Monday, March 17, 2025

ਗ਼ਜ਼ਲ

ਉਹਨਾਂ ਦਾ ਤਾਂ ਲੋਕਾਂ ਲਈ ਸਤਿਕਾਰ ਹੈ ਕੇਵਲ ਏਨਾ ਹੀ।

ਹੌਲੇ ਬੰਦਿਆਂ ਦਾ ਹੁੰਦਾ ਕਿਰਦਾਰ ਹੈ ਕੇਵਲ ਏਨਾ ਹੀ ।


ਪੈਸੇ ਖਾਤਿਰ ਬਾਗ ਲਗਾਉਂਦਾ ਹੈ ਉਹ ਤਾਂ ਰੁਜ਼ਗਾਰ ਲਈ,

ਮਾਲੀ ਦਾ ਫ਼ਲ ਉੱਤੇ ਪਰ ਅਧਿਕਾਰ ਹੈ ਕੇਵਲ ਏਨਾ ਹੀ।


ਗ਼ਰਜ਼ਾਂ ਲਈ ਉਹ ਉੱਤੋਂ ਉੱਤੋਂ ਪਿਆਰ ਜਤਾਉਂਦਾ ਹੈ ਭਾਵੇਂ 

ਧੋਖਾ ਦੇਵੇ ਉਹ ਮੇਰਾ ਦਿਲਦਾਰ ਹੈ ਕੇਵਲ ਏਨਾ ਹੀ।


ਅੰਦਰੋਂ ਅੰਦਰੀ ਖੁਸ਼ ਹੋਵੇ ਲੇਕਿਨ ਬਾਹਰੋਂ ਗਮਗੀਨ ਰਹੇ,

ਝੂਠੀ ਮੂਠੀ ਦਾ ਮੇਰਾ ਗ਼ਮਖ਼ਾਰ ਹੈ ਕੇਵਲ ਏਨਾ ਹੀ।


ਬਾਡੀ ਗਾਰਡ ਚਾਰ ਚੁਫੇਰੇ ਤੇ ਉਹ ਘਿਰਿਆ ਰਹਿੰਦਾ ਹੈ,

ਨੇਤਾ ਅੱਜ ਦਾ ਵੇਖੋ ਇਹ ਦਮਦਾਰ ਹੈ ਕੇਵਲ ਏਨਾ ਹੀ।


ਜੋ ਲੋਕਾਂ ਦੀ ਗੱਲ ਕਰੇ ਨਾ ਤੇ ਹਾਕਮ ਦੇ ਸੋਹਲੇ ਗਾਵੇ,

ਦੌਲਤ ਖ਼ਾਤਰ ਬੋਲੇ ਉਹ ਫ਼ਨਕਾਰ ਹੈ ਕੇਵਲ ਏਨਾ ਹੀ।


ਰੁੱਖ ਪਰਿੰਦੇ ਪੌਦੇ ਫਸਲਾਂ ਤੇ ਨਿਰਛਲ ਪਾਣੀ ਨੇ ਜੋ,

ਮੇਰੇ ਯਾਰੋ ਮੇਰਾ ਇਹ ਪਰਿਵਾਰ ਹੈ ਕੇਵਲ ਏਨਾ ਹੀ।

(ਬਲਜੀਤ ਪਾਲ ਸਿੰਘ)

Sunday, March 2, 2025

ਗ਼ਜ਼ਲ

ਨਾ-ਸ਼ੁਕਰੇ ਲੋਕਾਂ ਨਾਲ ਤੁਰਿਆ ਮੈਂ ਗੁਸਤਾਖੀ ਕਰ ਬੈਠਾ ਹਾਂ। 

ਹੋਰਾਂ ਖਾਤਰ ਲੜਦਾ ਫਿਰਿਆ ਮੈਂ ਗੁਸਤਾਖੀ ਕਰ ਬੈਠਾ ਹਾਂ। 


ਕਾਗਜ਼ ਦੇ ਨਕਲੀ ਫੁੱਲਾਂ ਨੂੰ ਅਸਲੀ ਸਮਝ ਗਿਆ ਸੀ ਮੈਂ 

ਖੁਸ਼ਬੂ ਵਰਗਾ ਕੁਝ ਨਾ ਮਿਲਿਆ ਮੈਂ ਗੁਸਤਾਖੀ ਕਰ ਬੈਠਾ ਹਾਂ। 


ਜੀਵਨ ਪੱਥ ਤੇ ਤੁਰਦੇ ਹੋਏ ਕੁਝ ਹੌਲੇ ਕਿਰਦਾਰ ਮਿਲੇ ਨੇ

ਉਹਨਾਂ ਦਾ ਹਰ ਨਖਰਾ ਜਰਿਆ ਮੈਂ ਗੁਸਤਾਖੀ ਕਰ ਬੈਠਾ ਹਾਂ।


ਦੂਰੋਂ ਤੱਕਿਆ ਧਰਤੀ ਉੱਤੇ ਕੁੱਝ ਚਿੱਟੇ ਕੱਲਰ ਵਰਗਾ ਸੀ 

ਸਮਝ ਲਿਆ ਐਵੇਂ ਹੀ ਦਰਿਆ ਮੈਂ ਗੁਸਤਾਖੀ ਕਰ ਬੈਠਾ ਹਾਂ।


ਪਾਣੀ ਪਾ ਪਾ ਥੱਕ ਗਿਆ ਹਾਂ ਰੇਗਿਸਤਾਨ ਦੇ ਇਸ ਪੌਦੇ ਨੂੰ 

ਤਾਂ ਵੀ ਇਹ ਨਾ ਹੋਇਆ ਹਰਿਆ ਮੈਂ ਗੁਸਤਾਖੀ ਕਰ ਬੈਠਾ ਹਾਂ।


ਭਾਵੇਂ ਕੁਦਰਤ ਨੇ ਬੰਦੇ ਨੂੰ ਕਿੰਨੀਆਂ ਹੀ ਦਾਤਾਂ ਨੇ ਦਿੱਤੀਆਂ 

ਲੋਭੀ ਦਾ ਲਾਲਚ ਨਾ ਭਰਿਆ ਮੈਂ ਗੁਸਤਾਖੀ ਕਰ ਬੈਠਾ ਹਾਂ।


ਐ ਦਿਲਾ ਇਹ ਖਾਰੇ ਸਾਗਰ ਛੱਡ ਪਰ੍ਹਾਂ ਇਹਨਾਂ ਦਾ ਖਹਿੜਾ 

ਨਾ ਕੋਈ ਤਾਰੂ ਏਥੇ ਤਰਿਆ ਮੈਂ ਗੁਸਤਾਖੀ ਕਰ ਬੈਠਾ ਹਾਂ।

(ਬਲਜੀਤ ਪਾਲ ਸਿੰਘ)

Saturday, February 15, 2025

ਗ਼ਜ਼ਲ


ਚਾਰੇ ਪਾਸੇ ਹੋ ਰਿਹਾ ਜੋ ਇਲਮ ਹੋਣਾ ਚਾਹੀਦੈ ।

ਚੱਪਾ ਚੱਪਾ ਅਪਣੇ ਮਨ ਦਾ ਰੋਜ ਧੋਣਾ ਚਾਹੀਦੈ।


ਭੁੱਲ ਕੇ ਨਾ ਸੋਚ ਲੈਣਾ ਵਿਹਲਿਆਂ ਨੂੰ ਮੌਜ ਹੁੰਦੀ,

ਕਿਰਤ ਕਰਨੀ ਤੇ ਪਸੀਨਾ ਹੋਰ ਚੋਣਾ ਚਾਹੀਦੈ।


ਸਾਂਭਿਆ ਨਾ ਵਕਤ ਸਿਰ ਤਾਂ ਵਿਗੜ ਜਾਣਾ ਵਹਿੜਕਾ, 

ਓਸਨੂੰ ਬਿਨ ਦੇਰ ਹੀ ਫਿਰ ਹਲ ਤੇ ਜੋਣਾ ਚਾਹੀਦੈ।


ਦੱਸਿਆ ਲੋਕਾਂ ਨੂੰ ਤਾਂ ਫਿਰ ਜੱਗ ਹਸਾਈ ਲਾਜ਼ਮੀ,

ਆਪਣੇ ਗ਼ਮ ਦਾ ਵੀ ਬੋਝਾ ਆਪ ਢੋਣਾ ਚਾਹੀਦੈ।


ਹੁਬਕੀ ਹੁਬਕੀ ਆ ਰਹੇ ਹਟਕੋਰਿਆਂ ਤੋਂ ਵੀ ਬਚੋ,

ਦਰਦ ਹੌਲਾ ਕਰਨ ਲਈ ਬੇਰੋਕ ਰੋਣਾ ਚਾਹੀਦੈ।

(ਬਲਜੀਤ ਪਾਲ ਸਿੰਘ)

