Tuesday, February 16, 2010

ਗਜ਼ਲ

ਖਿੰਡ ਗਿਆ ਹਾਂ ਬਹੁਤ ਖੁਦ ਨੂੰ ਹੁਣ ਸਮੇਟਣਾ ਚਾਹੁੰਨਾਂ
ਅਕਸ ਧੁੰਦਲਾ ਗਿਆ ਹੈ ਇਸ ਕਦਰ ਕਿ ਮੇਟਣਾ ਚਾਹੁੰਨਾਂ


ਆਤਿਸ਼ ਅਬਾਦ ਹੈ ਇਸ ਸ਼ਹਿਰ ਦੇ ਹਰੇਕ ਕੋਨੇ ਵਿਚ
ਹੁਣ ਇਸ ਨੂੰ ਖਾਕ ਹੁੰਦੇ ਦੂਰ ਤੋਂ ਬਸ ਦੇਖਣਾ ਚਾਹੁੰਨਾਂ


ਬੜੀ ਦੇਰ ਤੋਂ ਦੁਨੀਆਂ ਲਗਦੀ ਰੁੱਖੀ ਅਤੇ ਉਜਾੜ ਜਹੀ
ਕੋਈ ਲੱਭ ਕੇ ਝੁੰਡ ਰੁੱਖਾਂ ਦਾ ਕੁਝ ਚਿਰ ਲੇਟਣਾ ਚਾਹੁੰਨਾਂ


ਭਿੜ ਸਕਦਾ ਹਾਂ ਅਧਵਾਟੇ ਵੀ ਤੁਹਾਡੇ ਕੁਕਰਮਾਂ ਨਾਲ
ਤੁਸੀਂ ਕਿੰਨੇ ਸਿਤਮਗਰ ਹੋ ਮੈਂ ਇਹ ਪਰਖਣਾਂ ਚਾਹੁੰਨਾਂ


ਰਹਿ ਗਏ ਅਧੂਰੇ ਜੋ ਅਰਮਾਨ,ਸੱਧਰਾਂ ਤੇ ਹਸਰਤਾਂ
ਉਹਨਾਂ ਦੀ ਯਾਦ ਵਿਚ ਕੁਝ ਹੋਰ ਥੋੜਾ ਭਟਕਣਾ ਚਾਹੁੰਨਾਂ


ਪੁੱਟੀਆਂ ਨਹੀਂ ਜਾਂਦੀਆਂ ਲੰਮੀਆਂ ਪੁਲਾਘਾਂ ਇਹਨੀ ਦਿਨੀਂ
ਜਿੰਦਗੀ ਦੇ ਸਫਰ ਵਿਚ ਹੁਣ ਰੀਂਗਣਾ ਸਰਕਣਾਂ ਚਾਹੁੰਨਾਂ


ਜੀਓ ਅਤੇ ਜਿਉਣ ਦਿਉ ਬੜਾ ਅਪਨਾ ਕੇ ਦੇਖ ਲਿਆ
ਕੰਮ ਦਾ ਨਹੀਂ ਇਹ ਫਲਸਫਾ ਜ਼ਮੀਰ ਵੇਚਣਾ ਚਾਹੁੰਨਾਂ


ਫਿਰ ਬੱਦਲਾਂ ਦੀ ਇਕ ਪਤਲੀ ਜਹੀ ਕਾਤਰ ਦੇ ਦਿਉ ਮੈਨੂੰ
ਬੜੀ ਹੀ ਰੀਝ ਹੈ ਪਿਆਸੀ ਧਰਤ ਤੇ ਵਰਸਣਾਂ ਚਾਹੁੰਨਾਂ