Sunday, January 20, 2013

ਗ਼ਜ਼ਲ

ਫਿੱਕੇ ਫਿੱਕੇ ਹੋਏ ਰੰਗ ਜ਼ਮਾਨੇ ਦੇ
ਬਦਲ ਗਏ ਨੇ ਸਾਰੇ ਢੰਗ ਜ਼ਮਾਨੇ ਦੇ


ਜ਼ਹਿਰੀ ਹੋਇਆ ਫਿਰਦਾ ਏਥੇ ਹਰ ਕੋਈ
ਠੂੰਹੇਂ ਵਾਂਗੂੰ ਤਿੱਖੇ ਡੰਗ ਜ਼ਮਾਨੇ ਦੇ


ਅੱਜ ਉਹਨਾਂ ਦੀ ਸਾਰੇ ਥਾਈਂ ਪੈਂਠ ਬੜੀ
ਜਿਹੜੇ ਸੀਗੇ ਕੱਲ ਤੱਕ ਨੰਗ ਜ਼ਮਾਨੇ ਦੇ


ਵੰਡੀਆਂ ਪਾਈਆਂ ਧਰਮਾਂ,ਨਸਲਾਂ,ਜਾਤਾਂ ਨੇ
ਵੱਖਰੇ ਵੱਖਰੇ ਹੋਏ ਅੰਗ ਜ਼ਮਾਨੇ ਦੇ


ਅੱਤ ਚੁੱਕੀ ਹੈ ਬੁਰੇ ਅਤੇ ਬਦਮਾਸ਼ਾਂ ਨੇ
ਬੀਬੇ ਬੰਦੇ ਹੋ ਗਏ ਤੰਗ ਜ਼ਮਾਨੇ ਦੇ


ਏਥੋਂ ਦੀ ਕੋਈ ਰੁੱਤ ਅਸਾਂਨੂੰ ਰਾਸ ਨਹੀ
ਕਿਵੇਂ ਨਿਭਾਂਗੇ ਦੱਸੋ ਸੰਗ ਜ਼ਮਾਨੇ ਦੇ

              (ਬਲਜੀਤ ਪਾਲ ਸਿੰਘ)