Wednesday, December 14, 2011

ਗ਼ਜ਼ਲ

ਰੰਗ ਜ਼ਮਾਨੇ ਬਦਲਿਆ ਬਦਲ ਗਈ ਹੈ ਚਾਲ
ਫੋਕੀ ਚੌਧਰ ਵਾਸਤੇ ਕਰਦੇ ਲੋਕ ਪਲਾਲ

ਧੀਆਂ ਸਹੁਰੇ ਤੋਰੀਆਂ ਤੋਰ ਵਿਦੇਸ਼ੀਂ ਪੁੱਤ
ਵਿਚ ਬੁਢਾਪੇ ਝੂਰਦਾ ਕੋਈ ਨਾ ਪੁੱਛਦਾ ਹਾਲ

ਪੈਲਿਸ ਦੇ ਵਿਚ ਸ਼ਾਦੀਆਂ ਬਦਲੇ ਸਾਰੇ ਢੰਗ
ਧੀ ਜਵਾਈ ਪਿਉ ਪੁੱਤ ਨੱਚਦੇ ਨਾਲੋ ਨਾਲ

ਚਰਖਾ ਦਾਦੀ ਮਾਂ ਦਾ ਸੁੱਟਿਆ ਵਿਚ ਸਟੋਰ
ਤਿੰਨੇ ਪੁਰਜ਼ੇ ਗੁੰਮ ਨੇ ਤੱਕਲਾ,ਚਰਮਖ,ਮਾਹਲ

ਕਰਜੇ਼ ਹੇਠ ਕਿਸਾਨ ਨੂੰ ਨਾ ਲੱਭਿਆ ਕੋਈ ਹੱਲ
ਅੰਦਰ ਵੜ ਕੇ ਲੈ ਲਿਆ ਫਾਹਾ ਪੱਖੇ ਨਾਲ

ਅੰਦਰੋ ਅੰਦਰੀ ਰੱਖ ਲੈ ਆਪਣੇ ਦਿਲ ਦਾ ਰਾਜ਼
ਕੋਈ ਨਾ ਪਰਦੇ ਢੱਕਦਾ ਦਿੰਦੇ ਗੱਲ ਉਛਾਲ

Friday, December 2, 2011

ਗ਼ਜ਼ਲ

ਸਦਾ ਹੱਸਦਾ ਰਹੀਂ ਮੁਸਕਰਾਉਂਦਾ ਰਹੀਂ
ਗੀਤ ਲਿਖਦਾ ਰਹੀਂ ਗੁਣਗੁਣਾਉਂਦਾ ਰਹੀਂ

ਤਪ ਰਹੀ ਹੈ ਇਹ ਧਰਤੀ ਬੜੀ ਦੇਰ ਤੋਂ
ਬਣ ਕੇ ਸਾਵਣ ਦਾ ਬੱਦਲ ਤੂੰ ਛਾਉਂਦਾ ਰਹੀਂ

ਇਹ ਹਨੇਰੇ ਮਿਟਣ ਤੇ ਵਧੇ ਚਾਨਣਾ
ਬਣ ਕੇ ਸੂਰਜ ਸਦਾ ਫੇਰੀ ਪਾਉਂਦਾ ਰਹੀਂ

ਜਾ ਵਿਦੇਸ਼ੀਂ ਤੁੰ ਭੁੱਲ ਹੀ ਨਾ ਜਾਵੀਂ ਕਿਤੇ
ਬਚਪਨੇ ਦੀ ਗਲੀ ਪਿੰਡ ਆਉਂਦਾ ਰਹੀਂ

ਭਾਵੇਂ ਹੈ ਜਿੰਦਗੀ ਪੀੜਾਂ ਦਾ ਸਫਰ
ਸਹਿਜੇ ਸਹਿਜੇ ਕਦਮ ਤੂੰ ਵਧਾਉਂਦਾ ਰਹੀਂ

ਜਿੰਨਾਂ ਲੋਕਾਂ ਨੂੰ ਚਾਨਣ ਦੀ ਲੋਅ ਨਾ ਮਿਲੀ
ਉਂਹਨਾਂ ਲੋਕਾਂ ਲਈ ਦੀਵੇ ਜਗਾਉਂਦਾ ਰਹੀਂ