Saturday, January 25, 2025

ਗ਼ਜ਼ਲ


ਅੰਦਰਖਾਤੇ ਕੀ ਕੀ ਚਾਲਾਂ ਚੱਲ ਰਹੀਆਂ ਨੇ।

ਇਹ ਸਰਕਾਰਾਂ ਕਦੇ ਨਾ ਸਾਡੇ ਵੱਲ ਰਹੀਆਂ ਨੇ।


ਬਚਣਾ ਚਾਹਿਆ ਭਾਵੇਂ ਇਹਨਾਂ ਕੋਲੋਂ ਹਰ ਦਮ,

ਫਿਰ ਵੀ ਯਾਦਾਂ ਸਾਡਾ ਬੂਹਾ ਮੱਲ ਰਹੀਆਂ ਨੇ।


ਮੇਰਾ ਸਜਦਾ ਮਿਹਨਤਕਸ਼ ਜਮਾਤਾਂ ਨੂੰ ਹੈ ,

ਸਦੀਆਂ ਤੋਂ ਜੋ ਮਾਰ ਸਮੇਂ ਦੀ ਝੱਲ ਰਹੀਆਂ ਨੇ।


ਬਾਗੀ ਹੋ ਕੇ ਲੋਕਾਂ ਲਹਿਰਾਂ ਸ਼ੁਰੂ ਕੀਤੀਆਂ ,

ਹਾਕਮ ਦੇ ਪਾਪਾਂ ਨੂੰ ਆਖ਼ਰ ਠੱਲ ਰਹੀਆਂ ਨੇ।


ਰੁੱਤ ਬਹਾਰ ਦੀ ਆਉਂਦੀ ਹੈ ਪੱਤਝੜ ਦੇ ਮਗਰੋਂ, 

ਬੁਰੀਆਂ ਘੜੀਆਂ ਅੱਜ ਸਹੀ ਨਾ ਕੱਲ ਰਹੀਆਂ ਨੇ। 


ਪਤਾ ਨਹੀਂ ਕਦ ਘਰ ਛੱਡ ਕੇ ਉੱਜੜਨਾ ਪੈਣਾ,

ਕੱਤਕ ਕੂੰਜਾਂ ਕਿੰਝ ਸੁਨੇਹੇ ਘੱਲ ਰਹੀਆਂ ਨੇ।

(ਬਲਜੀਤ ਪਾਲ ਸਿੰਘ)

Friday, January 17, 2025

ਗ਼ਜ਼ਲ


ਸੁਣਦੇ ਸੁਣਦੇ ਲਿਖਦੇ ਲਿਖਦੇ ਕਹਿੰਦੇ ਕਹਿੰਦੇ ਸਾਲ ਗਿਆ।

ਤੁਰਦੇ ਤੁਰਦੇ ਡਿਗਦੇ ਡਿਗਦੇ ਢਹਿੰਦੇ ਢਹਿੰਦੇ ਸਾਲ ਗਿਆ।


ਕਾਦਰ ਦੀ ਕੁਦਰਤ ਦਾ ਲਹਿਜ਼ਾ ਸੀ ਪਹਿਲਾਂ ਵਰਗਾ ਹੀ,

ਸੂਰਜ ਚੰਦ ਸਿਤਾਰੇ ਚੜ੍ਹਦੇ ਲਹਿੰਦੇ ਲਹਿੰਦੇ ਸਾਲ ਗਿਆ।


ਪੰਛੀ ਉਡਦੇ ਉਡਦੇ ਆਉਂਦੇ ਰੁੱਖਾਂ ਉੱਤੇ ਕਰਨ ਬਸੇਰੇ,

ਇੱਕ ਟਾਹਣੀ ਤੋਂ ਦੂਜੀ ਉੱਤੇ ਬਹਿੰਦੇ ਬਹਿੰਦੇ ਸਾਲ ਗਿਆ।


ਪਹਿਲਾਂ ਵਾਂਗੂੰ ਇਹਦੇ ਵਿੱਚ ਵੀ ਬਹੁਤਾ ਕੁਝ ਦੁਖਦਾਈ ਸੀ,

ਥੁੜਾਂ ਔਕੜਾਂ ਦਰਦ ਵਿਛੋੜੇ ਸਹਿੰਦੇ ਸਹਿੰਦੇ ਸਾਲ ਗਿਆ।


ਭਾਈਚਾਰਾ ਸਹਿਣਸ਼ੀਲਤਾ ਪਹਿਲਾਂ ਨਾਲੋਂ ਹੋਰ ਘਟੇ ਨੇ,

ਆਪਸ ਦੇ ਵਿੱਚ ਲੜਦੇ ਭਿੜਦੇ ਖਹਿੰਦੇ ਖਹਿੰਦੇ ਸਾਲ ਗਿਆ।


ਪੌਣ ਵਗੀ ਬਾਰਸ਼ ਹੋਈ ਸਰਦੀ ਗਰਮੀ ਧੁੱਪਾਂ ਖਿੜੀਆਂ, 

ਨਦੀਆਂ ਤੇ ਦਰਿਆਵਾਂ ਦਾ ਵਹਿੰਦੇ ਵਹਿੰਦੇ ਸਾਲ ਗਿਆ।


(ਬਲਜੀਤ ਪਾਲ ਸਿੰਘ)

ਗ਼ਜ਼ਲ


ਦੋ ਕਮਰੇ ਇੱਕ ਬੈਠਕ ਵਾਲਾ ਘਰ ਹੁੰਦਾ ਸੀ।

ਖੁੱਲ੍ਹਾ ਵੇਹੜਾ ਸੀ ਤੇ ਖੁੱਲ੍ਹਾ ਦਰ ਹੁੰਦਾ ਸੀ।


ਨਾ ਹੀ ਕੋਈ ਕਰਜ਼ਾ ਨਾ ਕਿਸ਼ਤਾਂ ਦਾ ਝੋਰਾ,

ਬੈਂਕ ਬਾਬੂਆਂ ਦਾ ਕੋਈ ਨਾ ਡਰ ਹੁੰਦਾ ਸੀ।


ਕੋਈ ਵਿਰਲਾ ਟਾਵਾਂ ਟੈਲੀਫੋਨ ਸੀ  ਓਦੋਂ,

ਨਾ ਹੀ ਬਿੱਲਾਂ ਵਾਲਾ ਖਰਚਾ ਭਰ ਹੁੰਦਾ ਸੀ।


ਪੀਜ਼ੇ ਬਰਗਰ ਤੋਂ ਵੀ ਬਚੇ ਹੋਏ ਸਨ ਲੋਕੀਂ,

ਸਸਤਾ ਸਾਦਾ ਬੇਸ਼ੱਕ ਖਾਣਾ ਪਰ ਹੁੰਦਾ ਸੀ।


ਨਾਨਕਸ਼ਾਹੀ ਇੱਟਾਂ ਦੇ ਗੁਰ ਘਰ ਦੇਖੇ ਨੇ,

ਸਾਡੇ ਵੇਲੇ ਥੋੜਾ ਹੀ ਸੰਗਮਰਮਰ ਹੁੰਦਾ ਸੀ।


ਖਾਦਾਂ ਸਪਰੇਆਂ ਦੀ ਨਾ ਸੀ ਹੁੰਦੀ ਵਰਤੋਂ,

ਸਾਦੀ ਖੇਤੀ ਨੂੰ ਕੁਦਰਤ ਦਾ ਵਰ ਹੁੰਦਾ ਸੀ।


ਸੀਰੀ ਅਤੇ ਕਿਸਾਨ ਦਾ ਨਾਤਾ ਸੀ ਏਦਾਂ ਦਾ,

ਦੋਹਾਂ ਦਾ ਸਾਂਝਾ ਹੀ ਜੀਣਾ ਮਰ ਹੁੰਦਾ ਸੀ।

(ਬਲਜੀਤ ਪਾਲ ਸਿੰਘ)




