Sunday, December 25, 2016

ਗ਼ਜ਼ਲ



ਮੈਂ ਉਸਦਾ ਕਿਉਂ ਨਾ ਹੋਇਆ ਸੀ ਬੜਾ ਪਛਤਾ ਰਿਹਾ ਹਾਂ
ਜੁਦਾ ਉਸਤੋਂ ਖਲੋਇਆ ਸੀ ਬੜਾ ਪਛਤਾ ਰਿਹਾ ਹਾਂ

ਇਹਨਾਂ ਰੁੱਖਾਂ ਨੇ ਸੁੱਕਣਾ ਸੀ ਮੈਂ ਖੁਦ ਇਹ ਜਾਣਦੇ ਹੋਏ

ਜੜ੍ਹਾਂ ਵਿਚ ਤੇਲ ਚੋਇਆ ਸੀ ਬੜਾ ਪਛਤਾ ਰਿਹਾ ਹਾਂ

ਭਟਕਦਾ ਮਰ ਗਿਆ ਇੱਕ ਅਜਨਬੀ ਕੱਲ ਸ਼ਹਿਰ ਮੇਰੇ ਜੋ,

ਮੈਂ ਦਰ ਆਪਣੇ ਨੂੰ ਢੋਇਆ ਸੀ ਬੜਾ ਪਛਤਾ ਰਿਹਾ ਹਾਂ

ਉਹ ਜਿਹੜਾ ਲੁੱਟ ਕੇ ਲੋਕਾਂ ਨੂੰ ਹੁਣ ਤੱਕ ਖਾ ਗਿਆ ਯਾਰੋ

ਕਿ ਸੰਗ ਉਸਦੇ ਖਲੋਇਆ ਸੀ ਬੜਾ ਪਛਤਾ ਰਿਹਾ ਹਾਂ

ਉਹਨਾਂ ਰਸਤਿਆਂ ਤੇ ਤੁਰਦਿਆਂ ਮੈਂ ਸੋਚਿਆ ਨਾ ਸੀ

ਮੇਰੇ ਰਸਤੇ ,ਚ ਟੋਇਆ ਸੀ ਬੜਾ ਪਛਤਾ ਰਿਹਾ ਹਾਂ

ਕਰਾਂ ਮੈਂ ਆਰਜ਼ੂ ਫੁੱਲਾਂ ਦੀ ਐਵੇਂ ਹੀ ਬਿਨਾਂ ਸੋਚੇ

ਨਾ ਕੋਈ ਬੀਜ ਬੋਇਆ ਸੀ ਬੜਾ ਪਛਤਾ ਰਿਹਾ ਹਾਂ

ਮੇਰੀ ਚਾਹਤ ਮੇਰੀ ਖਾਹਿਸ਼ ਜੇ ਕਿਧਰੇ ਤੋੜ ਚੜ੍ਹ ਜਾਂਦੀ

ਮੇਰਾ ਸੁਫਨਾ ਜੋ ਮੋਇਆ ਸੀ ਬੜਾ ਪਛਤਾ ਰਿਹਾ ਹਾਂ


(ਬਲਜੀਤ ਪਾਲ ਸਿੰਘ)

No comments:

Post a Comment