Sunday, December 25, 2016

ਗ਼ਜ਼ਲ



ਮੈਂ ਉਸਦਾ ਕਿਉਂ ਨਾ ਹੋਇਆ ਸੀ ਬੜਾ ਪਛਤਾ ਰਿਹਾ ਹਾਂ
ਜੁਦਾ ਉਸਤੋਂ ਖਲੋਇਆ ਸੀ ਬੜਾ ਪਛਤਾ ਰਿਹਾ ਹਾਂ

ਇਹਨਾਂ ਰੁੱਖਾਂ ਨੇ ਸੁੱਕਣਾ ਸੀ ਮੈਂ ਖੁਦ ਇਹ ਜਾਣਦੇ ਹੋਏ

ਜੜ੍ਹਾਂ ਵਿਚ ਤੇਲ ਚੋਇਆ ਸੀ ਬੜਾ ਪਛਤਾ ਰਿਹਾ ਹਾਂ

ਭਟਕਦਾ ਮਰ ਗਿਆ ਇੱਕ ਅਜਨਬੀ ਕੱਲ ਸ਼ਹਿਰ ਮੇਰੇ ਜੋ,

ਮੈਂ ਦਰ ਆਪਣੇ ਨੂੰ ਢੋਇਆ ਸੀ ਬੜਾ ਪਛਤਾ ਰਿਹਾ ਹਾਂ

ਉਹ ਜਿਹੜਾ ਲੁੱਟ ਕੇ ਲੋਕਾਂ ਨੂੰ ਹੁਣ ਤੱਕ ਖਾ ਗਿਆ ਯਾਰੋ

ਕਿ ਸੰਗ ਉਸਦੇ ਖਲੋਇਆ ਸੀ ਬੜਾ ਪਛਤਾ ਰਿਹਾ ਹਾਂ

ਉਹਨਾਂ ਰਸਤਿਆਂ ਤੇ ਤੁਰਦਿਆਂ ਮੈਂ ਸੋਚਿਆ ਨਾ ਸੀ

ਮੇਰੇ ਰਸਤੇ ,ਚ ਟੋਇਆ ਸੀ ਬੜਾ ਪਛਤਾ ਰਿਹਾ ਹਾਂ

ਕਰਾਂ ਮੈਂ ਆਰਜ਼ੂ ਫੁੱਲਾਂ ਦੀ ਐਵੇਂ ਹੀ ਬਿਨਾਂ ਸੋਚੇ

ਨਾ ਕੋਈ ਬੀਜ ਬੋਇਆ ਸੀ ਬੜਾ ਪਛਤਾ ਰਿਹਾ ਹਾਂ

ਮੇਰੀ ਚਾਹਤ ਮੇਰੀ ਖਾਹਿਸ਼ ਜੇ ਕਿਧਰੇ ਤੋੜ ਚੜ੍ਹ ਜਾਂਦੀ

ਮੇਰਾ ਸੁਫਨਾ ਜੋ ਮੋਇਆ ਸੀ ਬੜਾ ਪਛਤਾ ਰਿਹਾ ਹਾਂ


(ਬਲਜੀਤ ਪਾਲ ਸਿੰਘ)

ਗ਼ਜ਼ਲ



ਜੱਗ ਅੰਦਰ ਹੁਣ ਤਾਂ ਕੋਈ ਵੀ ਖਰਾ ਬੰਦਾ ਨਹੀਂ
ਜਿਸ ਤਰਾਂ ਸੋਨੇ ਦਾ ਹੁੰਦਾ ਖੋਟ ਬਿਨ ਧੰਦਾ ਨਹੀਂ

ਜੋ ਬਰਾਬਰ ਕਰ ਦਵੇ ਕੁੱਲੀਆਂ ਤੇ ਮਹਿਲਾਂ ਨੂੰ ਕਦੇ
ਇਸ ਤਰਾਂ ਦਾ ਬਣਿਆ ਹੋਇਆ ਕੋਈ ਵੀ ਰੰਦਾ ਨਹੀਂ

ਖਾ ਗਏ ਨੇ ਲੁੱਟ ਕੇ ਜੋ ਦੇਸ਼ ਨੂੰ ਲੀਡਰ ਬੁਰੇ
ਕਾਹਤੋਂ ਉਹਨਾਂ ਦੇ ਗਲੇ ਫਾਂਸੀ ਦਾ ਫੰਦਾ ਨਹੀਂ

ਮਾੜੇ ਅਤੇ ਗਰੀਬ ਦਾ ਵੀ ਹੱਕ ਜਿਸਨੇ ਮਾਰਿਆ
ਉਹਦੇ ਵਰਗਾ ਇਸ ਦੁਨੀਆਂ ਤੇ ਆਦਮੀ ਗੰਦਾ ਨਹੀਂ

ਸਿਆਸਤਾਂ ਦੇ ਨਾਮ ਤੇ ਜੋ ਭਰ ਗਏ ਤਿਜੌਰੀਆਂ
ਲੋਕਾਂ ਦਾ ਹੀ ਖੂਨ ਹੈ ਉਹ ਕੋਈ ਚੰਦਾ ਨਹੀਂ

ਨਿੱਤ ਹੀ ਦੰਗੇ ਫਸਾਦ ਹਾਦਸੇ ਨੇ ਬੇਸ਼ੁਮਾਰ
ਕੌਣ ਕਹਿੰਦਾ ਹਾਲ ਮੇਰੇ ਸ਼ਹਿਰ ਦਾ ਮੰਦਾ ਨਹੀਂ

(ਬਲਜੀਤ ਪਾਲ ਸਿੰਘ)


Friday, December 16, 2016

ਗ਼ਜ਼ਲ


ਨਾ ਖਤਰਾ ਧਰਮ ਨੂੰ ਹੈ ਤੇ ਨਾ ਹੈ ਈਮਾਨ ਨੂੰ ਖਤਰਾ
ਜੇ ਖਤਰਾ ਹੈ ਤਾਂ ਕੇਵਲ ਆਦਮੀ ਦੀ ਜਾਨ ਨੂੰ ਖਤਰਾ


ਨਗਰ ਤਾਂ ਸੜ ਰਿਹਾ ਹੈ ਪਰ ਵਜਾਉਂਦਾ ਬੰਸਰੀ ਨੀਰੋ
ਕੋਈ ਸਮਝਾ ਦਿਓ ਹੁਣ ਸ਼ਹਿਨਸ਼ਾਹ ਦੀ ਤਾਨ ਨੂੰ ਖਤਰਾ


ਉਹ ਲੋਕਾਂ ਕੋਲ ਆਏ ਨੇ ਵਜਾਉਂਦੇ ਧਰਮ ਦੀ ਤੂਤੀ
ਕਦੇ ਟੋਪੀ ਕਦੇ ਤੁਰਲੇ ਦੀ ਉੱਚੀ ਸ਼ਾਨ ਨੂੰ ਖਤਰਾ


ਕਿਸੇ ਦਾ ਬੈਂਕ ਬੈਲੈਂਸ ਹੈ ਕਿਸੇ ਦੇ ਕਾਰਖਾਨੇ ਨੇ
ਕਿਸੇ ਦੀ ਜੇਬ ਅੰਦਰਲੀ ਨਿਗੂਣੀ ਭਾਨ ਨੂੰ ਖਤਰਾ


ਜਿਵੇਂ ਇਹ ਸ਼ਹਿਰ ਮਾਰੋ ਮਾਰ ਕਰਦਾ ਫੈਲਦਾ ਜਾਂਦਾ
ਬੜਾ ਖੇਤੀ ਨੂੰ ਖਤਰਾ ਹੈ ਬੜਾ ਕਿਰਸਾਨ ਨੂੰ ਖਤਰਾ


