Thursday, July 31, 2014

ਗ਼ਜ਼ਲ

ਕਿਸਮਤ ਵਾਲੇ ਜਿੰਨਾਂ ਆਪਣੇ ਵਿਹੜੇ ਵਿਚ ਉਗਾਏ ਫੁੱਲ
ਰੰਗਾਂ ਦੀ ਦੁਨੀਆਂ ਵਿਚ ਵੱਸਦੇ ਕਿੰਨੇ ਸੋਹਣੇ ਹਾਏ ਫੁੱਲ

ਅਲ੍ਹੜ ਉਮਰੇ ਮਿਲ ਜਾਂਦੇ ਤਾਂ ਵਿਚ ਬਹਾਰਾਂ ਘੁੰਮ ਲੈਂਦੇ
ਅੱਜ ਮਿਲੇ ਜਦ ਚਾਰ ਚੁਫੇਰੇ ਦਿੱਸਦੇ ਨੇ ਮੁਰਝਾਏ ਫੁੱਲ

ਉਜੜੇ ਰੁੱਖ ਤੇ ਸੁੱਕੇ ਪੱਤੇ ਭੋਰਾ ਚੰਗੇ ਲੱਗਦੇ ਨਾ
ਸਭ ਅੱਖਾਂ ਨੂੰ ਚੰਗੇ ਲੱਗਣ ਕੁਦਰਤ ਜਦੋਂ ਖਿੜਾਏ ਫੁੱਲ

ਜਦ ਵੀ ਕਿਣਮਿਣ ਕਣੀਆ ਵਰਸਣ ਹਰ ਇਕ ਸ਼ੈਅ ਤੇ ਖੇੜਾ  ਆਵੇ
ੳਦੋਂ ਵੀ ਇਹ ਸੋਹਣੇ ਲੱਗਦੇ ਬਾਰਿਸ਼ ਵਿਚ ਨਹਾਏ ਫੁੱਲ

ਸ਼ਹਿਰਾਂ ਦੇ ਵਿਚ ਭੀੜ ਬੜੀ ਹੈ ਆਤਿਸ਼ ਫਿਰਦੀ ਗਲੀ ਗਲੀ
ਧੂੰਆਂ ਰੌਲਾ ਸਾਰੇ ਪਾਸੇ ਲੱਗਦੇ ਬੜੇ ਸਤਾਏ ਫੁੱਲ

ਹਰ ਥਾਂ ਤੇ ਗੁਰਬਤ ਦਾ ਪਹਿਰਾ ਭੁੱਖੇ ਨੰਗੇ ਬਹੁਤੇ ਲੋਕ
ਦੁਨੀਆਂ ਦਾ ਦਸਤੂਰ ਨਿਰਾਲਾ ਪੱਥਰ ਦੇ ਗਲ ਪਾਏ ਫੁੱਲ

ਜੇਰਾ ਕਿੰਨਾ ਉਸ ਮਾਲੀ ਦਾ ਜਿਸਨੇ ਸਾਰੀ ਉਮਰ ਲੰਘਾਈ
ਲੋਕਾਈ ਦੀ ਖਾਤਿਰ ਏਥੇ ਹਰ ਪਲ ਬੀਜੇ ਲਾਏ ਫੁੱਲ

ਹਰ ਮਾਨਵ ਦੀ ਰਸਮ ਆਖੀਰੀ ਓਦੋਂ ਹੀ ਪੂਰੀ ਹੁੰਦੀ ਹੈ
ਜਦੋਂ ਵਾਰਿਸਾਂ 'ਕੱਠੇ ਕਰਕੇ ਪਾਣੀ ਵਿਚ ਵਹਾਏ ਫੁੱਲ

             (ਬਲਜੀਤ ਪਾਲ ਸਿੰਘ)

