Saturday, September 2, 2017

ਗਜ਼ਲ



ਲੋਕਾਂ ਨੂੰ ਗੁਮਰਾਹ ਕਰ ਜਾਵੇ ਉਸ ਰਹਿਬਰ ਦੇ ਫਿੱਟੇ ਮੂੰਹ
ਸੌਹਾਂ ਖਾ ਕੇ ਮੁੱਕਰ ਜਾਵੇ ਉਸ ਦਿਲਬਰ ਦੇ ਫਿੱਟੇ ਮੂੰਹ


ਕਿਣ ਮਿਣ ਕਣੀਆਂ ਪੈਣ ਫੁਹਾਰਾਂ ਚਾਰੇ ਪਾਸੇ ਠੀਕ ਸਹੀ
ਔੜੀ ਧਰਤ ਨਾ ਰੌਣਕ ਲਾਵੇ ਉਸ ਛਹਿਬਰ ਦੇ ਫਿੱਟੇ ਮੂੰਹ

ਚੁਗਲਖੋਰ ਬੰਦੇ ਤਾਂ ਆਪਣੀ ਹੀ! ਔਕਾਤ ਦਿਖਾ ਦਿੰਦੇ
ਯਾਰਾਂ ਨਾਲ ਹੀ ਦਗਾ ਕਮਾਵੇ ਉਸ ਮੁਖਬਰ ਦੇ ਫਿੱਟੇ ਮੂੰਹ

ਦਾਰੂ ਪੀ ਕੇ ਖੇਡਾਂ ਖੇਡੇ ਚਿੱਟਾ ਖਾ ਡੌਲੇ ਫਰਕਾਵੇ
ਵਿਚ ਅਖਾਡ਼ੇ ਕੰਡ ਲਵਾਵੇ ਉਸ ਚੋਬਰ ਦੇ ਫਿੱਟੇ ਮੂੰਹ
(ਬਲਜੀਤ ਪਾਲ ਸਿੰਘ )

ਗ਼ਜ਼ਲ



ਮੁਹੱਬਤ ਦਾ ਬੜਾ ਇਜ਼ਹਾਰ ਕਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ
ਤਲੀ ਉਤੇ ਹਮੇਸ਼ਾ ਜਾਨ ਧਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

ਸਦਾ ਵਿਹਲੇ ਹੀ ਰਹਿੰਦੇ ਹਾਂ ਕਿ ਕਰਦੇ ਕਿਰਤ ਨਾ ਭੋਰਾ
ਕਿ ਏਦਾਂ ਹੀ ਵਿਚਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

ਸਕੀਮਾਂ ਬਹੁਤ ਘੜੀਆਂ ਨੇ ਦਿਆਂਗੇ ਪੇਟ ਭਰ ਰੋਟੀ
ਗਰੀਬੀ ਦੂਰ ਕਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

ਜਨਮ ਭੂਮੀ ਦੀ ਰੱਖਵਾਲੀ ਨਿਰਾ ਢਕਵੰਜ ਹੈ ਸਾਡਾ
ਵਤਨ ਲਈ ਰੋਜ਼ ਮਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

ਬਥੇਰੇ ਧਰਮ ਨੇ ਸਾਡੇ ਅਸੀਂ ਫਿਰ ਵੀ ਅਧਰਮੀ ਹਾਂ
ਮਜ਼੍ਹਬ ਹੋਰਾਂ ਦੇ ਜਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

ਲਿਆਈਏ ਤੋੜ ਕੇ ਤਾਰੇ ਅਸੀਂ ਮਹਿਬੂਬ ਦੀ ਖਾਤਿਰ
ਝਨਾਂ ਇਸ਼ਕੇ ਦਾ ਤਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

ਬਗੀਚੇ ਝੁਲਸ ਚੁੱਕੇ ਨੇ ਇਹ ਸਾਡੀ ਬੇਰੁਖੀ ਕਰਕੇ
ਚਮਨ ਵਿਚ ਰੰਗ ਭਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

ਕੰਗਾਲੀ ਨੇ ਜ਼ਿਹਨ ਅੰਦਰ ਤਾਂ ਪੱਕਾ ਲਾ ਲਿਆ ਡੇਰਾ
ਕਿ ਦਿੱਸਦੇ ਪੁੱਜਦੇ ਸਰਦੇ ਹਾਂ ਅਸੀਂ ਹੁਣ ਕਾਗਜ਼ਾਂ ਅੰਦਰ

(ਬਲਜੀਤ ਪਾਲ ਸਿੰਘ)