ਹਨੇਰੀ ਆ ਰਹੀ ਤਾਂ ਹੀ ਬੜਾ ਕੁਝ ਸਾਂਭਿਆ ਲੋਕਾਂ
ਇਕੱਲਾ ਰਹਿ ਗਿਆ ਸੁੰਨਾ ਬੜਾ ਫੁੱਲਦਾਨ ਨੂੰ ਖਤਰਾ


ਜਨੌਰਾਂ ਨੂੰ ਕਹੋ ਛਿਪ ਜਾਣ ਉੁਹ ਜੰਗਲ ਦੇ ਵਿਚ ਜਾ ਕੇ
ਅਜੇ ਹਿਰਨਾਂ ਨੂੰ ਖਤਰਾ ਹੈ ਨਹੀਂ ਸਲਮਾਨ ਨੂੰ ਖਤਰਾ


ਕਰੋ ਨਾ ਏਸ ਥਾਂ ਖੋਜਾਂ ਕਹੋ ਵਿਗਿਆਨੀਆਂ ਤਾਈਂ
ਕਿ ਮੇਰੇ ਦੇਸ਼ ਵਿਚ ਧਰਮਾਂ ਤੋਂ ਹੈ ਵਿਗਿਆਨ ਨੂੰ ਖਤਰਾ


ਕਿਉਂ ਨਹੀਂ ਸੋਚਦਾ ਭੋਰਾ ਜੋ ਬੈਠਾ ਹੈ ਸਿੰਘਾਸਨ ਤੇ
ਕਿ ਲੱਗੀ ਅੱਗ ਤਾਂ ਹੋਵੇਗਾ ਹਿੰਦੁਸਤਾਨ ਨੂੰ ਖਤਰਾ


(ਬਲਜੀਤ ਪਾਲ ਸਿੰਘ)

Sunday, December 4, 2016

ਗ਼ਜ਼ਲ

ਚੰਨ ਨਾਲੋਂ ਚਾਨਣੀ ਦਾ ਵਾਸਤਾ ਜਾਂਦਾ ਰਿਹਾ
 ਉਜਲੇ ਸਵੇਰਿਆਂ ਨੂੰ ਨ੍ਹੇਰ ਖਾ ਜਾਂਦਾ ਰਿਹਾ
 ਖਲੋ ਗਿਆ ਹਾਂ ਥੱਕ ਕੇ ਹੰਭ ਹਾਰ ਕੇ ਅਖੀਰ ਨੂੰ
 ਦੇਖਦਾ ਹਾਂ ਦੋਸਤਾਂ ਦਾ ਕਾਫਿਲਾ ਜਾਂਦਾ ਰਿਹਾ 
ਵਕਤ ਕਿੱਦਾਂ ਬਦਲਦਾ ਹੈ ਆਪਣਾ ਦੇਖੋ ਮਿਜ਼ਾਜ਼
 ਰਿਸ਼ਤਿਆਂ ਵਿਚ ਨਿੱਘ ਵਾਲਾ ਰਾਬਤਾ ਜਾਂਦਾ ਰਿਹਾ
 ਝਗੜਦੇ ਨੇ ਲੋਕ ਐਵੇਂ ਫੋਕੀ ਹਾਊਮੇ ਵਾਸਤੇ 
ਸਾਦਗੀ ਸੰਜਮ ਹਯਾ ਦਾ ਜਾਬਤਾ ਜਾਂਦਾ ਰਿਹਾ
 ਤੁਰ ਗਿਆ ਪ੍ਰਦੇਸ ਪੁੱਤਰ ਡਾਲਰਾਂ ਦੀ ਭਾਲ ਵਿਚ
 ਮਾਪਿਆਂ ਕੋਲੋਂ ਉਹਨਾਂ ਦਾ ਆਸਰਾ ਜਾਂਦਾ ਰਿਹਾ
 ਕਿਸ ਤਰਾਂ ਇਹ ਆਣ ਟਪਕੇ ਰੰਗ ਘਸਮੈਲੇ ਜਿਹੇ
 ਤਿਤਲੀਆਂ ਨੂੰ ਫੜ੍ਹਨ ਦਾ ਹਰ ਵਲਵਲਾ ਜਾਂਦਾ ਰਿਹਾ
 ਬਹੁਤ ਵੱਡੀ ਫੌਜ ਤੇ ਹਥਿਆਰ ਹਾਕਮ ਕੋਲ ਨੇ
 ਕੁੱਲੀਆਂ ਦੇ ਵਾਸੀਆਂ ਦਾ ਹੌਸਲਾ ਜਾਂਦਾ ਰਿਹਾ
 ਜਿੰਦਗੀ ਇਹਨੀਂ ਦਿਨੀਂ ਵਿਉਪਾਰ ਬਣ ਕੇ ਰਹਿ ਗਈ 
ਮੋਹ ਮੁਹੱਬਤ ਪਿਆਰ ਵਾਲਾ ਸਿਲਸਿਲਾ ਜਾਂਦਾ ਰਿਹਾ
 (ਬਲਜੀਤ ਪਾਲ ਸਿੰਘ)

Thursday, December 1, 2016

ਗ਼ਜ਼ਲ

ਦਿਲਲਗੀ ਨਾ ਆਸ਼ਕੀ ਨਾ ਮੋਹ ਵਫਾ ਕੋਈ ਨਹੀਂ
ਇਹ ਕੇਹਾ ਸੰਤਾਪ ਹੈ ਭਾਵੇਂ ਖਤਾ ਕੋਈ ਨਹੀਂ

ਸਿਰਨਾਵਿਆਂ ਦੀ ਪੋਟਲੀ ਦੇਖਾਂ ਜਦੋਂ ਮੈਂ ਖੋਲ ਕੇ
ਭੇਜਣਾ ਜਿਸ ਤੇ ਸੁਨੇਹਾ ਉਹ ਪਤਾ ਕੋਈ ਨਹੀਂ

ਫਰੋਲ ਵੀ ਦੇਖ ਲਈਆਂ ਤੇਰੀਆਂ ਮੈਂ ਡਾਇਰੀਆਂ
ਜਿਸ ਤੇ ਮੇਰਾ ਨਾਮ ਹੋਵੇ ਉਹ ਸਫਾ ਕੋਈ ਨਹੀਂ

ਮਰਜ਼ ਹੁੰਦੀ ਠੀਕ ਨਾ ਦਾਰੂ ਵੀ ਕਿੰਨੇ ਕਰ ਲਏ
ਅਜਬ ਦਿਲ ਤੇ ਬੋਝ ਹੈ ਟਲਦੀ ਬਲਾ ਕੋਈ ਨਹੀਂ

ਕਤਲ ਹੋਇਆ ਚੌਂਕ ਅੰਦਰ ਬੇਕਸੂਰੇ ਸ਼ਖਸ਼ ਦਾ
ਫਿਰ ਵੀ ਕਾਤਿਲ ਬਚ ਗਿਆ ਉਸਨੂੰ ਸਜ਼ਾ ਕੋਈ ਨਹੀਂ

ਲਿਖ ਰਿਹਾ ਕਵਿਤਾ ਹੈ ਜਿਹੜਾ ਟੋਲ ਕੇ ਆਪਣੀ ਜ਼ਮੀਰ
ਕਲਯੁਗੀ ਇਸ ਦੌਰ ਵਿਚ ਉਸਦਾ ਭਲਾ ਕੋਈ ਨਹੀਂ

ਰਹਿ ਕੇ ਜਿਹੜਾ ਕੋਲ ਵੀ ਰੱਖਦਾ ਬੜੇ ਸੀ ਫਾਸਲੇ
ਓਸ ਦੇ ਤੁਰ ਜਾਣ ਉਤੇ ਵੀ ਗਿਲਾ ਕੋਈ ਨਹੀਂ

ਘੁੰਮਦੀਆਂ ਨੀਲੇ ਆਕਾਸ਼ੀਂ ਬੱਦਲੀਆਂ ਤਾਂ ਬਹੁਤ ਨੇ
ਰੂਹ ਕਰੇ ਸ਼ਰਸ਼ਾਰ ਜਿਹੜੀ ਉਹ ਘਟਾ ਕੋਈ ਨਹੀਂ

ਬੰਦਿਆਂ ਨੂੰ ਚਾਰਨਾ ਹੈ ਰਾਜਨੀਤੀ ਦਾ ਮਿਜਾਜ਼
ਏਸ ਤੋਂ ਬਲਜੀਤ ਉੱਚੀ ਹੁਣ ਕਲਾ ਕੋਈ ਨਹੀਂ


(ਬਲਜੀਤ ਪਾਲ ਸਿੰਘ)

