Thursday, November 26, 2009

ਗਜ਼ਲ

ਰਿਝਦਾ ,ਬਲਦਾ ,ਸੜਦਾ ਅਤੇ ਉੱਬਲਦਾ ਰਹਿੰਨਾਂ
ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਨਾਂ


ਰਾਕਟਾਂ ਦਾ ਦੌਰ ਅੱਜ ਕੱਲ ਬੇਸ਼ਕ ਤੇਜ਼ ਹੈ ਬੜਾ
ਮੰਜਿ਼ਲ ਵੱਲ ਫਿਰ ਵੀ ਰੋਜ਼ ਥੋੜਾ ਸਰਕਦਾ ਰਹਿੰਨਾਂ


ਕਿਸਨੇ ਕੰਮ ਆਉਣਾ ਹੈ ਕਦੋਂ ਕਿਹੜੇ ਹਾਲਾਤਾਂ ਵਿਚ
ਆਪਣੀ ਗਰਜ਼ ਲਈ ਲੋਕਾਂ ਨੂੰ ਐਵੇਂ ਪਰਖਦਾ ਰਹਿੰਨਾਂ


ਉਹਨਾਂ ਦੇ ਝੂਠ ਤੋਂ ਵਾਕਫ ਹਾਂ ਉਹ ਵੀ ਜਾਣ ਚੁੱਕੇ ਨੇ
ਬਣਕੇ ਰੋੜ ਅੱਖ ਵਿਚ ਲੀਡਰਾਂ ਦੇ ਰੜਕਦਾ ਰਹਿੰਨਾਂ


ਮਰਜ਼ੀ ਨਹੀਂ ਚਲਦੀ ਕਿ ਇਹ ਨਿਜ਼ਾਮ ਬਦਲ ਦੇਵਾਂ
ਆਪਣੇ ਆਪ ਵਿਚ ਤਾਹੀਂਓ ਹਮੇਸ਼ਾ ਕਲਪਦਾ ਰਹਿੰਨਾਂ


ਅਜ਼ਾਦ ਦੇਸ਼ ਵਿਚ ਗੁਲਾਮਾਂ ਵਾਂਗ ਰੀਂਗ ਰਹੀ ਜਿੰਦਗੀ
ਨਿਘਰ ਰਹੇ ਮਿਆਰਾਂ ਵਾਂਗਰਾਂ ਹੀ ਗਰਕਦਾ ਰਹਿੰਨਾਂ


ਜਵਾਨੀ ਅਤੇ ਬੁਢਾਪੇ ਦੇ ਵਿਚਕਾਰ ਜੇਹੀ ਜਿੰਦਗੀ
ਥੋੜਾ ਥੋੜਾ ਤਾਹੀਓਂ ਏਸ ਨੂੰ ਹੁਣ ਖਰਚਦਾ ਰਹਿੰਨਾਂ


ਆਪਣੀ ਮਿੱਠੀ ਬੋਲੀ ਭੁੱਲ ਨਾ ਜਾਵੇ ਮੈਨੂੰ ਹੀ ਕਿਧਰੇ
ਅਲਫਾਜ਼ ਏਸ ਲਈ ਕੁਝ ਕੁ ਪੁਰਾਣੇ ਵਰਤਦਾ ਰਹਿੰਨਾਂ

Tuesday, November 10, 2009

ਗ਼ਜ਼ਲ

ਪਰਚਾਉਂਦੇ ਹਾਂ ਦਿਲ ਨੂੰ ਯਾਦਾਂ ਦਾ ਸਹਾਰਾ ਲੈ ਕੇ
ਬੇਗਾਨੀ ਮਹਿਫਿਲ ਦਾ ਦੂਰੋਂ ਹੀ ਨਜ਼ਾਰਾ ਲੈ ਕੇ

ਸਿਤਾਰਿਆਂ ਦੇ ਝੁਰਮਟ ਤੋਂ ਕੀ ਕਰਵਾਉਣਾ ਸੀ
ਅਸੀਂ ਤਾਂ ਖੁਸ਼ ਹੋ ਜਾਂਦੇ ਬੱਸ ਇੱਕੋ ਸਿਤਾਰਾ ਲੈ ਕੇ

ਜ਼ਮਾਨਾ ਸੀ ਕਦੇ ਉਡਦੇ ਸੀ ਹਵਾ ਅੰਦਰ ਜਦੋਂ
ਹੁਣ ਤਾਂ ਤੁਰਦੇ ਵੀ ਹਾਂ ਵੈਸਾਖੀ ਦਾ ਸਹਾਰਾ ਲੈ ਕੇ

ਅੱਧਾ ਨਾਮ ਲੈ ਭਰ ਦਿੰਦਾ ਸੀ ਕੋਈ ਕੰਨੀਂ ਮਿਠਾਸ
ਬੁਲਾਉਣਾ ਕਿਸੇ ਨਹੀਂ ਉਹ ਨਾਮ ਦੁਬਾਰਾ ਲੈ ਕੇ

ਸਾਂਝਾਂ ਦੇ ਪੁਲ ਬਣਾਈਏ ਪਿਆਰਾਂ ਦੀ ਨਦੀ ਉਤੇ
ਕਰਾਂਗੇ ਕੀ ਆਪਾਂ ਦੱਸ ਇਕ ਇਕ ਕਿਨਾਰਾ ਲੈ ਕੇ

ਠੰਡੀ ਹਵਾ ਦਾ ਬੁੱਲਾ ਇਧਰ ਵੀ ਗੁਜ਼ਰ ਜਾਂਦਾ ਕੋਈ
ਦੇਖ ਲੈਂਦੇ ਝੂਲਦੇ ਬਿਰਖ ਵਾਂਗੂੰ ਹੁਲਾਰਾ ਲੈ ਕੇ