ਗ਼ਜ਼ਲ


ਵਿਰਲੇ ਜਿੰਦਾਦਿਲ ਇਨਸਾਨ
ਹੁੰਦੇ ਨੇ ਮਹਿਫਲ ਦੀ ਸ਼ਾਨ
ਆਪੋ ਧਾਪੀ ਚਾਰੇ ਪਾਸੇ
ਮੱਚੀ ਜਾਂਦਾ ਹੈ ਘਮਸਾਨ
ਗੁੰਡਾਗਰਦੀ ਵਧੀ ਹੈ ਏਦਾਂ
ਸੁੱਕੀ ਜਾਂਦੀ ਸਭ ਦੀ ਜਾਨ
ਦੇਸ਼ ਤਰੱਕੀ ਤਾਂ ਨਹੀਂ ਕਰਦਾ
ਬਹੁਤੇ ਲੀਡਰ ਬੇਇਮਾਨ
ਨਿੱਤ ਘੁਟਾਲੇ ਕਤਲੋਗਾਰਤ
ਫਿਰ ਵੀ ਮੇਰਾ ਦੇਸ਼ ਮਹਾਨ
ਬਿਜ਼ਨਸਮੈਨ ਵਧਾਵੇ ਗੋਗੜ
ਭੁੱਖਾ ਮਰਦਾ ਹੈ ਕਿਰਸਾਨ
ਜਿਥੇ ਲਾਏ ਬਦੀਆਂ ਡੇਰੇ
ਓਥੇ ਨੇਕੀ ਦਾ ਨੁਕਸਾਨ
ਸੱਚ ਵਿਪਾਰੀ ਘਾਟੇਵੰਦਾ
ਕੂੜ ਦੀ ਚੱਲੇ ਖੂਬ ਦੁਕਾਨ
ਲਾਲਚ ਹੱਦੋਂ ਬਹੁਤਾ ਵਧਿਆ
ਹਰ ਕੋਈ ਮੰਗਦਾ ਵਰਦਾਨ
ਨਰਕ ਭੋਗਦੀ ਪਰਜਾ ਏਥੇ
ਹਾਕਮ ਐਸ਼ਾਂ ਵਿਚ ਗਲਤਾਨ
ਵਧੇ ਜ਼ੁਲਮ ਨੂੰ ਡੱਕਣ ਵੇਲੇ
ਦੇਣਾ ਪੈਂਦਾ ਹੈ ਬਲੀਦਾਨ
ਦੁਨੀਆਂ ਉਹਨਾਂ ਨੂੰ ਹੀ ਪੂਜੇ
ਸੱਚ ਖਾਤਿਰ ਜਿਹੜੇ ਕੁਰਬਾਨ
ਜੇਕਰ ਰਾਜਾ ਝੂਠਾ ਹੋਵੇ
ਦੇਵੇਗਾ ਝੂਠਾ ਫੁਰਮਾਨ
ਕਿਸੇ ਨਾ ਏਥੇ ਬੈਠੇ ਰਹਿਣਾ
ਬੰਦਾ ਧਰਤੀ ਤੇ ਮਹਿਮਾਨ
ਸਾਰੇ ਦਰਦ ਛੁਪਾ ਕੇ ਅੰਦਰ
ਚਿਹਰੇ ਤੇ ਰੱਖੀਏ ਮੁਸਕਾਨ
ਇਕ ਦਿਨ ਸਭ ਨੇ ਤੁਰ ਜਾਣਾ ਹੈ
ਅੰਤਿਮ ਮੰਜ਼ਿਲ ਹੈ ਸ਼ਮਸ਼ਾਨ
(ਬਲਜੀਤ ਪਾਲ ਸਿੰਘ)

ਗ਼ਜ਼ਲ


ਜਿੰਦਗੀ ਦਾ ਇਹ ਸਫਰ ਏਸੇ ਤਰਾਂ ਚਲਦਾ ਰਹੇ
ਹਾਦਸਾ ਮੇਰੇ ਖੁਦਾ ਹਰ ਮੋੜ ਤੇ ਟਲਦਾ ਰਹੇ

ਗੂੰਜਣ ਸਦਾ ਕਿਲਕਾਰੀਆਂ ਤੇ ਬਾਲਪਨ ਦਾ ਇਹ ਸਮਾ
ਬੱਚਿਆਂ ਦੀ ਮੋਹ ਭਰੀ ਮੁਸਕਾਨ ਵਿਚ ਪਲਦਾ ਰਹੇ

ਰਹਿਣ ਬੱਦਲ ਠਾਰਦੇ ਧਰਤੀ ਦੀ ਔੜੀ ਹਿੱਕ ਨੂੰ
ਸਾਗਰਾਂ ਵਿਚ ਨੀਰ ਨਦੀਆਂ ਦਾ ਸਦਾ ਰਲਦਾ ਰਹੇ

ਨ੍ਹੇਰਿਆਂ ਤੋਂ ਮੁਕਤ ਹੋਵੇ ਕੋਨਾ ਕੋਨਾ ਸ਼ਹਿਰ ਦਾ
ਮਮਟੀਆਂ 'ਤੇ ਰੋਸ਼ਨੀ ਦਾ ਦੀਪ ਵੀ ਬਲਦਾ ਰਹੇ

ਅੰਨਦਾਤਾ ਨੂੰ ਵੀ ਹੋਵੇ ਫਖਰ ਆਪਣੇ ਖੇਤ ਦਾ
ਮਿਹਨਤਾਂ ਦੇ ਬੂਟਿਆਂ ਤੇ ਬੂਰ ਵੀ ਫਲਦਾ ਰਹੇ

ਜੱਗ ਉਤੇ ਵੰਡ ਕੇ ਨਿਆਮਤਾਂ ਦੇ ਨੂਰ ਨੂੰ
ਰੋਜ਼ ਵਾਂਗੂੰ ਸੁਰਖ ਸੂਰਜ ਸ਼ਾਮ ਨੂੰ ਢਲਦਾ ਰਹੇ

ਕੁੱਲੀਆਂ ਦੇ ਵਿਚ ਹੋਵੇ ਰਹਿਮਤਾਂ ਦਾ ਚਾਨਣਾ
ਏਸ ਬਸਤੀ ਕੋਈ ਕਾਮਾ ਹੱਥ ਨਾ ਮਲਦਾ ਰਹੇ

(ਬਲਜੀਤ ਪਾਲ ਸਿੰਘ)