ਗ਼ਜ਼ਲ



ਮੇਰਾ ਦਿਲਦਾਰ ਕਿੱਦਾਂ ਦਾ ਜੋ ਹਰ ਵੇਲੇ ਦਗਾ ਦੇਵੇ
ਕਿ ਸ਼ੀਤਲ ਪੌਣ ਦੇ ਬਦਲੇ ਜੋ ਆਤਿਸ਼ ਨੂੰ ਹਵਾ ਦੇਵੇ


ਇਹਦਾ ਅੰਜ਼ਾਮ ਵੀ ਬਹੁਤਾ ਕਦੇ ਚੰਗਾ ਨਹੀਂ ਹੋਣਾ
ਮੈਂ ਚਾਹਾਂ ਬੈਠੀਏ ਮਿਲ ਕਿ ਉਹ ਮਜ਼ਬੂਰੀ ਗਿਣਾ ਦੇਵੇ


ਉਹ ਜਿਹੜਾ ਮਾਣ ਕਰਦਾ ਹੈ ਬੜੀ ਉੱਚੀ ਅਟਾਰੀ ਦਾ
ਕੋਈ ਸਮਝਾ ਦਿਉ ਕੁਦਰਤ ਤਾਂ ਮਹਿਲਾਂ ਨੂੰ ਹਿਲਾ ਦੇਵੇ


ਕਹੋ ਤ੍ਰਿਸ਼ੂਲ ਵਾਲੇ ਨੂੰ ਕਰੇ ਉਹ ਲਾਲ ਨਾ ਅੱਖਾਂ
ਅਤੇ ਤਲਵਾਰ ਵਾਲਾ ਵੀ ਨਾ ਮੁੱਛਾਂ ਨੂੰ ਵਟਾ ਦੇਵੇ


ਬੜੀ ਮੁੱਦਤ ਤੋਂ ਪੌਣਾਂ ‘ਚੋਂ ਕਦੇ ਸੰਗੀਤ ਨਹੀਂ ਸੁਣਿਆ
ਵਜਾਵੇ ਬੰਸਰੀ ਕੋਈ ਤੇ ਕੰਨਾਂ ਨੂੰ ਸੁਣਾ ਦੇਵੇ


ਜਦੋਂ ਆਵਾਮ ਯਾਰੋ ਆਪਣੀ ਮਰਜ਼ੀ ਤੇ ਆ ਜਾਂਦਾ
ਉਹ ਤਾਜਾਂ ਨੂੰ ਪਲਾਂ ਅੰਦਰ ਹੀ ਮਿੱਟੀ ਵਿਚ ਮਿਲਾ ਦੇਵੇ


ਜਦੋਂ ਵੀ ਜਾਪਦੀ ਹਾਕਮ ਨੂੰ ਉਸਦੀ ਡੋਲਦੀ ਕੁਰਸੀ
ਇਹੋ ਇਤਿਹਾਸ ਵਿਚ ਲਿਖਿਆ ਹੈ ਉਹ ਜੰਗਾਂ ਲਵਾ ਦੇਵੇ


(ਬਲਜੀਤ ਪਾਲ ਸਿੰਘ)

Thursday, November 24, 2016

ਗ਼ਜ਼ਲ

ਫੁੱਲਾਂ ਨਾਲੋ ਮੋਹ ਲੋਕਾਂ ਦਾ ਭੰਗ ਬਈ
ਲੋਕੀਂ ਜਾਪਣ ਜਿਵੇਂ ਉਡੀਕਣ ਜੰਗ ਬਈ

ਤਿੱਖੇ ਤਿੱਖੇ ਸਾਰੇ ਆਕੜਖੋਰੇ ਨੇ
ਜਿਸ ਨੂੰ ਛੇੜੋ ਉਹੀ ਮਾਰੇ ਡੰਗ ਬਈ
ਚਾਰ ਚੁਫੇਰੇ ਜਾਹਿਲ ਤੇ ਅਨਪੜ੍ਹ ਬੰਦੇ
ਅਕਲਾਂ ਬਾਝੋਂ ਵੀ ਨੇ ਪੂਰੇ ਨੰਗ ਬਈ
ਸ਼ੋਰ ਸ਼ਰਾਬਾ ਏਦਾਂ ਗਲੀਆਂ ਵਿਚ ਗੂੰਜੇ
ਸੌਂਦੇ ਬਹਿੰਦੇ ਕਰਦਾ ਪੂਰਾ ਤੰਗ ਬਈ
ਜਾਨੋਂ ਮਾਰਨ ਤੱਕ ਦੀ ਧਮਕੀ ਦੇ ਦਿੰਦੇ
ਰਾਖੇ ਧਰਮਾਂ ਦੇ ਕਰ ਜਾਂਦੇ ਦੰਗ ਬਈ
ਨੇਤਾ ਲੋਕ ਵੀ ਗੱਲ ਕਿਸੇ ਦੀ ਸੁਣਦੇ ਨਹੀਂ
ਜਿਹੜਾ ਬੋਲੇ ਉਸਨੂੰ ਦਿੰਦੇ ਟੰਗ ਬਈ
ਹੋਏ ਨੇ ਪਹਿਰਾਵੇ ਵੀ ਅਦਭੁਤ ਬੜੇ
ਦੇਖ ਦੇਖ ਕੇ ਬੰਦਾ ਜਾਵੇ ਸੰਗ ਬਈ
ਹਰ ਹੀਲੇ ਹੀ ਕੁਰਸੀ ਹਾਸਿਲ ਕਰਨੀ ਹੈ
ਵਰਤਣਗੇ ਉਹ ਸਾਰੇ ਮਾੜੇ ਢੰਗ ਬਈ
ਗੁੰਡੀ ਰੰਨ ਪ੍ਰਧਾਨ ਤੇ ਲੁੱਚਾ ਲੀਡਰ ਹੈ
ਵਕਤ ਦਿਖਾਵੇ ਕੈਸੇ ਕੈਸੇ ਰੰਗ ਬਈ
(ਬਲਜੀਤ ਪਾਲ ਸਿੰਘ)