Wednesday, July 30, 2014

ਗ਼ਜ਼ਲ

ਪੌਣਾਂ ਦੇ ਸੰਗ ਰਲ ਕੇ ਚੱਲ ਗੀਤ ਗੁਣਗੁਣਾਈਏ
ਤੇ ਮਾਣੀਏ ਮੁਹੱਬਤ ਕੁਈ ਰਾਸ ਤਾਂ ਰਚਾਈਏ

ਜਿੰਨਾ ਦੀ ਸੇਧ ਲੈ ਕੇ ਚਲਦਾ ਰਹੇ ਜ਼ਮਾਨਾ
ਧਰਤੀ ਦੀ ਹਿੱਕ ਉਤੇ ਪਗਡੰਡੀਆਂ ਬਣਾਈਏ

ਜਿਸਨੇ ਵਫਾ ਨਾ ਕੀਤੀ ਉਸਨੂੰ ਵੀ ਮਾਫ ਕਰਨਾ
ਆਪਣੇ ਵਡੇਰਿਆਂ ਦੀ ਇਸ ਰੀਤ ਨੂੰ ਨਿਭਾਈਏ

ਹਰ ਪਲ ਇਹ ਸੋਚਦੇ ਨੇ ਕੁਝ ਬਦ-ਗੁਮਾਨ ਬੰਦੇ
ਜੋ ਸੱਚ ਬੋਲਦਾ ਹੈ ਉਸਨੂੰ ਕਿਵੇਂ ਦਬਾਈਏ

ਬੜੀ ਦੂਰ ਦਿਸ ਰਿਹਾ ਹੈ ਭਾਵੇ ਉਹ ਜਗਦਾ ਦੀਵਾ
ਕੁਝ ਰੋਸ਼ਨੀ ਲਵਾਂਗੇ ਕਦਮਾਂ ਨੂੰ ਜੇ ਵਧਾਈਏ

ਉਹ ਫੇਰ ਆ ਰਹੇ ਨੇ ਖੰਡਰ ਜਿੰਨਾ ਨੇ ਕੀਤਾ
ਰੱਖ ਹੌਂਸਲਾ ਕਿ ਮਿਲ ਕੇ ਹੁਣ ਸ਼ਹਿਰ ਨੂੰ ਬਚਾਈਏ

ਐਨੀ ਕੁ ਸ਼ਕਤੀ ਆਪਣੇ ਹਿਰਦੇ 'ਚ ਸਾਂਭ ਰੱਖੀ
ਸੁਖ ਨੇ ਸਦਾ ਨਾ ਰਹਿਣਾ ਦਰਦਾਂ ਨੂੰ ਵੀ ਹੰਢਾਈਏ

                    (ਬਲਜੀਤ ਪਾਲ ਸਿੰਘ)

Tuesday, July 22, 2014

ਗ਼ਜ਼ਲ

ਹਾੜਾ ਦਿਲਾਂ ਦੇ ਜਾਨੀ ਬਸ ਮੋੜ ਦੇ ਮੁਹੱਬਤ
ਆਉਂਦੀ ਨਹੀਂ ਨਿਭਾਉਣੀ ਤਾਂ ਛੋੜ ਦੇ ਮੁਹੱਬਤ

ਮੰਨਿਆ ਬੜਾ ਜਰੂਰੀ ਹੁਣ ਪਾਲੀਏ ਵਫਾਵਾਂ
ਏਦਾਂ ਵੀ ਤਾਂ ਨਹੀਂ ਚਾਹੁੰਦੇ ਦਿਲ ਤੋੜ ਦੇ ਮੁਹੱਬਤ

ਮਾਸੂਮ ਜਿਹੀਆਂ ਖੁਸ਼ੀਆਂ ਬਚਪਨ ਦੇ ਦਿਨ ਸੁਹਾਣੇ
ਕਾਗਜ਼ ਦੀ ਕਿਸ਼ਤੀ ਵਾਂਗੂੰ ਜੋ ਰੋੜ੍ਹ ਦੇ ਮੁਹੱਬਤ