Saturday, December 28, 2024

ਗ਼ਜ਼ਲ

ਸੱਚ ਦੀ ਬੁਨਿਆਦ ਤੇ ਟਿਕਿਆ ਜ਼ਮਾਨਾ ਸੀ ਕਦੇ ।
ਕਹਿਕਸ਼ਾਂ ਵਿੱਚ ਗੂੰਜਦਾ ਹੁੰਦਾ ਤਰਾਨਾ ਸੀ ਕਦੇ।  

ਤੋਟ ਵੀ ਕੋਈ ਨਾ ਸੀ ਨਾ ਲਾਲਸਾਵਾਂ ਬੇਲਗਾਮ, 
ਬਰਕਤਾਂ ਦਾ ਸਭ ਘਰਾਂ ਵਿੱਚ ਇੱਕ ਖ਼ਜ਼ਾਨਾ ਸੀ ਕਦੇ।

ਸਭ ਤਰਫ ਹੀ ਖੂਬ ਫੈਲੀ ਪੌਣ ਅੰਦਰ ਤਾਜ਼ਗੀ ਸੀ,
ਵਕ਼ਤ ਬਹੁਤਾ ਖ਼ੁਸ਼ਗਵਾਰ ਆਸ਼ਿਕਾਨਾ ਸੀ ਕਦੇ।

ਕੌਮ ਦੇ ਰਹਿਬਰ ਜ਼ੁਬਾਂ ਦੇ ਸਾਫ ਸੁਥਰੇ ਰੂ-ਬਰੂ ਸਨ,
ਅਲਫ ਅੰਦਾਜ਼-ਏ-ਬਿਆਂ ਨਾ ਮੂਰਖਾਨਾ ਸੀ ਕਦੇ।

ਰੁੱਤ ਆਈ ਠੰਡ ਦੀ ਓਦੋਂ ਵੀ ਨਾ ਠਰਿਆ ਕਦੇ ਜੋ,
ਮਹਿਕਦਾ ਹੋਇਆ ਇਹ ਨਿੱਘਾ ਆਸ਼ਿਆਨਾ ਸੀ ਕਦੇ।

ਵੱਢਿਆ ਟੁੱਕਿਆ ਤੇ ਬਹੁਤਾ ਲੁੱਟਿਆ  ਪੰਜਾਬ ਨੂੰ,
ਅੱਜ ਵੀ ਓਦਾਂ ਹੈ ਹਾਕਮ ਜ਼ਾਲਮਾਨਾ ਸੀ ਕਦੇ।
(ਬਲਜੀਤ ਪਾਲ ਸਿੰਘ)

Saturday, December 21, 2024

ਗ਼ਜ਼ਲ

ਜਿਵੇਂ ਦਾ ਸੋਚਦਾ ਕੋਈ ਓਵੇਂ ਹੋਇਆ ਨਹੀਂ ਹੈ।

ਕਿ ਫਿਰ ਵੀ ਸ਼ੌਕ ਠੰਡੀ ਪੌਣ ਦਾ ਮੋਇਆ ਨਹੀਂ ਹੈ।


ਹਮੇਸ਼ਾ ਜ਼ਿੰਦਗੀ ਦਾ ਸਫਰ ਵੀ ਸੌਖਾ ਨਹੀਂ ਹੁੰਦਾ,

ਉਹ ਕਿਹੜਾ ਰਾਹ ਹੈ ਜਿਸ ਉੱਤੇ ਕਿ ਟੋਇਆ ਨਹੀਂ ਹੈ।


ਕਿਹਾ ਸਾਰੇ ਫ਼ਕੀਰਾਂ ਨੇ ਕਿ ਏਥੇ ਸਭ ਦੁਖੀ ਨੇ,

ਕਿ ਲੱਭਿਓ ਸ਼ਖ਼ਸ ਐਸਾ ਜੋ ਕਦੇ ਰੋਇਆ ਨਹੀਂ ਹੈ।


ਮਿਲੇਗੀ ਕਾਮਯਾਬੀ ਫੇਰ ਏਥੇ ਕਿਸ ਤਰੀਕੇ ਦੀ,

ਪਸੀਨਾ ਜਿਸਮ ਵਿੱਚੋਂ ਜੇ ਕਦੇ ਚੋਇਆ ਨਹੀਂ ਹੈ।


ਗਲੀ ਵਿੱਚੋਂ ਜਦੋਂ ਵੀ ਗੁਜ਼ਰਨਾ ਤਾਂ ਦੇਖ ਇਹ ਲੈਣਾ, 

ਸੁਆਗਤ ਹੀ ਕਰਾਂਗੇ ਬੂਹਾ ਢੋਇਆ ਨਹੀਂ ਹੈ।

(ਬਲਜੀਤ ਪਾਲ ਸਿੰਘ)

Tuesday, December 10, 2024

ਗ਼ਜ਼ਲ

 ਖਾਸੇ ਵੱਡੇ ਬੰਦਿਆਂ ਲਈ:-

ਆਪਣੇ ਘਰ ਜੋ ਬੰਦਾ ਵੱਡਾ ਖਾਸਾ ਹੁੰਦਾ ਹੈ। 

ਲੋਕਾਂ ਦੀ ਨਜ਼ਰੇ ਉਹ ਕਿਣਕਾ ਮਾਸਾ ਹੁੰਦਾ ਹੈ।


ਪੈਸੇ ਖ਼ਾਤਰ ਰਿੱਛ ਵਾਂਗਰਾਂ ਕੋਈ ਜਿੰਨਾ ਨੱਚੇਗਾ,

ਉਸਦੀ ਰੂਹ ਵਿੱਚ ਨਾਚਾਰਾਂ ਦਾ ਵਾਸਾ ਹੁੰਦਾ ਹੈ।


ਭੱਦਾ ਦਿੱਸਣ ਵਾਲਾ ਜੇਕਰ ਭੱਦਾ ਹੀ ਬੋਲੇਗਾ,

ਡਿੱਗਦਾ ਹੈ ਤਾਂ ਬਣਦਾ ਜੱਗ 'ਤੇ ਹਾਸਾ ਹੁੰਦਾ ਹੈ।


ਉੱਚ ਮੁਨਾਰੇ ਬੈਠਾ ਕਾਂ ਤਾਂ ਬਾਜ਼ ਨਹੀਂ ਬਣਦਾ,

ਹੰਸ ਚੁਗਣ ਜਦ ਮੋਤੀ ਕਾਂ ਪਿਆਸਾ ਹੁੰਦਾ ਹੈ।


ਚਿੱਕੜ ਕਹਿੰਦਾ ਮੇਰੇ ਕੋਲੋਂ ਡਰਦਾ ਹਰ ਬੰਦਾ,।

ਭੱਦਰ ਪੁਰਸ਼ ਹਮੇਸ਼ਾ ਵੱਟਦਾ ਪਾਸਾ ਹੁੰਦਾ ਹੈ।

(ਬਲਜੀਤ ਪਾਲ ਸਿੰਘ)



Sunday, December 8, 2024

ਗ਼ਜ਼ਲ

ਇਹ ਸਾਰਾ ਜੱਗ ਮੇਰਾ ਹੈ, ਉਤੋਂ ਉਤੋਂ।

ਸਭ ਦਾ ਵੱਡਾ ਜੇਰਾ ਹੈ, ਉਤੋਂ ਉਤੋਂ। 


ਰੰਗ ਬਰੰਗਾ ਪੱਥਰ ਲੱਗਾ ਸਾਰੀ ਥਾਂ,

ਉੰਝ ਸਾਧੂ ਦਾ ਡੇਰਾ ਹੈ, ਉਤੋਂ ਉਤੋਂ।


ਪੱਕੀ ਕੁਟੀਆ ਅੰਦਰ ਬੈਠੇ ਨੇ ਤਾਂ ਵੀ,

ਆਖਣ ਜੋਗੀ ਫੇਰਾ ਹੈ, ਉਤੋਂ ਉਤੋਂ।


ਸੋਸ਼ਲ ਅੱਡਾ ਵੀ ਤਾਂ ਮਿਰਗ ਤ੍ਰਿਸ਼ਨਾ ਹੈ,

ਯਾਰੀ ਵਾਲਾ ਘੇਰਾ ਹੈ, ਉਤੋਂ ਉਤੋਂ।


ਠੱਗਾਂ ਚੋਰਾਂ ਖਾਤਰ ਕਾਲੀ ਰਾਤ ਬਣੀ, 

ਐਵੇਂ ਕਹਿਣ ਹਨੇਰਾ ਹੈ,ਉਤੋਂ ਉਤੋਂ।

(ਬਲਜੀਤ ਪਾਲ ਸਿੰਘ)