Saturday, November 5, 2016

ਗ਼ਜ਼ਲ

ਭਾਵੇਂ ਫੁੱਲ ਦੀ ਬਹੁਤ ਲੰਮੇਰੀ ਉਮਰ ਕਦੇ ਵੀ ਹੋਈ ਨਾ
ਫਿਰ ਵੀ ਮਹਿਕਾਂ ਵੰਡਣ ਵੇਲੇ ਉਸਦਾ ਸਾਨੀ ਕੋਈ ਨਾ
ਨਿੱਘ ਵਫਾ ਦਾ ਮਿਲਦਾ ਨਹੀਓਂ ਕਿਸੇ ਬਣਾਉਟੀ ਰਿਸ਼ਤੇ ਚੋਂ
ਕਾਗਜ਼ ਦੇ ਫੁੱਲਾਂ ਚੋਂ ਆਉਂਦੀ ਭੋਰਾ ਵੀ ਖੁਸ਼ਬੋਈ ਨਾ
ਬਹਿ ਜਾਂਦੇ ਜੋ ਹੰਭ ਹਾਰ ਕੇ ਅੱਧਵਾਟੇ ਹੀ ਰਾਹਵਾਂ ਵਿਚ
ਕਿੰਜ ਮਿਲੇਗੀ ਮੰਜ਼ਿਲ ਜੇਕਰ ਕੀਤੀ ਚਾਰਾਜੋਈ ਨਾ
ਨਫਰਤ ਦੇ ਕੁਝ ਬੋਲ ਉੰਨਾ ਦੇ ਤੀਰਾਂ ਵਾਂਗੂੰ ਵਿੰਨ ਗਏ
ਦਰਦਾਂ ਦੀ ਇਹ ਪੀੜ ਅਵੱਲੀ ਜਾਂਦੀ ਹੋਰ ਸਮੋਈ ਨਾ
ਜਿਸਦੀ ਆਦਤ ਵਗਦੇ ਰਹਿਣਾ ਉਸਨੂੰ ਲੱਖ ਸਲਾਮਾਂ ਨੇ
ਠਹਿਰੇ ਹੋਏ ਪਾਣੀ ਵਿਚੋਂ ਜਾਂਦੀ ਵੀ ਬਦਬੋਈ ਨਾ
ਗੁਰਬਤ ਦੇ ਸੰਸਾਰ ਦੇ ਅੰਦਰ ਭੁੱਖੇ ਨੰਗੇ ਮਰਦੇ ਲੋਕ
ਪੱਥਰ ਅੱਖ ਹਾਕਮ ਦੀ ਫਿਰ ਵੀ ਭੋਰਾ ਜਿੰਨਾ ਰੋਈ ਨਾ
(ਬਲਜੀਤ ਪਾਲ ਸਿੰਘ)

Thursday, September 29, 2016

ਗ਼ਜ਼ਲ


ਕੁਹਾੜੀ ਫੜ ਕੁਈ ਜੰਗਲ ਨੂੰ ਤੁਰਿਆ ਆ ਰਿਹਾ ਹੈ.

 ਬੜਾ ਹੀ ਖੌਫ ਬ੍ਰਿਖਾਂ ਦੇ ਮਨਾਂ ਤੇ ਛਾ ਰਿਹਾ ਹੈ 
ਚੱਲੀ ਹੈ ਗੋਲੀ ਤੇ ਸੰਨਾਟਾ ਹੈ ਬੁਰਾ ਛਾਇਆ, 
ਪਰਿੰਦਾ ਡਿੱਗ ਕੇ ਧਰਤੀ 'ਤੇ ਤੜਪੀ ਜਾ ਰਿਹਾ ਹੈ
ਸਮੇਂ ਦੇ ਕੈਨਵਸ ਉੱਤੇ ਅਜੇਹੇ ਖੌਫ ਦੇ ਮੰਜ਼ਰ,
ਕਿ ਬੰਦਾ ਖੁਦ ਹੀ ਖਾਕਾ ਮੌਤ ਵਾਲਾ ਵਾਹ ਰਿਹਾ ਹੈ
ਹਵਾਵਾਂ ਕੈਦ ਨਾ ਹੋਈਆਂ ਕਦੇ ਮਹਿਕਾਂ ਨਹੀਂ ਮਰੀਆਂ
ਉਹਨੂੰ ਸਮਝਾ ਦਿਓ ਜੋ ਗੁਲਸਿਤਾਂ ਝੁਲਸਾ ਰਿਹਾ ਹੈ 
ਤਨਾਉ ਬਹੁਤ ਹੈ ਸਰਹੱਦ ਤੇ ਐਪਰ ਫਿਕਰ ਹੈ ਨਾ 
ਜਰਾ ਦੇਖੋ ਕਿ  ਫੌਜੀ ਖਤ ਗਰਾਂ ਨੂੰ ਪਾ ਰਿਹਾ ਹੈ
(ਬਲਜੀਤ ਪਾਲ ਸਿੰਘ)

ਗ਼ਜ਼ਲ


ਅਸੀਂ ਬਸ ਹਾਕਮਾਂ ਦੀ ਹਰ ਗੁਲਾਮੀ ਸਹਿਣ ਜੋਗੇ ਹਾਂ..
ਬਿਗਾਨੇ ਪਰਚਮਾਂ ਦੀ ਓਟ ਹੇਠਾਂ ਬਹਿਣ ਜੋਗੇ ਹਾਂ..


ਪਸੀਨਾ ਕਾਮਿਆਂ ਦਾ,ਪਰ ਅਸਾਨੂੰ ਮੁਸ਼ਕ ਆਉਂਦਾ ਹੈ,
ਲੁਟੇਰੇ ਲਾਣਿਆਂ ਦੀ ਹਾਜ਼ਰੀ ਵਿਚ ਰਹਿਣ ਜੋਗੇ ਹਾਂ..


ਦਰਖਤਾਂ ਤੇ ਜਨੌਰਾਂ ਦੇ ਕਦੇ ਨੇੜੇ ਨਹੀਂ ਫਟਕੇ,
ਅਖੌਤੀ ਬਾਬਿਆਂ ਦੇ ਜੋੜਿਆਂ 'ਤੇ ਢਹਿਣ ਜੋਗੇ ਹਾਂ..


ਜਦੋਂ ਵੀ ਖੋਹਲੀਆਂ ਅੱਖਾਂ ਤਾਂ ਥੋਹਰਾਂ ਦਿੱਸੀਆਂ ਸਾਹਵੇਂ
ਕਦੇ ਨਾ ਫੁੱਲ ਬੀਜੇ ਕੰਡਿਆਂ ਸੰਗ ਖਹਿਣ ਜੋਗੇ ਹਾਂ..


ਬੜਾ ਹੀ ਦੋਸਤਾਂ ਉੱਤੇ ਕਦੇ ਜੋ ਮਾਣ ਹੁੰਦਾ ਸੀ,
ਉਹਨਾਂ ਦੀ ਬੇਰੁਖੀ 'ਤੇ ਬੇਤੁਕਾ ਕੁਝ ਕਹਿਣ ਜੋਗੇ ਹਾਂ..


ਕਸੂਤੇ ਰਿਸ਼ਤਿਆਂ ਦੀ ਭੀੜ ਸਾਨੂੰ ਨਾਲ ਡੋਬੇਗੀ,
ਹਵਾ ਦੇ ਆਸਰੇ 'ਬਲਜੀਤ' ਹੁਣ ਤਾਂ ਵਹਿਣ ਜੋਗੇ ਹਾਂ..