ਤਿੜਕੇ ਨੇ ਜਿਹੜੇ ਰਿਸ਼ਤੇ ਕੱਚ ਦੀ ਪਲੇਟ ਵਾਂਗੂੰ
ਕਰੀਏ ਯਤਨ ਦੁਬਾਰਾ ਕਿ ਜੋੜ ਦੇ ਮੁਹੱਬਤ

ਭਾਵੇਂ ਜਿਆਦਾ ਦੁਨੀਆਂ ਸ਼ੁਹਰਤ ਹੀ ਭਾਲਦੀ ਹੈ
ਏਥੇ ਬਥੇਰੇ ਲੋਕੀਂ ਜੋ ਲੋੜ ਦੇ ਮੁਹੱਬਤ

                    ( ਬਲਜੀਤ ਪਾਲ ਸਿੰਘ)

Saturday, July 19, 2014

ਗ਼ਜ਼ਲ

ਲੱਥ ਗਿਆ ਜਦ ਤਾਜ ਫੇਰ ਤੂੰ ਰੋਵੀਂ ਨਾ
ਖੁੱਸ ਗਿਆ ਜਦ ਰਾਜ ਫੇਰ ਤੂੰ ਰੋਵੀਂ ਨਾ

ਇਹ ਜੀਵਨ ਫਿਰ ਮਿਲਣਾ ਨਈ ਸੰਗੀਤ ਜਿਹਾ
ਬੇਸੁਰ ਹੋ ਗਏ ਸਾਜ ਫੇਰ ਤੂੰ ਰੋਵੀਂ ਨਾ

ਲੋਕਾਂ ਤੋਂ ਤੂੰ ਖੋਹ ਲੈਨਾਂ ਏ ਮਾਰ ਝਮੁੱਟ
ਤੈਨੂੰ ਪੈ ਗਏ ਬਾਜ਼ ਫੇਰ ਤੂੰ ਰੋਵੀਂ ਨਾ

ਜਿੰਨਾ ਮਰਜ਼ੀ ਜ਼ੋਰ ਲਗਾ ਲੈ, ਖੁਸ਼ ਹੋ ਲੈ
ਆਖਿਰ ਮਿਲਣੀ ਭਾਜ ਫੇਰ ਤੂੰ ਰੋਵੀਂ ਨਾ

ਇੱਕ ਦਿਨ ਨੰਗਾ ਵਿਚ ਚੁਰਾਹੇ ਹੋਵੇਂਗਾ
ਖੁੱਲ ਜਾਣੇ ਸਭ ਪਾਜ ਫੇਰ ਤੂੰ ਰੋਵੀਂ ਨਾ

ਮਹਿਲ ਮੁਨਾਰੇ ਐਸ਼ ਪ੍ਰਸਤੀ ਭੁੱਲ ਜਾਣੀ
ਜਿੰਨਾ ਤੇ ਹੈ ਨਾਜ਼ ਫੇਰ ਤੂੰ ਰੋਵੀਂ ਨਾ

               (ਬਲਜੀਤ ਪਾਲ ਸਿੰਘ)

ਗ਼ਜ਼ਲ

ਕਦੇ ਖਾਮੋਸ਼ ਰਹਿੰਦਾ ਹਾਂ ਕਦੇ ਕੁਝ ਬੋਲਣਾ ਪੈਂਦਾ
ਕਰਾਂ ਤਕਸੀਮ ਖੁਸ਼ੀਆਂ ਨੂੰ ਗ਼ਮਾਂ ਨੂੰ ਫੋਲਣਾ ਪੈਂਦਾ

ਬੜੇ ਹੀ ਵਾਵਰੋਲੇ ਨੇ ਹਵਾ ਮੂੰਹਜ਼ੋਰ ਜੇਹੀ ਹੈ
ਉਡਾਰੀ ਭਰਨ ਤੋਂ ਪਹਿਲਾਂ ਪਰਾਂ ਨੂੰ ਤੋਲਣਾ ਪੈਂਦਾ

ਸਦਾ ਸਹਿਜੇ ਨਹੀਂ ਮਿਲਦੀ ਮੁਹੱਬਤ ਚੀਜ਼ ਹੀ ਐਸੀ
ਇਹਨੂੰ ਕਰਨਾ ਹੈ ਜੇ ਹਾਸਿਲ ਦਿਲਾਂ ਨੂੰ ਰੋਲਣਾ ਪੈਂਦਾ