Sunday, November 24, 2024

ਗ਼ਜ਼ਲ

ਸਮੇਂ ਦਾ ਇਹ ਤਕਾਜ਼ਾ ਹੈ ਕਦੇ ਨਾ ਉਲਝਿਆ ਜਾਏ। 

ਜੇ ਕੋਲੇ ਤਰਕ ਵੀ ਹੋਵੇ, ਕਦੇ ਨਾ ਬਹਿਸਿਆ ਜਾਏ।


ਕਿਤੇ ਸੋਕਾ, ਕਿਤੇ ਡੋਬਾ, ਕਿਤੇ ਬਾਰਿਸ਼, ਕਿਤੇ ਝੱਖੜ,

ਅਨੇਕਾਂ ਰੰਗ ਕੁਦਰਤ ਦੇ ਹਮੇਸ਼ਾ ਸਮਝਿਆ ਜਾਏ।


ਸਦਾ ਇੱਕੋ ਜਿਹਾ ਰਹਿੰਦਾ ਨਹੀਂ ਮੌਸਮ ਬਹਾਰਾਂ ਦਾ, 

ਨਾ ਬਹੁਤਾ ਹੱਸਿਆ ਜਾਏ ਨਾ ਐਵੇਂ ਕਲਪਿਆ ਜਾਏ।


ਜਦੋਂ ਸਮਝੇ ਨਾ ਸਾਹਵੇਂ ਬੈਠ ਉਹ ਭਾਸ਼ਾ ਸਲੀਕੇ ਦੀ,

ਜੋ ਚਾਹੁੰਦਾ ਹੈ ਜਿਵੇਂ ਕੋਈ ਉਵੇਂ ਹੀ ਵਰਤਿਆ ਜਾਏ।


ਪਸਾਰੋ ਪੈਰ ਓਨੇ ਹੀ ਲੰਬਾਈ ਦੇਖ ਚਾਦਰ ਦੀ, 

ਹੈ ਜਿੰਨਾ ਜੇਬ ਵਿੱਚ ਪੈਸਾ ਕਿ ਓਨਾ ਖਰਚਿਆ ਜਾਏ।


ਕਈ ਦੁਸ਼ਮਣ ਵੀ ਵੇਲੇ ਲੋੜ ਦੇ ਆ ਢਾਲ਼ ਬਣ ਜਾਵਣ,

ਕਮੀਨੇ ਦੋਸਤਾਂ ਨੂੰ ਵੀ ਓਦੋਂ ਤਾਂ ਪਰਖਿਆ ਜਾਏ। 


ਕਦੇ ਮਰਨੋ ਨਹੀਂ ਡਰਨਾ ਸਬਕ ਇਹ ਸਿੱਖਣਾ ਪੈਣਾ,

ਕਦੇ ਨਾਹੀਂ ਅਸੂਲਾਂ ਤੋਂ ਥਿੜਕਿਆ ਭਟਕਿਆ ਜਾਏ।


ਮਨੁੱਖੀ ਕੀਮਤਾਂ ਕਦਰਾਂ ਹਮੇਸ਼ਾ ਸਾਂਭ ਕੇ ਰੱਖਿਓ, 

ਕਿਤੇ ਵੀ ਲਾਲਸਾ ਅੰਦਰ ਕਦੇ ਨਾ ਗਰਕਿਆ ਜਾਏ।


ਇਹ ਸੁੱਖ- ਦੁੱਖ ਜੋ ਜ਼ਮਾਨੇ ਦੇ ਭੁਲੇਖਾ ਹੈ ਛਲਾਵਾ ਹੈ, 

ਕਿ ਵੇਲਾ ਆ ਗਿਐ 'ਬਲਜੀਤ' ਘਰ ਨੂੰ ਪਰਤਿਆ ਜਾਏ। 

(ਬਲਜੀਤ ਪਾਲ ਸਿੰਘ)


Saturday, November 23, 2024

ਗ਼ਜ਼ਲ

ਕਾਲੀਆਂ ਰਾਤਾਂ 'ਚ ਟਿਮਟਿਮਾ ਰਿਹਾ ਹਾਂ।

ਜੁਗਨੂੰਆਂ ਦੇ ਵੰਸ਼ ਵਿਚੋਂ ਆ ਰਿਹਾ ਹਾਂ।


ਨਾ ਇਲਮ ਹੈ ਕਿਸ ਜਗ੍ਹਾ ਮੈਨੂੰ ਮਿਲੋਗੇ, 

ਫੇਰ ਵੀ ਇੱਕ ਯਾਤਰਾ ਤੇ ਜਾ ਰਿਹਾ ਹਾਂ।


ਯਾਦ ਰੱਖਾਂਗਾ ਇਹ ਨਗ਼ਮੇ ਅਤੀਤ ਦੇ,

ਭੁੱਲ ਨਾ ਜਾਵਾਂ ਕਿ ਗੁਣਗੁਣਾ ਰਿਹਾ ਹਾਂ।


ਪੁਰਖਿਆਂ ਦਾ ਆਖਿਆ ਵੀ ਹੈ ਸਹੀ ,

ਰਾਹਾਂ ਕੰਢੇ ਫੁੱਲ ਪੌਦੇ ਲਾ ਰਿਹਾ ਹਾਂ।


ਕਾਵਾਂ ਰੌਲੀ ਧੂੜ ਧੂਆਂ ਹਰ ਤਰਫ਼ ਹੈ,

ਯੋਗਦਾਨ ਮੈਂ ਵੀ ਆਪਣਾ ਪਾ ਰਿਹਾ ਹਾਂ।


ਅੱਖਰਾਂ ਨਾਲ ਖੇਡਣਾ ਇਹ ਆਰਜ਼ੂ ਸੀ,

ਕਾਗਜ਼ਾਂ ਤੇ ਕੁਝ ਲਕੀਰਾਂ ਵਾਹ ਰਿਹਾ ਹਾਂ।

(ਬਲਜੀਤ ਪਾਲ ਸਿੰਘ)




Friday, November 15, 2024

ਗ਼ਜ਼ਲ

ਨਾ ਹੀ ਦੁੱਧ ਨਿਕਲਿਆ ਸੀ ਤੇ ਨਾ ਹੀ ਖੂਨ ਆਇਆ ਸੀ। 

ਸਾਡੇ ਬਾਬੇ ਨੇ ਤਾਂ ਕਿਰਤ ਕਰਮ ਦਾ ਫਰਕ ਵਿਖਾਇਆ ਸੀ।

 

ਵੈਸੇ ਤਾਂ ਇਹ ਫੋਟੋ ਵੀ ਇੱਕ ਵਧੀਆ ਜਿਹਾ ਪ੍ਰਤੀਕ ਰਿਹਾ,

ਪਾਪ ਨਾਲ ਨਹੀਂ ਧਨ ਕਮਾਉਣਾ ਭਰਮ ਮਿਟਾਇਆ ਸੀ।


ਨੇਕ ਕਮਾਈ ਵੱਡਾ ਦਰਜਾ ਰੱਖਦੀ ਲੋਕ ਕਚਹਿਰੀ ਵਿੱਚ ,

ਭਾਈ ਲਾਲੋ ਉੱਚਾ ਕਰਕੇ ਭਾਗੋਆਂ ਨੂੰ ਸਮਝਾਇਆ ਸੀ।


ਏਹੋ ਜਿਹੇ ਸਿਧਾਂਤ ਗੁਰੂ ਜੀ ਨੇ ਓਦੋਂ ਦੁਨੀਆ ਨੂੰ ਦਿੱਤੇ,

ਅੰਧਕਾਰ ਦਾ ਜਦੋਂ ਹਨੇਰਾ ਚਾਰ ਚੁਫੇਰੇ ਛਾਇਆ ਸੀ।


'ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ' ਕਹਿ

ਹੱਥੀਂ ਮਿਹਨਤ ਕਰਨ ਦਾ ਉਹਨਾਂ ਵੱਲ ਸਿਖਾਇਆ ਸੀ।

(ਬਲਜੀਤ ਪਾਲ ਸਿੰਘ)

Sunday, November 10, 2024

ਗ਼ਜ਼ਲ

 ਚੰਗਾ ਕਹਿ-ਕਹਿ ਕੇ ਵਡਿਆਈ ਜਾਨੇ ਆਂ।

ਕੁਝ ਲੋਕਾਂ ਨੂੰ ਐਵੇਂ ਸਿਰੇ ਚੜ੍ਹਾਈ ਜਾਨੇ ਆਂ।


ਬਹੁਤਾ ਸੋਚਣ ਤੋਂ ਵੀ ਹਾਸਲ ਥੋੜ੍ਹਾ ਹੁੰਦਾ ਹੈ,

ਸੋਚਾਂ ਵਾਲੇ ਘੋੜੇ ਨਿੱਤ ਭਜਾਈ ਜਾਨੇ ਆਂ।


ਸਾਰੇ ਤੁਰ ਪਏ ਡਾਲਰ ਤੇ ਪੌਂਡਾਂ ਦੇ ਦੇਸ਼ਾਂ ਨੂੰ,

ਜੰਮਣ ਭੋਇੰ ਦਾ ਵੀ ਕਰਜ਼ ਭੁਲਾਈ ਜਾਨੇ ਆਂ।


ਲਾਸ਼ਾਂ ਉੱਤੇ ਏਥੇ ਗੁੰਡੇ ਭੰਗੜੇ ਪਾਉਂਦੇ ਨੇ ,

ਮੋਈ ਤਿਤਲੀ ਮਾਤਮ ਅਸੀਂ ਮਨਾਈ ਜਾਨੇ ਆਂ।


ਲੋਕਾਂ ਦੇ ਤੰਤਰ ਦਾ ਭੌਂਪੂ ਵੱਜਦਾ ਰਹਿੰਦਾ ਹੈ,

ਬੰਦੇ ਵੋਟਾਂ ਬਣੀਆ ਤੇ ਭੁਗਤਾਈ ਜਾਨੇ ਆਂ।


ਭਾਵੇਂ ਗਲਤੀ ਕੀਤੀ ਨਹੀਂ ਸਜ਼ਾਵਾਂ ਝੱਲੀਆਂ ਨੇ, 

ਬੀਤੇ ਸਮਿਆਂ ਉੱਤੇ ਹੁਣ ਪਛਤਾਈ ਜਾਨੇ ਆਂ।

(ਬਲਜੀਤ ਪਾਲ ਸਿੰਘ)