(ਬਲਜੀਤ ਪਾਲ ਸਿੰਘ)


Saturday, September 17, 2016

ਗ਼ਜ਼ਲ

.ਅਸੀਂ ਜਦ ਹੱਕ ਮੰਗਦੇ ਹਾਂ ਤਾਂ ਉਹ ਲਾਰੇ ਫੜਾ ਦਿੰਦੇ
ਕਿ ਸਾਡੀ ਜੀਭ ਸਾਡੀ ਕਲਮ ਤੇ ਪਹਿਰੇ ਬਿਠਾ ਦਿੰਦੇ
ਕਦੇ ਜੇ ਮੇਟਣਾ ਚਾਹਿਆ ਧਰਮ ਦਾ ਭੇਦ ਵੀ ਲੋਕਾਂ
ਇਹ ਤਖਤਾਂ ਨੂੰ ਨਹੀਂ ਭਾਉਂਦਾ ਉਹ ਫਿਰ ਦੰਗੇ ਕਰਾ ਦਿੰਦੇ
ਲਹੂ ਪੀਂਦੇ ਨੇ ਜਨਤਾ ਦਾ ਇਹ ਜੋਕਾਂ ਵਾਂਗਰਾਂ ਨੇਤਾ
ਚੋਣਾਂ ਆਉਂਦੀਆਂ ਲੋਕਾਂ ਨੂੰ ਫਿਰ ਝੰਡੇ ਥਮਾ ਦਿੰਦੇ
ਮਿਲਦੇ ਨੇ ਕਰੋੜਾਂ ਖੇਡਦੇ ਜੋ ਖੇਡ ਕ੍ਰਿਕਟ ਦੀ
ਸ਼ਹੀਦਾਂ ਦੇ ਕਫ਼ਨ ਤੇ ਸਿਰਫ ਕੁਝ ਤਮਗੇ ਲਗਾ ਦਿੰਦੇ
ਬੜਾ ਹੀ ਧਨ ਕਮਾਇਆ ਹੈ ਜਿੰਨਾ ਨੇ ਵਰਤ ਕੇ ਸੱਤਾ
ਵਿਦੇਸ਼ਾਂ ਵਿਚ ਵੀ ਉਹ ਚੋਰੀਓਂ ਖਾਤੇ ਖੁਲਾ ਦਿੰਦੇ
ਵਿਕ ਗਈਆਂ ਨੇ ਅਖਬਾਰਾਂ ਤੇ ਚੈਨਲ ਵੀ ਵਿਕਾਊ ਨੇ
ਜਿਹੜਾ ਤਾਰਦਾ ਰਕਮਾਂ ਓਹਦੇ ਸੋਹਲੇ ਸੁਣਾ ਦਿੰਦੇ
ਘਰਾਂ ਵਿਚ ਪਰਦਿਆਂ ਪਿੱਛੇ ਜੋ ਰਚਦੇ ਸਾਜਿਸ਼ਾਂ ਹਰ ਦਮ
ਘਰਾਂ ਦੇ ਬਾਹਰ ਫੁੱਲਾਂ ਦੇ ਭਰੇ ਗਮਲੇ ਸਜਾ ਦਿੰਦੇ

(ਬਲਜੀਤ ਪਾਲ ਸਿੰਘ)

Tuesday, August 23, 2016

ਗ਼ਜ਼ਲ


ਸ਼ਹਿਰ ਨੂੰ ਕਹਿ ਕੇ ਜਦੋਂ ਦਾ ਤੁਰ ਗਿਆ ਉਹ ਅਲਵਿਦਾ
ਇੰਜ ਲੱਗਦਾ ਹੈ ਜਿਵੇਂ ਹੁਣ ਭਟਕਿਆ ਹੈ ਕਾਫਿਲਾ


ਮੰਦੇ ਲੋਕਾਂ ਨੇ ਸਿਆਸਤ ਕਰ ਲਈ ਮੰਦੀ ਬੜੀ
ਹੋ ਗਿਆ ਦੇਖੋ ਸ਼ੁਰੂ ਬਰਬਾਦੀਆਂ ਦਾ ਸਿਲਸਿਲਾ


ਚਟਮ ਕੀਤੇ ਚੌਧਰਾਂ ਨੇ ਸਾਰੇ ਹੀ ਕਾਇਦੇ ਕਾਨੂੰਨ
ਆਦਮੀ ਤੋਂ ਆਦਮੀ ਦਾ ਵਧ ਗਿਆ ਹੈ ਫਾਸਲਾ


ਥੋੜੇ ਪਲ ਆਰਾਮ ਦੇ ਜਦ ਗੁਜ਼ਾਰੇ ਨੇ ਕਦੇ
ਓਸ ਤੋਂ ਵਧ ਕੇ ਵੀ ਆਇਆ ਹੈ ਹਮੇਸ਼ਾ ਜ਼ਲਜ਼ਲਾ


ਜਿਸ ਤਰਾਂ ਦੇ ਮੌਸਮਾਂ ਦੀ ਤੈਨੂੰ ਰਹਿੰਦੀ ਹੈ ਤਲਾਸ਼
ਇਸ ਜਗ੍ਹਾ ਹਾਸਿਲ ਨਾ ਹੋਣੇ ਛੱਡ ਦਿਲਾ ਵੇ ਪਾਗਲਾ


ਰਿਸ਼ਤਿਆਂ ਦਾ ਮੁੱਲ ਵੀ ਹੁਣ ਤਾਰਨਾ ਪੈਂਦਾ ਜਨਾਬ
ਦਫਨ ਹੋਇਆ ਮੋਹ ਮੁਹੱਬਤ ਪਿਆਰ ਭਿਜਿਆ ਸਿਲਸਿਲਾ

ਨ੍ਹੇਰਿਆਂ ਦਾ ਤੌਖਲਾ ਉਹ ਸ਼ਖਸ਼ ਨਹੀਂ ਕਰਦੇ ਕਦੇ
ਸੀਨਿਆਂ ਵਿਚ ਲੈ ਤੁਰੇ ਨੇ ਜੋ ਸੁਨਾਮੀ ਵਲਵਲਾ

(ਬਲਜੀਤ ਪਾਲ ਸਿੰਘ)

Sunday, August 14, 2016

ਗ਼ਜ਼ਲ

ਸੁਰਾਂ ਬਾਝੋਂ ਜਿਵੇਂ ਨਗਮਾ ਕੁਈ ਬੇਕਾਰ ਹੁੰਦਾ ਹੈ
ਸੁਹੱਪਣ ਵੀ ਅਧੂਰਾ ਤਾਂ ਬਿਨਾਂ ਸ਼ਿੰਗਾਰ ਹੁੰਦਾ ਹੈ
ਜਦੋਂ ਵੀ ਫੁੱਲ ਖਿੜ੍ਹਦੇ ਨੇ ਬੜੇ ਹੀ ਰੰਗ ਹੱਸਦੇ ਨੇ
ਬਿਨਾਂ ਰੰਗਾ ਤੋਂ ਵੀ ਕੋਈ ਭਲਾ ਸੰਸਾਰ ਹੁੰਦਾ ਹੈ
ਬਣੇ ਜੋ ਭੀੜ ਦਾ ਹਿੱਸਾ ਜਿਆਦਾ ਲੋਕ ਨੇ ਫਿਰਦੇ
ਕਿ ਵਿਰਲਾ ਹੀ ਸ਼ਖਸ਼ ਕੋਈ ਸਿਰਫ ਬਲਕਾਰ ਹੁੰਦਾ ਹੈ
ਜਦੋਂ ਬਿਪਤਾ ਬਣੇ ਬਹੁਤੇ ਘਰਾਂ ਚੋਂ ਬਾਹਰ ਆਉਂਦੇ ਨਈ
ਮਗਰ ਸਿਰ ਦੇਣ ਵਾਲਾ ਹੀ ਸਦਾ ਸਰਦਾਰ ਹੁੰਦਾ ਹੈ
ਬੜੀ ਹੀ ਸਾਦਗੀ ਦਿਸਦੀ ਹੈ ਜਿਹੜੇ ਆਦਮੀ ਵਿਚੋਂ
ਬੜਾ ਹੀ ਅੰਦਰੋਂ ਕਈ ਵਾਰ ਉਹ ਵਲਦਾਰ ਹੁੰਦਾ ਹੈ
ਰਿਸ਼ਤੇਦਾਰੀਆਂ ਤੇ ਯਾਰੀਆਂ ਤਾਂ ਬਹੁਤ ਨੇ ਲੇਕਿਨ
ਕੋਈ ਟਾਵਾਂ ਹੀ ਸਾਡਾ ਆਪਣਾ ਗ਼ਮਖ਼ਾਰ ਹੁੰਦਾ ਹੈ
ਦੁਨੀਆਂ ਪੈਰ ਚੁੰਮਦੀ ਹੈ ਅਤੇ ਹੀਰੋ ਬਣਾ ਦੇਵੇ
ਕਿਸੇ ਦਾ ਵੱਖਰਾ ਜੇਹਾ ਜਦੋਂ ਕਿਰਦਾਰ ਹੁੰਦਾ ਹੈ
ਬੜੀ ਮਹਿਫੂਜ਼ ਹੁੰਦੀ ਹੈ ਉਹ ਕਿਸ਼ਤੀ ਸਾਗਰਾਂ ਅੰਦਰ
ਕਿ ਜਿਸਦਾ ਆਪਣਾ ਮਹਿਬੂਬ ਹੀ ਪਤਵਾਰ ਹੁੰਦਾ ਹੈ

