Monday, August 17, 2020

ਗ਼ਜ਼ਲ


ਆਪਣੇ ਪੈਰੀਂ ਆਪ ਕੁਹਾੜੀ ਮਾਰ ਲਈ ਹੈ

ਸਾਰੀ ਚਿੰਤਾ ਹੋ ਕੇ ਪੱਬਾਂ ਭਾਰ ਲਈ ਹੈ


ਹਾਉਮੇਂ ਨੂੰ ਵੀ ਬਹੁਤੇ ਪੱਠੇ ਪਾਉਣ ਲਈ

ਲਾਇਆ ਏਸੀ ਵੱਡੀ ਕੋਠੀ ਠਾਰ ਲਈ ਹੈ 


ਸਾਰੇ ਜ਼ਹਿਰ ਮਿਲਾ ਕੇ ਇਸਨੂੰ ਜ਼ਹਿਰੀ ਕੀਤਾ

ਆਪਾਂ ਆਪਣੀ ਸੁੱਚੀ ਮਿੱਟੀ ਮਾਰ ਲਈ ਹੈ


ਆਪਣੇ ਖਰਚੇ ਆਪ ਵਧਾ ਪਛਤਾਉਂਦੇ ਹਾਂ

ਛੱਡਿਆ ਸਸਤਾ ਸਾਇਕਲ ਮਹਿੰਗੀ ਕਾਰ ਲਈ ਹੈ


ਰਾਜ ਵਿਵਸਥਾ ਦੇ ਕੇ ਠੱਗਾਂ ਤੇ ਚੋਰਾਂ ਨੂੰ

ਆਜ਼ਾਦੀ ਦੀ ਜਿੱਤੀ ਬਾਜ਼ੀ ਹਾਰ ਲਈ ਹੈ

(ਬਲਜੀਤ ਪਾਲ ਸਿੰਘ)

ਗ਼ਜ਼ਲ


ਗੁਨਾਹ ਕੀਤਾ ਨਹੀਂ ਲੇਕਿਨ ਸਜ਼ਾ ਸਾਨੂੰ ਮਿਲੇਗੀ

ਖ਼ਤਾ ਕੀਤੀ ਨਹੀਂ ਫਿਰ ਵੀ ਖਤਾ ਸਾਨੂੰ ਮਿਲੇਗੀ


ਉਨ੍ਹਾਂ ਨੇ ਸਾਰੇ ਹੀ ਇਲਜ਼ਾਮ ਸਾਡੇ ਸਿਰ ਲਗਾ ਦੇਣੇ

ਉਨ੍ਹਾਂ ਦਾ ਆਪਣਾ ਮੁਨਸਫ਼ ਕਜਾ ਸਾਨੂੰ ਮਿਲੇਗੀ


ਸਦਾ ਅੰਦਾਜ਼ ਸਾਡੇ ਸ਼ਹਿਰ ਦਾ ਹੋਇਆ ਫਿਰੇ ਬਾਗ਼ੀ 

ਬਸ਼ਿੰਦੇ ਏਸਦੇ ਮੁਨਕਰ ਵਜ੍ਹਾ ਸਾਨੂੰ ਮਿਲੇਗੀ


ਪਹੀਆ ਵਕਤ ਦਾ ਇਹ ਜਦ ਕਦੇ ਬੇਤਾਬ ਘੁੰਮੇਗਾ

ਹੁਨਰ ਓਦੋਂ ਹੀ ਆਏਗਾ ਕਲਾ ਸਾਨੂੰ ਮਿਲੇਗੀ


ਜਦੋਂ ਵੀ ਗੀਤ ਵਿਦਰੋਹੀ ਫਿਜ਼ਾ ਵਿਚ ਗੂੰਜਿਆ ਓਦੋਂ

ਕਰਮ ਪੌਣਾਂ ਦਾ ਹੈ ਲੇਕਿਨ ਅਦਾ ਸਾਨੂੰ ਮਿਲੇਗੀ


ਬੜੇ ਹੀ ਜ਼ਖ਼ਮ ਭਾਵੇਂ ਦੇ ਗਿਆ ਹੈ ਬਦਲਦਾ ਮੌਸਮ

ਅਜੇ ਵੀ ਆਸ ਕਰਦੇ ਹਾਂ ਦਵਾ ਸਾਨੂੰ ਮਿਲੇਗੀ


ਜਿਨ੍ਹਾਂ ਤੁਰਨਾ ਨਹੀਂ ਘਰ ਚੋਂ ਉਹਨਾਂ ਨੂੰ ਕਾਸਦੇ ਮਿਹਣੇ

ਅਸੀਂ ਜੋ ਘਰ ਤੋਂ ਨਿਕਲੇ ਹਾਂ ਦਿਸ਼ਾ ਸਾਨੂੰ ਮਿਲੇਗੀ


ਸਿੰਘਾਸਨ ਤੇ ਜੋ ਬੈਠਾ ਹੈ ਸੁਨੇਹੇ ਭੇਜਦਾ ਰਹਿੰਦਾ

ਅਦੂਲੀ ਹੁਕਮ ਦੀ  ਹੋਈ ਬਲਾ ਸਾਨੂੰ ਮਿਲੇਗੀ


ਜਿਨ੍ਹਾਂ ਨੇ ਦੀਪ ਨਾ ਬਾਲੇ ਉਹਨਾਂ ਨੂੰ ਕੀ ਹਵਾਵਾਂ ਦਾ

ਅਸੀਂ ਦੀਵੇ ਜਗਾਏ ਨੇ ਹਵਾ ਸਾਨੂੰ ਮਿਲੇਗੀ

(ਬਲਜੀਤ ਪਾਲ ਸਿੰਘ)