Tuesday, October 22, 2024

ਗ਼ਜ਼ਲ

ਜੀਵਨ ਪੰਧ ਸਜ਼ਾਵਾਂ ਵਾਂਗਰ ਮਿਲਿਆ ਹੈ।

ਹਰ ਇਕ ਪਲ ਘਟਨਾਵਾਂ ਵਾਂਗਰ ਮਿਲਿਆ ਹੈ। 


ਮਿਲਿਆ ਨਾ ਆਰਾਮ ਜ਼ਰੂਰਤ ਦੇ ਵੇਲ਼ੇ ,

ਚੈਨ ਵੀ ਢਲੀਆਂ ਛਾਵਾਂ ਵਾਂਗਰ ਮਿਲਿਆ ਹੈ।


ਜਿਸਦੀ ਕਦੇ ਜ਼ਿਆਰਤ ਦਿਲ ਤੋਂ ਕੀਤੀ ਸੀ,

ਪਰੀਆਂ ਦੀਆਂ ਕਥਾਵਾਂ ਵਾਂਗਰ ਮਿਲਿਆ ਹੈ।


ਸੱਥਾਂ, ਗਲੀਆਂ - ਬਾਜ਼ਾਰਾਂ 'ਚੋਂ ਲੱਭਦੇ ਸਾਂ,

ਸੱਜਣ ਸਾਹਿਤ ਸਭਾਵਾਂ ਵਾਂਗਰ ਮਿਲਿਆ ਹੈ।


ਵਸਲਾਂ ਦੀ ਹੱਟ ਉੱਤੇ ਜੇ ਕੁਝ ਮਿਲਿਆ ਤਾਂ, 

ਸਾਧਾਂ ਦੀਆਂ ਜਟਾਵਾਂ ਵਾਂਗਰ ਮਿਲਿਆ ਹੈ।


ਔਕੜ ਵੇਲੇ ਜਿਸਤੋਂ ਢਾਰਸ ਮਿਲਦੀ ਏ ,

ਐਸਾ ਸ਼ਖਸ ਭਰਾਵਾਂ ਵਾਂਗਰ ਮਿਲਿਆ ਹੈ।

(ਬਲਜੀਤ ਪਾਲ ਸਿੰਘ)

Sunday, October 13, 2024

ਗ਼ਜ਼ਲ

ਕੋਇਲ ਜਾਂ ਬੁਲਬੁਲ ਨਾ ਬੋਲੇ ਸ਼ੋਰ ਸਿਰਫ ਹੁਣ ਕਾਵਾਂ ਦਾ।

ਔਝੜ ਰਾਹੇ ਪਏ ਮੁਸਾਫ਼ਿਰ ਚੇਤਾ ਭੁੱਲਿਆ ਰਾਹਵਾਂ ਦਾ।


ਕੋਈ ਨਾ ਪੁੱਛੇ ਵਾਤ ਕਿਸੇ ਦੀ ਦੁਨੀਆ ਦੇ ਇਸ ਮੇਲੇ ਵਿੱਚ,

ਭਾਈਆਂ ਬਾਝ ਪਤਾ ਲੱਗਦਾ ਹੈ ਭੱਜੀਆਂ ਹੋਈਆਂ ਬਾਹਵਾਂ ਦਾ।


ਮਤਲਬਖੋਰਾ ਐਨਾ ਹੋਇਆ ਬਦਲਣ ਲੱਗਿਆਂ ਦੇਰ ਨਾ ਲਾਵੇ, 

ਬੰਦੇ ਤੇ ਵੀ ਅਸਰ ਹੋ ਗਿਆ ਗਿਰਗਿਟ ਦੀਆਂ ਅਦਾਵਾਂ ਦਾ।


ਏਦੋਂ ਵੱਡਾ ਕੋਈ ਰਿਸ਼ਤਾ ਲੱਭਿਆ ਵੀ ਨਹੀਂ ਪਰਖ ਲਿਆ ਹੈ,

ਮੋਹ ਮਮਤਾ ਦੀ ਇੱਕ ਉਦਾਹਰਣ ਵੱਡਾ ਜਿਗਰਾ ਮਾਵਾਂ ਦਾ।


ਭਾਵੇਂ ਤੁਰਦੇ ਤੁਰਦੇ ਏਥੋਂ ਤੀਕਰ ਵੀ ਹੁਣ ਆ ਪਹੁੰਚੇ ਹਾਂ,

ਪੈ ਜਾਂਦਾ ਹੈ ਅਜੇ ਭੁਲੇਖਾ ਭੁੱਲੇ ਵਿਸਰੇ ਕੁਝ ਨਾਵਾਂ ਦਾ।


ਸਾਰਾ ਜੀਵਨ ਚਾਰਦੀਵਾਰੀ ਅੰਦਰ ਹੀ ਨਾ ਲੰਘ ਜਾਵੇ,

ਆਓ ਹੁਣ ਭਰਮਣ ਕਰਦੇ ਹਾਂ ਆਪਾਂ ਚਾਰ ਦਿਸ਼ਾਵਾਂ ਦਾ।


ਸ਼ਾਮ ਸਵੇਰੇ ਸੈਰ ਕਰਦਿਆਂ ਵੀ ਸੋਚਾਂ ਵਿੱਚ ਰਹਿੰਦੇ ਹਾਂ,

ਬਹੁਤ ਜ਼ਿਆਦਾ ਡਰ ਹੁੰਦਾ ਹੈ ਕੁਝ ਅਣਦਿਖ ਬਲਾਵਾਂ ਦਾ।


ਸ਼ਾਇਦ ਚਰਖੇ ਤੇ ਤੰਦ ਪਾਉਣੀ ਆ ਜਾਵੇ ਹੁਣ ਕੁੜੀਆਂ ਨੂੰ,

ਗੁਰੂਆਂ ਪੀਰਾਂ ਦੀ ਧਰਤੀ ਤੇ ਹੈ ਵਰਦਾਨ ਦੁਆਵਾਂ ਦਾ।

(ਬਲਜੀਤ ਪਾਲ ਸਿੰਘ)

Monday, September 30, 2024

ਗ਼ਜ਼ਲ

 ਜਿੱਥੋਂ ਰਿਜ਼ਕ ਕਿਸੇ ਨੂੰ ਹਾਸਿਲ ਉਹ ਓਥੋਂ ਦਾ ਹੋ ਜਾਂਦਾ ਹੈ ।

ਜਿਸ ਦੀ ਪਿੱਠ ਜੋ ਥਾਪੜ ਦੇਵੇ ਓਸੇ ਨਾਲ ਖਲੋ ਜਾਂਦਾ ਹੈ।


ਕਿੱਦਾਂ ਸੁਣਾਂ ਉਦਾਸੇ ਨਗ਼ਮੇ ਮੇਰੇ ਕੋਲ ਨਹੀਂ ਹੈ ਜੇਰਾ,

ਸਮਾਂ ਬੀਤਿਆ ਦਿਲ ਮੇਰੇ ਨੂੰ ਕੰਡਿਆਂ ਵਿੱਚ ਪਰੋ ਜਾਂਦਾ ਹੈ।


ਜਿੱਧਰ ਜਾਈਏ ਇੱਕ ਸੁੰਨਾਪਣ ਚਾਰ ਚੁਫੇਰੇ ਅੱਗੋਂ ਮਿਲਦਾ,

ਇਸ ਨਗਰੀ ਵਿੱਚ ਸ਼ਾਮਾਂ ਨੂੰ ਹੀ ਘੁੱਪ ਹਨੇਰਾ ਹੋ ਜਾਂਦਾ ਹੈ।


ਜਿਸ ਬੰਦੇ ਨਾਲ ਸਾਂਝਾ ਪਾਈਏ ਤੇ ਕੁਝ ਗੱਲਾਂ ਕਰੀਏ,

ਉਹ ਬਣਕੇ ਦੁਖਿਆਰਾ ਲੇਕਿਨ ਵੱਖਰੇ ਧੋਣੇ ਧੋ ਜਾਂਦਾ ਹੈ।


ਬੜਾ ਸੋਚਿਆ ਕਿ ਅੱਗੇ ਤੋਂ ਹੁਣ ਇਹ ਢਿੱਡ ਫਰੋਲਾਂਗੇ ਨਾ,

ਹਰ ਕੋਈ ਏਥੇ ਆਪਣੇ ਦੁੱਖ ਤੇ ਆਪਣਾ ਰੋਣਾ ਰੋ ਜਾਂਦਾ ਹੈ।


ਧਰਤੀ ਉੱਤੇ ਜਿਹੜਾ ਪਾਣੀ ਵਗਦਾ ਰਹਿੰਦਾ ਆਪਮੁਹਾਰਾ,

ਇੱਕ ਸਮੁੰਦਰ ਕਿੰਨੀਆਂ ਨਦੀਆਂ ਆਪਣੇ ਵਿੱਚ ਸਮੋ ਜਾਂਦਾ ਹੈ।

(ਬਲਜੀਤ ਪਾਲ ਸਿੰਘ)