(ਬਲਜੀਤ ਪਾਲ ਸਿੰਘ)


Sunday, July 31, 2016

ਗ਼ਜ਼ਲ

ਤਿਲ ਤਿਲ ਕਰਕੇ ਮਰਦੇ ਰਹਿਣਾ, ਇਹ ਵੀ ਕੋਈ ਜੀਣਾ ਯਾਰੋ
ਅੰਦਰੇ ਅੰਦਰ ਖਰਦੇ ਰਹਿਣਾ, ਇਹ ਵੀ ਕੋਈ ਜੀਣਾ ਯਾਰੋ

ਲੋਟੂ ਲਾਣਾ ਜਬਰੀ ਆ ਕੇ ਲੁੱਟੀ ਜਾਵੇ ਕਿਰਤ ਕਮਾਈ,
ਚੁੱਪ ਚੁਪੀਤੇ ਜਰਦੇ ਰਹਿਣਾ, ਇਹ ਵੀ ਕੋਈ ਜੀਣਾ ਯਾਰੋ

ਮੇਰੇ ਆਕਾ ਹੁਕਮ ਸੁਣਾਓ, ਜੋ ਆਖੋਗੇ, ਉਂਝ ਕਰਾਂਗੇ
ਸਾਹਬ ਸਲਾਮਾਂ ਕਰਦੇ ਰਹਿਣਾ, ਇਹ ਵੀ ਕੋਈ ਜੀਣਾ ਯਾਰੋ

ਗਲਤੀ ਏਥੇ ਕੋਈ ਕਰਦਾ, ਪਾਤਰ ਹੋਰ ਸਜ਼ਾ ਦਾ ਬਣਦਾ,
ਐਵੇਂ ਹਰਜੇ ਭਰਦੇ ਰਹਿਣਾ, ਇਹ ਵੀ ਕੋਈ ਜੀਣਾ ਯਾਰੋ

ਮੰਜ਼ਿਲ ਨੇੜੇ ਦਿਸਦੀ ਭਾਵੇਂ, ਬੇੜੀ ਪੈਰਾਂ ਦੇ ਵਿਚ ਭਾਰੀ,
ਜਿੱਤੀ ਬਾਜੀ ਹਰਦੇ ਰਹਿਣਾ ਇਹ ਵੀ ਕੋਈ ਜੀਣਾ ਯਾਰੋ

ਤਪਦੀ ਰੁੱਤੇ ਪੈਦਲ ਤੁਰਨਾ, ਕਿਉਂ 'ਬਲਜੀਤ' ਇਹ ਤੇਰੇ ਹਿੱਸੇ,
ਸਰਦੀ ਰੁੱਤੇ ਠਰਦੇ ਰਹਿਣਾ, ਇਹ ਵੀ ਕੋਈ ਜੀਣਾ ਯਾਰੋ

(ਬਲਜੀਤ ਪਾਲ ਸਿੰਘ)

Sunday, June 26, 2016

ਕੌੜਾ ਸੱਚ

ਪੰਜੀਂ ਸਾਲੀਂ ਆ ਜਾਂਦੇ ਨੇ
ਬੁੱਧੂ ਫੇਰ ਬਣਾ ਜਾਂਦੇ ਨੇ

ਚੋਣਾਂ ਤੋਂ ਪਹਿਲਾਂ ਕਰ ਵਾਅਦਾ
ਮਗਰੋਂ ਰੰਗ ਵਟਾ ਜਾਂਦੇ ਨੇ

ਪੜ੍ਹਿਆਂ ਲਿਖਿਆਂ ਲੋਕਾਂ ਦੇ ਵੀ
ਅੱਖੀਂ ਘੱਟਾ ਪਾ ਜਾਂਦੇ ਨੇ      

ਕੋਝੀ ਖੇਡ ਸਿਆਸਤ ਦੇਖੋ
ਆਪਸ ਵਿਚ ਲੜਾ ਜਾਂਦੇ ਨੇ

ਸਕੇ ਭਰਾਵਾਂ ਨੂੰ ਨਾ ਬਖਸ਼ਣ
ਵੰਡਾਂ ਹੋਰ ਪਵਾ ਜਾਂਦੇ ਨੇ

ਝੂਠੇ ਮੂਠੇ ਲਾਰੇ ਲਾ ਕੇ
ਵੋਟਰ ਨੂੰ ਵਰਚਾ ਜਾਂਦੇ ਨੇ

ਜਨਤਾ ਦੀ  ਨਾ ਸੁਣਦਾ ਕੋਈ
ਆਪਣਾ ਰਾਗ ਸੁਣਾ ਜਾਂਦੇ ਨੇ

ਦੋ ਨੰਬਰ ਦਾ ਧੰਨ ਹੁੰਦਾ ਜੋ
ਪਾਣੀ ਵਾਂਗ ਵਹਾ ਜਾਂਦੇ ਨੇ

ਹਮਦਰਦੀ ਦਾ ਪਹਿਨ ਮਖੌਟਾ
ਵਿਹੜੀਂ ਗੇੜਾ ਲਾ ਜਾਂਦੇ ਨੇ

ਵੋਟਾਂ ਪਈਆਂ ਮਿਲਗੀ ਕੁਰਸੀ
ਸਭ ਕੁਝ ਭੁੱਲ ਭੁਲਾ ਜਾਂਦੇ ਨੇ

ਭੋਲੀ ਭਾਲੀ ਜਨਤਾ ਨੂੰ ਵੀ
ਪਸ਼ੂਆਂ ਵਾਂਗ ਚਰਾ ਜਾਂਦੇ ਨੇ


(ਬਲਜੀਤ ਪਾਲ ਸਿੰਘ)