ਜ਼ਮਾਨੇ ਤੋਂ ਨਹੀਂ ਛਿਪਦੇ ਕਦੇ ਵੀ ਪਿਆਰ ਦੇ ਹੰਝੂ
ਕਿਸੇ ਦੀ ਯਾਦ ਵਿਚ ਅੱਖਾਂ ਨੂੰ ਭਰ ਕੇ ਡੋ੍ਹਲਣਾ ਪੈਂਦਾ

ਬੜੇ ਹੀ ਰੰਗ ਬਿਖਰੇ ਨੇ ਹਰਿਕ ਦੇ ਸਾਹਮਣੇ ਲੇਕਿਨ
ਨਜ਼ਰ ਨੂੰ ਰਾਸ ਜੋ ਆਉਂਦੇ ਰੰਗਾਂ ਨੂੰ ਟੋਲਣਾ ਪੈਂਦਾ

ਇਹ ਤਾਣੀ ਜਿੰਦਗੀ ਦੀ ਫਿਰ ਬੜਾ ਹੈਰਾਨ ਕਰਦੀ ਹੈ
ਜਦੋਂ ਬਾਰੀਕ ਤੰਦਾਂ ਨੂੰ ਜੁਗਤ ਨਾਲ ਖੋਲਣਾ ਪੈਂਦਾ

                    (ਬਲਜੀਤ ਪਾਲ ਸਿੰਘ)

Friday, July 18, 2014

ਗ਼ਜ਼ਲ

ਖੁਸ਼ੀਆਂ ਜੋ ਦੂਰ ਗਈਆਂ ਚੱਲ ਮੋੜ ਕੇ ਲਿਆਈਏ
ਸਾਜਾਂ ਨੂੰ ਜੋੜ ਲਈਏ ਹੁਣ ਫੇਰ ਤੋਂ ਵਜਾਈਏ

ਐਵੇਂ ਨਾ ਕਰੀਏ ਸਾਰੇ ਫੁੱਲਾਂ ਦੀ ਦਾਅਵੇਦਾਰੀ
ਆਪਣੇ ਚੌਗਿਰਦਿਆਂ ਵਿਚ ਕੋਈ ਬੀਜ ਤਾਂ ਉਗਾਈਏ

ਰਾਹਾਂ ਵੀ ਨਰਮ ਜਿਹੀਆਂ ਮੰਜ਼ਿਲ ਵੀ ਖੂਬਸੂਰਤ
ਕੁਝ ਵੀ ਕਰਾਂਗੇ ਹਾਸਿਲ ਕਦਮਾਂ ਨੂੰ ਜੇ ਮਿਲਾਈਏ

ਸਾਡੇ ਜੋ ਗੀਤ ਰੁੱਸੇ ਸ਼ਾਇਦ ਉਹ ਪਰਤ ਆਵਣ
ਫਿਰ ਤੋਂ ਉਹਨਾਂ ਦੀ ਖਾਤਿਰ ਆਪਾਂ ਵੀ ਗੁਣਗੁਣਾਈਏ

ਲੱਗਦੇ ਨੇ ਬਹਿਰੇ ਹੋਏ ਪੱਥਰ-ਸ਼ਹਿਰ ਦੇ ਵਾਸੀ
ਵੀਣਾ ਇਹ ਰਿਸ਼ਤਿਆਂ ਦੀ ਚੱਲ ਹੋਰ ਥਾਂ ਸੁਣਾਈਏ

ਘਰ ਦੇ ਹਨੇਰੇ ਕੋਨੇ ਵਿਚ ਕੈਦ ਜੋ ਉਮੰਗਾਂ
ਮਨ ਦੇ ਪਰਿੰਦਿਆਂ ਨੂੰ ਆਕਾਸ਼ ਵਿਚ ਉਡਾਈਏ

                      (ਬਲਜੀਤ ਪਾਲ ਸਿੰਘ)