Saturday, September 7, 2024

ਗ਼ਜ਼ਲ

ਫਿੱਕਾ ਬੋਲ ਕੇ ਅਪਣੀ ਕਦਰ ਘਟਾ ਲੈਂਦਾ ਹੈ।

ਬੰਦਾ ਹਰ ਥਾਂ ਆਪਣਾ ਕੀਤਾ ਪਾ ਲੈਂਦਾ ਹੈ।


ਲੰਮੀਆਂ ਰਾਤਾਂ ਜਾਗੇ ਚਿੱਟੇ ਦਿਨ ਹੈ ਸੌਦਾ,

ਏਸੇ ਚੱਕਰ ਅੰਦਰ ਉਮਰ ਘਟਾ ਲੈਂਦਾ ਹੈ।


ਸੁੱਕੇ ਪੌਦੇ ਕਾਂਟ ਛਾਂਟ ਕੇ ਨਵੇਂ ਲਗਾਉਂਦਾ,

ਮਾਲੀ ਏਦਾਂ ਸੋਹਣਾ ਵਕਤ ਟਪਾ ਲੈਂਦਾ ਹੈ।


ਰੁੱਖ਼ ਦੀ ਟੀਸੀ ਉੱਤੇ ਬੈਠਾ ਪੰਛੀ ਤੱਕੋ,

ਲੈਂਦਾ ਬੜੇ ਹੁਲਾਰੇ ਗੀਤ ਵੀ ਗਾ ਲੈਂਦਾ ਹੈ।


ਸੁੰਨਿਆਂ ਰਾਹਾਂ ਉੱਤੇ ਤੁਰਦਾ ਹਰ ਰਾਹੀ ਵੀ,

ਸਹਿਜੇ ਸਹਿਜੇ ਆਪਣਾ ਪੰਧ ਮੁਕਾ ਲੈਂਦਾ ਹੈ।


ਮਾਇਆ ਦਾ ਮੋਹ ਰੱਖੋਗੇ ਤਾਂ ਨਰਕ ਮਿਲੇਗਾ,

ਢੌਂਗੀ ਬਾਬਾ ਕਹਿ ਕੇ ਲੋਕ ਡਰਾ ਲੈਂਦਾ ਹੈ।


ਖਰਚਾ ਜਿਸਦਾ ਬਹੁਤਾ ਅਤੇ ਕਮਾਈ ਥੋੜ੍ਹੀ,

ਆਖਰ ਆਪਣਾ ਝੁੱਗਾ ਚੌੜ ਕਰਾ ਲੈਂਦਾ ਹੈ।


ਵੋਟਾਂ ਲੈ ਕੇ ਕੁਰਸੀ ਉੱਤੇ ਬੈਠਾ ਲੀਡਰ, 

ਭਾਸ਼ਨ ਦਿੰਦਾ ਥੁੱਕੀਂ ਵੜੇ ਪਕਾ ਲੈਂਦਾ ਹੈ।

(ਬਲਜੀਤ ਪਾਲ ਸਿੰਘ)

Sunday, September 1, 2024

ਗ਼ਜ਼ਲ

ਨਫ਼ਰਤ,ਗੁੱਸਾ,ਪਿਆਰ,ਮੁਹੱਬਤ ਦਿਲ ਅੰਦਰ ਹੈ।
ਦੁਸ਼ਮਣ, ਦੋਸਤ, ਯਾਰ ਸ਼ਨਾਖਤ ਦਿਲ ਅੰਦਰ ਹੈ।

ਸ਼ਰਧਾ ਸੱਚੀ ਹੋਵੇ ਤਾਂ ਕਿਓਂ ਕਰੀਏ ਪੂਜਾ, 
ਜਦ ਕਿ ਸਾਰੀ ਹੀ ਇਬਾਦਤ ਦਿਲ ਅੰਦਰ ਹੈ।

ਕਰਾਂ ਸ਼ੁਕਰੀਆ ਤੇਰਾ ਕਿੱਦਾਂ ਮੇਰੇ ਦੋਸਤ, 
ਕੀਤੀ ਜਿਹੜੀ ਤੂੰ ਇਨਾਇਤ ਦਿਲ ਅੰਦਰ ਹੈ।

ਉਹਨਾਂ ਨੂੰ ਫਿਰ ਕਿਵੇਂ ਦਿਆਂਗਾ ਉੱਤਰ ਹੁਣ ਮੈਂ ,
ਆਉਣੀ ਅੱਗੇ ਜੋ ਕਿਆਮਤ ਦਿਲ ਅੰਦਰ ਹੈ।

ਦੁਸ਼ਮਣ ਉੱਤੇ ਪਹਿਲਾਂ ਹੀ ਇਤਬਾਰ ਨਹੀਂ ਸੀ,
ਕਰ ਗਏ ਸੱਜਣ ਜੋ ਖ਼ਿਆਨਤ ਦਿਲ ਅੰਦਰ ਹੈ।

ਪਤਾ ਨਹੀਂ ਲੱਗਣਾ ਹਾਕਮ ਨੂੰ ਅੱਗੇ ਕੀ ਹੋਣਾ, 
ਦੁਖੀ ਨੇ ਸਾਰੇ ਲੋਕ ਬਗਾਵਤ ਦਿਲ ਅੰਦਰ ਹੈ।
(ਬਲਜੀਤ ਪਾਲ ਸਿੰਘ)

Wednesday, August 28, 2024

ਗ਼ਜ਼ਲ

ਚੰਗੇ-ਮੰਦੇ ਹਰ ਬੰਦੇ ਦੀ ਰਮਜ਼ ਪਛਾਣੀ ਜਾਂਦੀ ਹੈ।

ਟੇਢਾ ਝਾਕਣ ਵਾਲ਼ੇ ਦੀ ਵੀ ਨੀਯਤ ਜਾਣੀ ਜਾਂਦੀ ਹੈ। 


ਫੁੱਲਾਂ ਦਾ ਕੰਮ ਹੁੰਦਾ ਉਹ ਤਾਂ ਟਹਿਕਣਗੇ ਬਾਗ਼ਾਂ ਅੰਦਰ, 

ਭਾਵੇਂ ਮਹਿਕ ਨਜ਼ਰ ਨਾ ਆਵੇ ਤਾਂ ਵੀ ਮਾਣੀ ਜਾਂਦੀ ਹੈ। 


ਜੀਂਦੇ ਜੀਅ ਜਿਨ੍ਹਾਂ ਨੂੰ ਮਿਲਿਆ ਨਾ ਗੁਲਦਸਤਾ ਕੋਈ, 

ਮੋਇਆਂ ਪਿੱਛੋਂ ਉਹਨਾਂ ਦੀ ਖ਼ਾਕ ਵੀ ਛਾਣੀ ਜਾਂਦੀ ਹੈ।


ਤਪਦੇ ਹੋਏ ਮੌਸਮ ਨੂੰ ਫ਼ਿਰ ਓਦੋਂ ਆਪਾਂ ਟੱਕਰਾਂਗੇ 

ਰੁੱਤਾਂ ਨੂੰ ਮਾਣਨ ਦੀ ਮਨਸ਼ਾ ਜਦ ਵੀ ਠਾਣੀ ਜਾਂਦੀ ਹੈ।


ਸਾਰੇ ਆਖਣ ਸਾਉਣ ਮਹੀਨਾ ਆਵੇ ਛਹਿਬਰ ਲੱਗੇ,

ਬਾਰਿਸ਼ ਆਵੇ ਤਾਂ ਫਿਰ ਐਵੇਂ ਛੱਤਰੀ ਤਾਣੀ ਜਾਂਦੀ ਹੈ।

(ਬਲਜੀਤ ਪਾਲ ਸਿੰਘ)