ਗ਼ਜ਼ਲ

ਚਾਹਿਆ ਸੀ ਮਾਣ ਲਈਏ ਸੋਹਬਤਾਂ ਵੀ ਬੇਪਨਾਹ
ਲੱਗੀਆਂ ਸਾਡੇ ਤੇ ਲੇਕਿਨ ਤੋਹਮਤਾਂ ਵੀ ਬੇਪਨਾਹ

ਸਾਫ ਸੋਹਣੀ ਕਿਰਤ ਜਿਹੜੇ ਕਰ ਗਏ ਨੇ ਦੋਸਤੋ
ਕੀਤੀਆਂ ਹਾਸਿਲ ਉਹਨਾਂ ਨੇ ਰਹਿਮਤਾਂ ਵੀ ਬੇਪਨਾਹ

ਰੱਖ ਯਾਰੀ ਆਪਣੇ ਹੀ ਮੇਚ ਦੇ ਲੋਕਾਂ ਦੇ ਨਾਲ
ਆਪ ਹੀ ਮਿਲ ਜਾਂਦੀਆਂ ਫਿਰ ਸ਼ੁਹਰਤਾਂ ਵੀ ਬੇਪਨਾਹ

ਭਾਈਚਾਰਾ ਕਾਇਮ ਜਿਹੜੇ ਵਿਹੜਿਆਂ ;ਚ ਅੱਜ ਵੀ
ਓਸ ਵਿਹੜੇ ਵੱਸਦੀਆਂ ਨੇ ਬਰਕਤਾਂ ਵੀ ਬੇਪਨਾਹ

ਲੋਕ ਉਹਨਾਂ ਲੀਡਰਾਂ ਨੂੰ ਭੰਡਦੇ ਨੇ ਏਸ ਲਈ
ਰੋਜ ਕਰਦੇ ਮਾੜੀਆਂ ਜੋ ਹਰਕਤਾਂ ਵੀ ਬੇਪਨਾਹ

ਭਾਵੇਂ  ਚੜ੍ਹਦੇ ਨਵੇਂ ਚੰਦ ਰੱਬ ਦੇ ਗੁਆਂਢ ਵਿਚ
ਦੇਖ ਕਰਦੀ ਫੇਰ ਜਨਤਾ ਸ਼ਿਰਕਤਾਂ ਵੀ ਬੇਪਨਾਹ

ਕਿਰਤੀਆਂ ਨੂੰ ਪੇਟ ਭਰ ਮਿਲਦੀ ਨਹੀਂ ਰੋਟੀ ਮਗਰ
ਕੀਤੀਆਂ ਨੇ ਓਸ ਭਾਵੇਂ ਮਿਹਨਤਾਂ ਵੀ ਬੇਪਨਾਹ

ਦਾਅ ਉਤੇ ਲੱਗਿਆ ਕਿਰਦਾਰ ਮੇਰੇ ਦੇਸ਼ ਦਾ
ਕੁੱਲੀਆਂ ਵਿਚ ਰੁਲਦੀਆਂ ਨੇ ਅਸਮਤਾਂ ਵੀ ਬੇਪਨਾਹ


(ਬਲਜੀਤ ਪਾਲ ਸਿੰਘ)

Friday, May 13, 2016

ਗ਼ਜ਼ਲ


ਨੇਤਾ ਦਾ ਪ੍ਰਚਾਰ ਸੁਣੋ ਜੀ
ਭਾਸ਼ਣ ਧੂੰਆਂਧਾਰ ਸੁਣੋ ਜੀ

ਆਨੇ ਵਾਲੇ ਅੱਛੇ ਦਿਨ
ਝੂਠੇ ਜਿਹੇ ਵਿਚਾਰ ਸੁਣੋ ਜੀ

ਦੇਣਾ ਸਭ ਨੂੰ ਪੰਦਰਾਂ ਲੱਖ
ਗੱਪਾਂ ਤੇ ਇਕਰਾਰ ਸੁਣੋ ਜੀ

ਸਾਰਾ ਸਾਲ ਵਿਦੇਸ਼ੀ ਦੌਰੇ
ਕੰਮ ਧੰਦਾ ਬੇਕਾਰ ਸੁਣੋ ਜੀ

ਭਾਵੇਂ ਨਾ ਲੋਕਾਂ ਦੀ ਇਜਤ
ਲੋਕਾਂ ਦੀ ਸਰਕਾਰ ਸੁਣੋ ਜੀ

ਆਤਮ ਹੱਤਿਆ ਅੰਨ ਦਾਤੇ ਦੀ
ਉਜੜਿਆ ਘਰ ਬਾਰ ਸੁਣੋ ਜੀ

ਸੜਕਾਂ ਉਤੇ ਰੁਲੇ ਜਵਾਨੀ
ਫਿਰਦੀ ਬੇਰੁਜ਼ਗਾਰ ਸੁਣੋ ਜੀ

ਸ਼ਾਸ਼ਨ ਦੇ ਵਿਚ ਗੁੰਡੇ ਬੈਠੇ
ਜਨਤਾ ਬੜੀ ਲਾਚਾਰ ਸੁਣੋ ਜੀ

ਵਾੜ ਖੇਤ ਨੂੰ ਖਾਈ ਜਾਵੇ
ਨਿੱਘਰ ਗਏ ਕਿਰਦਾਰ ਸੁਣੋ ਜੀ

ਕੀ ਬਣੇਗਾ ਦੇਸ਼ ਮਿਰੇ ਦਾ
ਭਲੀ ਕਰੇ ਕਰਤਾਰ ਸੁਣੋ ਜੀ

(ਬਲਜੀਤ ਪਾਲ ਸਿੰਘ)

Tuesday, April 19, 2016

ਗ਼ਜ਼ਲ



ਜਰਾ ਤੂੰ ਮੁਸਕਰਾਇਆ ਕਰ ਜਦੋਂ ਵੀ ਦਿਲ ਕਰੇ ਤੇਰਾ
ਕਿ ਥੋੜਾ ਗੁਣਗੁਣਾਇਆ ਕਰ ਜਦੋਂ ਵੀ ਦਿਲ ਕਰੇ ਤੇਰਾ

ਅਸਾਂ ਨੂੰ ਤੰਦ ਜਿਹੜੀ ਜੋੜਦੀ ਹੈ ਨਾਲ ਵਿਰਸੇ ਦੇ,
ਇਵੇਂ ਕਿੱਸੇ ਸੁਣਾਇਆ ਕਰ ਜਦੋਂ ਵੀ ਦਿਲ ਕਰੇ ਤੇਰਾ

ਕਰੇ ਪ੍ਰਦਾਨ ਬੰਦੇ ਨੂੰ ਸਲੀਕਾ ਰਹਿਣ ਵੱਸਣ ਦਾ,
ਵਸੀਲਾ ਤੂੰ ਬਣਾਇਆ ਕਰ ਜਦੋਂ ਵੀ ਦਿਲ ਕਰੇ ਤੇਰਾ

ਨਿਗੂਣੀ ਖਾਹਸ਼ ਹੈ ਸਾਡੀ ਅਸੀਂ ਨਹੀਂ ਤੋਡ਼ਨੇ ਤਾਰੇ
ਕਦੀ ਨਜ਼ਦੀਕ ਆਇਆ ਕਰ ਜਦੋਂ ਵੀ ਦਿਲ ਕਰੇ ਤੇਰਾ

ਬੜੇ ਹੀ ਫਾਸਲੇ ਤੇ ਦੂਰੀਆਂ ਨੇ ਰਿਸ਼ਤਿਆਂ ਅੰਦਰ
ਘਟਾਇਆ ਕਰ, ਮਿਟਾਇਆ ਕਰ, ਜਦੋਂ ਵੀ ਦਿਲ ਕਰੇ ਤੇਰਾ

ਅਸੀਂ ਹਾਂ ਪੱਥਰਾਂ ਵਰਗੇ, ਜ਼ਰਾ ਨਾ ਅਸਰ ਹੋਣਾ ਹੈ,
ਜਿਵੇਂ ਮਰਜ਼ੀ ਸਤਾਇਆ ਕਰ ਜਦੋਂ ਵੀ ਦਿਲ ਕਰੇ ਤੇਰਾ

ਬੜੀ 'ਬਲਜੀਤ' ਤੈਨੂੰ ਖੁੱਲ੍ਹ ਅਪਣੇ ਐਬ ਨਾ ਦੱਸੀਂ,
ਮਿਰੇ ਔਗੁਣ ਗਿਣਾਇਆ ਕਰ ਜਦੋਂ ਵੀ ਦਿਲ ਕਰੇ ਤੇਰਾ..
(ਬਲਜੀਤ ਪਾਲ ਸਿੰਘ)