Sunday, July 6, 2014

ਗ਼ਜ਼ਲ

ਉਹਦੇ ਵਰਗਾ ਰੰਗ ਰੰਗੀਲਾ ਨਈਂ ਮਿਲਣਾ
ਉੱਚਾ ਲੰਮਾ ਛੈਲ ਛਬੀਲਾ ਨਈਂ ਮਿਲਣਾ

ਕਮਰ ਝੁਕੀ ਪੈ ਗਈਆਂ ਲਕੀਰਾਂ ਚਿਹਰੇ ਤੇ
ਬਚਪਨ ਵਾਲਾ ਸਾਜ਼ ਸੁਰੀਲਾ ਨਈਂ ਮਿਲਣਾ

ਰਾਹਾਂ ਦੇ  ਵਿਚ ਗੈਰ ਬੜੇ ਨੇ ਮਿਲ ਜਾਂਦੇ
ਆਪਣਿਆ ਦਾ ਕੋਈ ਕਬੀਲਾ ਨਈਂ ਮਿਲਣਾ

ਅਪਨੇ ਪਿੰਡ ਦੇ ਖੇਤ ਨੂੰ ਕਦੇ ਵਿਸਾਰੀਂ ਨਾ
ਏਦੋਂ ਚੰਗਾ ਹੋਰ ਵਸੀਲਾ ਨਈਂ ਮਿਲਣਾ

ਕਤਲ ਕਰਦੀਆਂ ਅੱਖਾਂ ਵੀ ਤਾਂ ਬੰਦੇ ਨੂੰ
ਖੰਜਰ ਐਨਾ ਤੇਜ ਨੁਕੀਲਾ ਨਈਂ ਮਿਲਣਾ

           (ਬਲਜੀਤ ਪਾਲ ਸਿੰਘ)

Wednesday, July 2, 2014

ਗ਼ਜ਼ਲ

ਹੁਣ ਰਹਿੰਦੇ ਹਾਂ ਰੰਗਾਂ ਤੇ ਗੁਲਜ਼ਾਰਾਂ ਵਿਚ
ਕਿਣ ਮਿਣ ਕਣੀਆਂ ਸਾਵਣ ਦੀਆਂ ਫੁਹਾਰਾਂ ਵਿਚ

ਰੁੱਖ ਲਗਾਏ ਬੀਜ ਵੀ ਬੀਜੇ ਤੇ ਦਿੱਤਾ ਪਾਣੀ
ਬੈਠੇ ਹਾਂ ਅੱਜ ਫੁੱਲਾਂ ਦੀਆਂ ਕਤਾਰਾਂ ਵਿਚ

ਦੂਰ ਪਹਾੜਾਂ ਤੇ ਵੀ ਨਾ ਉਹ ਮਿਲਦੀ ਮੌਜ
ਜੋ ਮਿਲਦੀ ਹੈ ਯਾਰਾਂ ਨਾਲ ਬਹਾਰਾਂ ਵਿਚ

ਨਸ਼ਿਆਂ ਨੇ ਸਭ ਚੂੰਡ ਲਏ ਨੇ ਵੇਖ ਜਵਾਨ
ਵਿਰਲਾ ਟਾਵਾਂ ਬਚਿਆ ਕੋਈ ਹਜ਼ਾਰਾਂ ਵਿਚ

ਪੱਥਰ ਪਿਘਲੇ ਮੋਮ ਵਾਂਗਰਾਂ ਹੋ ਜਾਂਦੇ
ਬੜਾ ਅਸਰ ਹੈ ਮਾਵਾਂ ਦੀਆਂ ਪੁਕਾਰਾਂ ਵਿਚ

ਕਰਦੈ ਕੌਣ ਉਡੀਕ ਕਾਲੀਆਂ ਰਾਤਾਂ ਦੀ
ਦਿਨ ਦੀਵੀਂ ਲੁੱਟਾਂ-ਖੋਹਾਂ ਹੋਣ ਬਜ਼ਾਰਾਂ ਵਿਚ

ਇਕ ਦਿੰਦੀ ਹੈ ਜ਼ਖਮ ਬੜੇ, ਇਕ ਫਹਾ ਧਰੇ
ਕਿੰਨਾ ਅੰਤਰ ਕਲਮਾਂ ਅਤੇ ਕਟਾਰਾਂ ਵਿਚ

               (ਬਲਜੀਤ ਪਾਲ ਸਿੰਘ)