Sunday, August 11, 2024

ਗ਼ਜ਼ਲ

 ਸਾਰੇ ਵਾਅਦੇ ਖੋਖੇ ਨਿਕਲੇ ਨਿਕਲ ਗਈ ਹੈ ਫੂਕ ।

ਇਹ ਸਰਕਾਰ ਹੈ ਬੇਵੱਸ ਹੋਈ ਲੋਕੀਂ ਦਰਸ਼ਕ ਮੂਕ ।


ਪਹਿਲਾਂ ਨਾਲ਼ੋਂ ਵੀ ਬਦਤਰ ਨੇ ਹੁਣ ਏਥੇ ਹਾਲਾਤ ,

ਜਿਹੜੇ ਨੂੰ ਪ੍ਰਧਾਨ ਬਣਾਇਆ ਉਹ ਸੁੱਤਾ ਹੈ ਘੂਕ ।


ਅਣਗੌਲੇ ਲੋਕਾਂ ਦੇ ਏਥੇ ਦੁੱਖ ਕੋਈ ਵੀ ਸੁਣਦਾ ਨਾ,

ਰੌਲੇ ਅੰਦਰ ਦਬ ਕੇ ਰਹਿ ਗਈ ਲਾਚਾਰਾਂ ਦੀ ਹੂਕ ।


ਮਨਚਾਹੀ ਆਵਾਜ਼ ਸੁਣਾਂ ਮੈਂ ਬਸ ਏਨੀ ਕੁ ਹੈ ਤਮੰਨਾ ,

ਬਾਗ਼ਾਂ ਦੇ ਵਿੱਚ ਬਿਰਹੋਂ ਮਾਰੀ ਕੋਇਲ ਦੀ ਜਿਓਂਂ ਕੂਕ ।


ਜਦੋਂ ਜਦੋਂ ਵੀ ਲਿਖਣਾ ਚਾਹਿਆ ਮੈਂ ਅਫਸਾਨਾ ਕੋਈ 

ਲੇਕਿਨ ਮੈਥੋਂ ਲਿਖ ਨਾ ਹੋਈ ਦਿਲਕਸ਼ ਕੋਈ ਟੂਕ ।

(ਬਲਜੀਤ ਪਾਲ ਸਿੰਘ)

Sunday, August 4, 2024

ਗ਼ਜ਼ਲ

ਕਿਤੇ ਆਪਾਂ ਨਹੀਂ ਜਾਣਾ ਅਸੀਂ ਬਸ ਏਸ ਥਾਂ ਜੋਗੇ ।

ਕਿ ਚੁਗਣਾ ਇਸ ਗਰਾਂ ਦਾਣਾ ਅਸੀਂ ਬਸ ਏਸ ਥਾਂ ਜੋਗੇ। 


ਮੜੀਆਂ ਕੋਲ ਏਦਾਂ ਹੀ ਤਾਂ ਘਾਹ ਨੇ ਉੱਗਣਾ ਆਖਿਰ, 

ਇਹ ਖੁਦ ਹੀ ਮੰਨਣਾ ਭਾਣਾ ਅਸੀਂ ਬਸ ਏਸ ਥਾਂ ਜੋਗੇ। 


ਉਹ ਮੇਰੀ ਸ਼ਕਲ ਵੀ ਨਾ ਦੇਖਣੀ ਚਾਹੁੰਦੇ ਮੈਂ ਕੀ ਆਖਾਂ, 

ਇਹ ਮੇਰਾ ਪਾਟਿਆ ਬਾਣਾ ਅਸੀਂ ਬਸ ਏਸ ਥਾਂ ਜੋਗੇ। 


ਇਹਨਾਂ ਖੇਤਾਂ 'ਚੋਂ ਉੱਗਿਆ ਜੋ ਵੀ ਉਸਤੇ ਹੱਕ ਹੈ ਸਾਡਾ, 

ਜੋ ਲਿਖਿਆ ਹੈ ਉਹੀ ਖਾਣਾ ਅਸੀਂ ਬਸ ਏਸ ਥਾਂ ਜੋਗੇ। 


ਵਿਵਸਥਾ ਹੈ ਬੜੀ ਜ਼ਾਲਮ ਅਸੀਂ ਨਹੀਂ ਭੱਜਣਾ ਏਥੋਂ,

ਕਿ ਭਾਵੇਂ ਤੁਰ ਗਿਆ ਲਾਣਾ ਅਸੀਂ ਬਸ ਏਸ ਥਾਂ ਜੋਗੇ। 

(ਬਲਜੀਤ ਪਾਲ ਸਿੰਘ)

 

ਗ਼ਜ਼ਲ

ਥੋੜ੍ਹਾ ਜੇਹਾ ਅੰਤਰ ਸਾਰੇ ਇੱਕੋ ਵਰਗੇ ਨੇ।

ਲੋਕੀਂ ਬਹੁਤੇ ਗ਼ਰਜ਼ਾਂ ਮਾਰੇ ਇੱਕੋ ਵਰਗੇ ਨੇ।


ਚੋਣਾਂ ਵੇਲੇ ਗਿਰਗਿਟ ਵਾਂਗੂ ਰੰਗ ਬਦਲਦੇ ਜੋ,

ਅਸਲ ਸਿਆਸੀ ਲੀਡਰ ਸਾਰੇ ਇੱਕੋ ਵਰਗੇ ਨੇ। 


ਆਪਸ ਦੇ ਵਿੱਚ ਇੱਕਮਿਕ ਹੋਏ ਗੁੰਡੇ ਤੇ ਨੇਤਾ,

ਉਹਨਾਂ ਦੇ ਸਭ ਕਾਲੇ ਕਾਰੇ ਇੱਕੋ ਵਰਗੇ ਨੇ।


ਗ਼ੁਰਬਤ ਦਾ ਰੰਗ ਸਭਨੀਂ ਥਾਈਂ ਇੱਕੋ ਵਰਗਾ ਹੈ,

ਬਸਤੀ ਅੰਦਰ ਕੁੱਲੀਆਂ ਢਾਰੇ ਇੱਕੋ ਵਰਗੇ ਨੇ।


ਗੀਟੇ ਪਰਬਤ ਪੱਥਰ ਅਤੇ ਚਟਾਨਾਂ ਨੇ ਇੱਕੋ, 

ਦੁਨੀਆ ਉੱਤੇ ਸਾਗਰ ਖਾਰੇ ਇੱਕੋ ਵਰਗੇ ਨੇ।


ਅੰਬਰ ਦੀ ਹਿੱਕ ਉੱਤੇ ਕਿੰਨੀਂ ਰੌਣਕ ਲਾਉਂਦੇ ਜੋ,

ਰਾਤਾਂ ਨੂੰ ਚਮਕਣ ਉਹ ਤਾਰੇ ਇੱਕੋ ਵਰਗੇ ਨੇ ।


ਜਿਹਨਾਂ ਹਿੱਸੇ ਆਈਆਂ ਨਾ ਚਾਨਣ ਰਿਸ਼ਮਾਂ,

ਭਟਕਣ ਵਿੱਚ ਲਾਚਾਰ ਵਿਚਾਰੇ ਇੱਕੋ ਵਰਗੇ ਨੇ।

(ਬਲਜੀਤ ਪਾਲ ਸਿੰਘ)

Wednesday, July 31, 2024

ਗ਼ਜ਼ਲ

ਮੇਹਨਤ ਅਜਾਈਂ ਸਾਰੇ ਦੀ ਸਾਰੀ ਗਈ।

ਨੱਕੋ ਬੰਨ੍ਹਦਿਆਂ ਪਾਣੀ ਦੀ ਵਾਰੀ ਗਈ।


ਬੀਤੀ ਤਮਾਮ ਜ਼ਿੰਦਗੀ ਇਹ ਰੀਂਗਦੇ ਹੋਏ,

ਬਾਲਪਨ ਦੇ ਨਾਲ ਹੀ ਕਿਲਕਾਰੀ ਗਈ।


ਹਾਸਿਆਂ ਨੇ ਇਸ ਤਰ੍ਹਾਂ ਰੁਖ਼ਸਤੀ ਲਈ ਕਿ 

ਪੰਡ ਫਰਜ਼ਾਂ ਦੀ ਇਹ ਹੁੰਦੀ ਭਾਰੀ ਗਈ।


ਸਾਗ਼ਰ ਦਾ ਕਿਨਾਰਾ ਵੀ ਗਵਾਚਿਆ ਹੈ  , 

ਝੀਲ ਉਸਦੇ ਨਾਲ ਹੀ ਉਹ ਖਾਰੀ ਗਈ।


ਮੇਰਾ ਦਿਲ ਕਹਿੰਦਾ ਬੁਰਾ ਬੰਦਾ ਬਣਾ ਮੈਂ,

ਚੰਗਾ ਚੰਗਾ ਬਣਦਿਆਂ ਦਿਲਦਾਰੀ ਗਈ।


ਜੀਵਨ ਦੇ ਬਹੁਤੇ ਸ਼ਬਦਾਂ ਦੇ ਅਰਥ ਬਦਲੇ ,

ਬਾਪੂ ਗਿਆ ਤਾਂ ਨਾਲ ਬਰ-ਖੁਰਦਾਰੀ ਗਈ।

(ਬਲਜੀਤ ਪਾਲ ਸਿੰਘ)