Friday, April 15, 2016

ਗ਼ਜ਼ਲ

ਦਿਲ ਦਾ ਦਰਦ ਛੁਪਾਉਣਾ ਆਇਆ
ਰੀਝਾਂ ਨੂੰ ਵਰਚਾਉਣਾ ਆਇਆ
ਤਕੜੇ ਨੂੰ ਹਰ ਕੋਈ ਪੂਜੇ
ਮਾੜੇ ਤਾਈਂ ਸਤਾਉਣਾ ਆਇਆ
ਚਤੁਰ ਸਿਆਣੇ ਹਾਕਮ ਨੂੰ ਹੁਣ
ਲੋਕਾਂ ਨੂੰ ਮਰਵਾਉਣਾ ਆਇਆ
ਨਾ ਰੋਟੀ ਨਾ ਰੋਜ਼ੀ ਮਿਲਦੀ
ਭੁੱਖੇ ਨੂੰ ਕੁਰਲਾਉਣਾ ਆਇਆ
ਸਭ ਨੂੰ ਸੁੱਚੀ ਕਿਰਤ ਕਰਨ ਤੋਂ
ਕਿਉਂ ਕੰਨੀ ਕਤਰਾਉਣਾ ਆਇਆ
ਨਿੱਤ ਫਰਜ਼ਾਂ ਨੂੰ ਰਹੇ ਪੂਰਦੇ
ਕਦੇ ਨਾ ਹੱਕ ਜਿਤਾਉਣਾ ਆਇਆ
ਭਾਵੇਂ ਹੈ ਗਰਦਨ ਤੇ ਖੰਜਰ
ਤਾਂ ਵੀ ਸੱਚ ਸੁਣਾਉਣਾ ਆਇਆ
(ਬਲਜੀਤ ਪਾਲ ਸਿੰਘ)

Friday, February 12, 2016

ਗ਼ਜ਼ਲ

ਮਿਹਨਤੀ ਕਾਮੇ ਨਾਕਾਰੇ ਜਾ ਰਹੇ ਨੇ
ਵਿਹਲੜਾਂ ਤੋਂ ਨੋਟ ਵਾਰੇ ਜਾ ਰਹੇ ਨੇ

ਕੁੱਲੀਆਂ ਵਿਚ ਬਾਲ ਭੁੱਖੇ ਵਿਲਕਦੇ
ਰੱਬ ਦੇ ਘਰ ਪਰ ਸ਼ਿੰਗਾਰੇ ਜਾ ਰਹੇ ਨੇ

ਜੰਗ ਕੁਰਸੀ ਵਾਸਤੇ ਜਾਰੀ ਹੈ ਪਰ
ਲੋਕ ਬੇਕਸੂਰ ਮਾਰੇ ਜਾ ਰਹੇ ਨੇ

ਫਸਲਾਂ ਥਾਵੇਂ ਹੁਣ ਮਸ਼ੀਨਾਂ ਉੱਗਣਾ
ਖੇਤਾਂ ਵਿਚ ਪੁਰਜ਼ੇ ਖਿਲਾਰੇ ਜਾ ਰਹੇ ਨੇ

ਸਪੀਕਰਾਂ ਤੇ ਡੀ ਜੇਆਂ ਦੇ ਸ਼ੋਰ ਵਿਚ
ਗੀਤ ਲੋਕਾਂ ਦੇ ਵਿਸਾਰੇ ਜਾ ਰਹੇ ਨੇ

ਹਸ਼ਰ ਉਸ ਮਕਾਨ ਦਾ ਸੋਚੋ ਜਰਾ
ਜਿਸਨੂੰ ਸੁੰਨਾਂ ਛੱਡ ਸਾਰੇ ਜਾ ਰਹੇ ਨੇ

ਨਸ਼ਿਆਂ ਨੇ ਖਾ ਲਈ ਜਵਾਨੀ ਦੇਸ਼ ਦੀ
ਮਾਪਿਆਂ ਕੋਲੋਂ ਸਹਾਰੇ ਜਾ ਰਹੇ ਨੇ

ਦੁਸ਼ਮਣਾਂ ਤੇ ਦੋਸ਼ ਕਾਹਤੋਂ ਥੋਪਣਾ
ਰੁੱਸ ਕੇ ਮਿੱਤਰ ਪਿਆਰੇ ਜਾ ਰਹੇ ਨੇ


(ਬਲਜੀਤ ਪਾਲ ਸਿੰਘ)

Saturday, January 9, 2016

ਗ਼ਜ਼ਲ

ਹਨੇਰੇ ਚੋਂ ਨਜ਼ਰ ਆਵੇ ਜਦੋਂ ਵੀ ਰੋਸ਼ਨੀ ਕੋਈ
ਉਦੋਂ ਫਿਰ ਜਾਣ ਲੈਣਾ ਟਲ ਗਈ ਹੈ ਖੁਦਕੁਸ਼ੀ ਕੋਈ

ਅਸੀਂ ਜੇ ਸ਼ਬਦ  ਤੋਂ ਭੋਰਾ ਵੀ ਜੀਵਨ ਜਾਚ ਨਾ ਸਿੱਖੇ
ਭਲਾ ਸਾਡਾ ਕਰੇਗੀ ਕਿਸ ਤਰ੍ਹਾਂ ਫਿਰ ਬੰਦਗੀ ਕੋਈ.

ਜਦੋਂ ਤੋਂ ਓਸ ਨੇ ਅਪਣੇ ਗਰਾਂ ਨੂੰ ਛੱਡ ਦਿੱਤਾ ਹੈ,
ਉਦੋਂ ਤੋਂ ਸੁਣ ਰਹੇ ਹਾਂ ਭਾਲਦਾ ਹੈ ਤਿਸ਼ਨਗੀ ਕੋਈ.

ਬਿਖੜੇ ਪੈਂਡਿਆਂ ਉਤੇ ਕਦੋਂ ਉਹ ਸਾਥ ਨਿਭਦੇ ਨੇ
ਜਿਹਨਾਂ ਮਾਣੀ ਹੈ ਪਗਡੰਡੀ ਸਦਾ ਹੀ ਰੰਗਲੀ ਕੋਈ

ਜਰਾ ਇਹ ਸੋਚ ਕੇ ਵੇਖੋ ਬਹਾਰਾਂ ਕਿੰਝ ਮਾਣਾਂਗੇ,
ਹਮੇਸ਼ਾਂ ਮੌਸਮਾਂ ਅੰਦਰ ਰਹੀ ਜੇ ਗੜਬੜੀ ਕੋਈ.
ਬੜਾ ਖਾਮੋਸ਼ ਹੋ ਕੇ ਜਦ ਉਹ ਮੇਰੇ ਕੋਲ ਦੀ ਗੁਜ਼ਰੇ,
ਬਿਨਾਂ ਦੇਰੀ ਤੋਂ ਸਮਝਾਂ ਹੋ ਗਿਆ ਹੈ ਅਜਨਬੀ ਕੋਈ.
ਮਹਿਕਾਂ ਦਾ ਕਦੇ ਵੀ ਫੇਰ ਕੋਈ ਅਰਥ ਨਾ ਰਹਿਣਾ
ਕਿ ਭੰਵਰੇ ਤਿਤਲੀਆਂ ਦੀ ਜੇ ਰਹੀ ਨਾ ਦੋਸਤੀ ਕੋਈ

(ਬਲਜੀਤ ਪਾਲ ਸਿੰਘ)