Sunday, August 18, 2013

ਗ਼ਜ਼ਲ


ਕਿਸੇ ਯਾਰ ਦਾ ਸੁਨੇਹਾ,ਬਣਕੇ ਮਸ਼ਾਲ ਆਇਆ
ਹੁਣ ਫੇਰ ਤੋਂ ਲੜਾਂਗੇ,ਦਿਲ ਨੂੰ ਉਬਾਲ ਆਇਆ

ਕਿਤੇ ਸ਼ੋਖੀਆਂ ਅਦਾਵਾਂ,ਕਿਤੇ ਕੋਸੀਆਂ ਹਵਾਵਾਂ
ਇਕੋ ਹੀ ਸ਼ਹਿਰ ਅੰਦਰ, ਮੌਸਮ ਕਮਾਲ ਆਇਆ

ਯੁੱਧਾਂ ਦੀ ਕਰ ਤਿਆਰੀ,ਭੁੱਲ ਜਾ ਸਮੇਂ ਪੁਰਾਣੇ
ਮੁੰਦਰੀ ਦੇ ਬਦਲੇ ਜਦ ਸੀ, ਉਸਦਾ ਰੁਮਾਲ ਆਇਆ

ਖੁਸ਼ੀਆਂ ਦੇ ਮੌਕੇ ਥੋੜੇ, ਗਮ ਦੇ ਬੜੇ ਜਿਆਦਾ
ਇਹਨਾਂ ਨੂੰ ਵੰਡ ਲਵਾਂਗੇ, ਜੇਕਰ ਭਿਆਲ ਆਇਆ

ਫੁੱਲਾਂ ਤੋਂ ਮਗਰੋ ਆਖਿਰ, ਏਹਨਾਂ ਦੀ ਲੋੜ ਪੈਣੀ
ਪੱਤਝੜ ਦੇ ਤਿਨਕਿਆਂ ਨੂੰ, ਤਾਹੀਂ ਸੰਭਾਲ ਆਇਆ

ਸ਼ਾਇਦ ਹਰਾ ਲਵਾਂਗੇ ,ਇਸ ਆਖਰੀ ਸਿਤਮ ਨੂੰ
ਸੀਨੇ ਦਾ ਦਰਦ ਭਾਵੇਂ ,ਬਣਕੇ ਜੰਜਾਲ ਆਇਆ
                               (ਬਲਜੀਤ ਪਾਲ ਸਿੰਘ)

Thursday, August 15, 2013

ਗ਼ਜ਼ਲ

ਬੌਣਾ ਕੱਦ ਕਈ ਕਈ ਚਿਹਰੇ,ਬੰਦਾ ਅੱਜ ਕੱਲ ਏਦਾਂ ਚੱਲੇ
ਕੂੜ ਦੀ ਹੱਟ ਤੇ ਮਾਲ ਬਣਾਉਟੀ,ਧੰਦਾ ਅੱਜ ਕੱਲ ਏਦਾਂ ਚੱਲੇ

ਚੋਰੀ ਡਾਕੇ ਹੇਰਾਫੇਰੀ,ਰੇਪ ਕਤਲ ਤੇ ਕੀ ਕੀ ਕਰਦਾ
ਨਵੇਂ ਯੁੱਗ ਦਾ ਮਾਨਵ ਦੇਖੋ,ਗੰਦਾ ਅੱਜ ਕੱਲ ਏਦਾਂ ਚੱਲੇ

ਜੀਹਨੇ ਕੋਈ ਕੰਮ ਕਰਾਉਣਾ,ਗਾਂਧੀ ਵਾਲੇ ਨੋਟ ਦਿਖਾਓ
ਮਾੜਾ ਧਾੜਾ ਕਿੱਥੋਂ ਦੇਵੇ,ਚੰਦਾ ਅੱਜ ਕੱਲ ਏਦਾਂ ਚੱਲੇ

ਅਫਸਰ ਅਤੇ ਸਿਆਸੀ ਬੰਦੇ,ਤੀਜਾ ਗੁੰਡੇ ਨਾਲ ਰਲੇ ਨੇ
ਜਨਤਾ ਦੀ ਛਿੱਲ ਲਾਹੀ ਜਾਂਦੇ,ਰੰਦਾ ਅੱਜ ਕੱਲ ਏਦਾਂ ਚੱਲੇ

ਜੀਹਦੇ ਕੋਲ ਸ਼ਰਾਫਤ ਹੈਗੀ,ਸਾਂਭ ਕੇ ਰੱਖੋ ਸਾਂਭ ਕੇ ਰੱਖੋ
ਇਹਦਾ ਮੁੱਲ ਕਿਤੇ ਨਹੀਂ ਪੈਣਾ,ਮੰਦਾ ਅੱਜ ਕੱਲ ਏਦਾਂ ਚੱਲੇ

ਅੰਨਦਾਤਾ ਕਰਜਾਈ ਹੋਇਆ,ਖੇਤੀ ਘਾਟੇਵੰਦਾ ਸੌਦਾ
ਇਹਦੇ ਤੋਂ ਨਾ ਖਹਿੜਾ ਛੁੱਟੇ,ਫੰਦਾ ਅੱਜ ਕੱਲ ਏਦਾਂ ਚੱਲੇ

(ਬਲਜੀਤ ਪਾਲ ਸਿੰਘ)