Thursday, July 25, 2024

ਗ਼ਜ਼ਲ

ਬੋਲਾਂਗਾ ਤਾਂ ਮੂੰਹ-ਫੱਟ ਕਹਿ ਕੇ ਭੰਡਣਗੇ ਲੋਕੀਂ । 

ਨਾ ਬੋਲਾਂ ਫਿਰ ਚੋਟਾਂ ਲਾ ਲਾ ਚੰਡਣਗੇ ਲੋਕੀਂ ।


ਸੱਜਣ ਯਾਰ ਬਥੇਰੇ ਮਿਲ ਜਾਂਦੇ ਨੇ ਸੁਖ ਵੇਲੇ,

ਸੋਚੀਂ ਨਾ ਕਿ ਤੇਰੇ ਦੁੱਖ ਵੀ ਵੰਡਣਗੇ ਲੋਕੀਂ।


ਸਾਡੇ ਬਾਬੇ ਸੀਨੇ ਲਾਇਆ ਭਾਈ ਲਾਲੋ ਨੂੰ,

ਕਿਰਤ ਦੇ ਰਸਤੇ ਉੱਤੇ ਨਾ ਇਹ ਹੰਡਣਗੇ ਲੋਕੀਂ।


ਕੀਤੇ ਹੋਏ ਤੁਹਾਡੇ ਸੌ ਚੰਗੇ ਕਰਮਾਂ ਨੂੰ ਵੀ ਭੁੱਲਕੇ ,

ਇੱਕ ਬੁਰਾਈ ਛੱਜ ਵਿੱਚ ਪਾ ਕੇ ਛੰਡਣਗੇ ਲੋਕੀਂ।


ਏਸ ਨਗਰ ਬਾਸ਼ਿੰਦੇ ਬਹੁਤ ਕਰੋਧੀ ਰਹਿੰਦੇ ਨੇ,

ਏਥੋਂ ਤੁਰ ਜਾ ਦੂਰ ਨਹੀਂ ਤਾਂ ਦੰਡਣਗੇ ਲੋਕੀਂ।

(ਬਲਜੀਤ ਪਾਲ ਸਿੰਘ)

Sunday, July 14, 2024

ਗ਼ਜ਼ਲ

ਹੌਲੀ ਹੌਲੀ ਸਾਰਾ ਢਾਂਚਾ ਢਹਿ ਚੱਲਿਆ ਹੈ।

ਲੋਕਾਂ ਦੇ ਤੰਤਰ ਦਾ ਭੱਠਾ ਬਹਿ ਚੱਲਿਆ ਹੈ।


ਆਜ਼ਾਦੀ ਗਣਤੰਤਰ ਦਿਵਸ ਮਨਾਈ ਜਾਓ,

ਭੁੱਖੇ ਢਿੱਡਾਂ ਦਾ ਇਹ ਚਾਅ ਵੀ ਲਹਿ ਚੱਲਿਆ ਹੈ।


ਸੱਤਾ ਮੁੜ ਮੁੜ ਲੋਕਾਂ ਨੂੰ ਇੱਕ ਬੁਰਕੀ ਸੁੱਟੇ,

ਮੁਫ਼ਤਾਂ ਦੇ ਲਾਰੇ ਵਿੱਚ ਬੰਦਾ ਵਹਿ ਚੱਲਿਆ ਹੈ।


ਮੇਰਾ ਹੈ ਸਿੰਘਾਸਨ ਪੱਕਾ ਹਾਕਮ ਸੋਚੇ,

ਏਸੇ ਭਰਮ ਭੁਲੇਖੇ ਅੰਦਰ ਰਹਿ ਚੱਲਿਆ ਹੈ।


ਦੂਰੋਂ ਜਾ ਕੇ ਫੇਰ ਹੀ ਏਥੇ ਮੁੜ ਪਹੁੰਚੇ ਹਾਂ,

ਕੰਡਿਆਂ ਨਾਲ ਦੁਬਾਰਾ ਦਾਮਨ ਖਹਿ ਚੱਲਿਆ ਹੈ।


ਸੱਤਾ ਬਦਲਣ ਵਾਲੇ ਲੋਕ ਨਸ਼ੇੜੀ ਹੋਏ,

ਸਾਰੀ ਹੀ ਬਲਜੀਤ ਸੱਚਾਈ ਕਹਿ ਚੱਲਿਆ ਹੈ।


(ਬਲਜੀਤ ਪਾਲ ਸਿੰਘ)


ਗ਼ਜ਼ਲ

ਜਿਸ ਦਾ ਡਰ ਸੀ ਓਹੀ ਆਖ਼ਰ ਹੋਇਆ ਹੈ।

ਰੁੱਖਾਂ ਦੀ ਥਾਂ ਲੋਹਾ ਉੱਗ ਖਲੋਇਆ ਹੈ।


ਬੈਠਣ ਚਿੜੀਆਂ ਕਿੱਥੇ ਤੇ ਕਿਵੇਂ ਚਹਿਕਣ,

ਹਰ ਪੰਛੀ ਨੇ ਆਪਣਾ ਰੋਣਾ ਰੋਇਆ ਹੈ।


ਜੀਵਨ ਦੇ ਅੰਤਿਮ ਪੜਾਅ 'ਤੇ ਕੀ ਹੋਇਆ, 

ਓਹੀ ਉੱਗਣਾ ਸੀ ਜੋ ਦਾਣਾ ਬੋਇਆ ਹੈ।


ਦੁਬਿਧਾ ਅੰਦਰ ਬੰਦਾ ਜਾਵੇ ਕਿੱਧਰ ਨੂੰ, 

ਖਾਈ ਹੈ ਪਿੱਛੇ ਤਾਂ ਅੱਗੇ ਟੋਇਆ ਹੈ।


ਹੋਣੀ ਸਿਧਰੇ ਪੱਧਰੇ ਲੋਕਾਂ ਦੀ ਵੇਖੋ ਤਾਂ,

ਸੱਧਰਾਂ ਮੋਈਆਂ ਹਰ ਚਾਅ ਮੋਇਆ ਹੈ।

(ਬਲਜੀਤ ਪਾਲ ਸਿੰਘ)


Saturday, July 13, 2024

ਗ਼ਜ਼ਲ

ਦੱਸਿਓ ਕਿ ਇਹ ਮੁਹੱਬਤ ਕੀ ਬਲਾ ਹੈ।

ਵਾਪਰੇ ਜੋ ਕੁਦਰਤੀ ਇਹ ਉਹ ਕਲਾ ਹੈ।


ਮੁੱਦਤਾਂ ਤੋਂ ਨਾ ਰਵਾਇਤਾਂ ਛੱਡਦੀਆਂ ਦਾਮਨ,

ਇਹਨਾਂ ਕਰਕੇ ਰਿਸ਼ਤਿਆਂ ਵਿੱਚ ਫਾਸਲਾ ਹੈ।


ਇਹ ਜ਼ਮਾਨਾ ਮਿੱਤ ਨਾ ਏਥੇ ਕਿਸੇ ਦਾ,

ਕੀ ਪਤਾ ਕਿਸਦਾ ਬੁਰਾ ਕਿਸਦਾ ਭਲਾ ਹੈ।


ਦਿਲ ਧੜਕਦਾ ਹੈ ਵਸਲ ਹਾਸਿਲ ਕਰਾਂ ਮੈਂ,

ਹਰ ਜਿਉਂਦੇ ਜਿਸਮ ਦਾ ਇਹ ਵਲਵਲਾ ਹੈ।


ਫੁੱਲ ਮੁਰਝਾਏ ਤੇ ਮਹਿਕਾਂ ਵਿਸਰੀਆਂ ਨੇ,

ਏਹੋ ਪੱਤਝੜ ਤੇ ਫਿਜ਼ਾ ਦਾ ਸਿਲਸਿਲਾ ਹੈ।

(ਬਲਜੀਤ ਪਾਲ ਸਿੰਘ)