ਸਰਾਂ ਯਾਰੋ,
ਹਸਦੇ ਵੱਸਦੇ ਸੋਹਣੇ ਵਿਹੜੇ ਕਿੱਥੇ ਨੇ

ਐਵੇਂ ਖਹਿਬੜ ਪੈਣਾ ਆਵੇ ਯਾਦ ਬੜਾ
ਨਿੱਕੇ ਮੋਟੇ ਝਗੜੇ ਝੇੜੇ ਕਿੱਥੇ ਨੇ&

ਤੁਰ ਗਏ ਨੇ ਪਰਦੇਸੀਂ ਮਿੱਤਰ ਵਤਨਾਂ ਤੋਂ
ਪਤਾ ਨਹੀਂ ਹੁਣ ਕਿਹੜੇ ਕਿਹੜੇ ਕਿੱਥੇ ਨੇ

ਟੈਲੀਫੋਨ ਦੀ  ਘੰਟੀ ਹੀ ਵਜਦੀ ਹੈ,
ਚਿੱਠੀ ਵਾਲੇ ਸੁੱਖ ਸੁਨੇਹੜੇ ਕਿੱਥੇ ਨੇ

ਦੂਰੀ ਤੇ ਤਨਹਾਈ ਲੰਮੀ ਉਮਰਾ ਤੋਂ,
ਹੁੰਦੇ ਸੀ ਜੋ ਦਿਲ ਦੇ ਨੇੜੇ ਕਿੱਥੇ ਨੇ.

ਹੁਣ ਤਾਂ ਸੁਪਨੇ ਵਿਚ ਵੀ ਚੇਤੇ ਆਉਂਦੇ ਨਾ,
ਪਿੰਡ ਤਿਰੇ ਦੇ ਲਾਏ ਗੇੜੇ ਕਿੱਥੇ ਨੇ.

ਸਾਗਰ ਕੰਢੇ ਬੈਠ ਉਡੀਕਾਂ ਕਰਦੇ ਹਾਂ
ਸਾਡੀ ਵਾਰੀ ਚੱਪੂ ਬੇੜੇ ਕਿੱਥੇ ਨੇ.

ਮੌਸਮ ਵਿਚ ਬਲਜੀਤ ਬਿਗਾਨਾਪਨ ਕਿੰਨਾ,
ਯਾਰ ਤੁਸਾਂ ਜੋ ਨਗਮੇ ਛੇੜੇ ਕਿੱਥੇ ਨੇ

(ਬਲਜੀਤ ਪਾਲ ਸਿੰਘ)