Thursday, February 23, 2012

ਗ਼ਜ਼ਲ


ਸਾਡੇ ਨਾਲ ਹੋਈਆਂ ਰੁੱਸਵਾਈਆਂ ਸਭ ਯਾਦ ਨੇ 
 ਕੀਤੀਆਂ ਜੋ ਤੁਸਾਂ ਬੇਵਫਾਈਆਂ ਸਭ ਯਾਦ ਨੇ
ਆਪਣੇ ਹੀ ਦਿਲ ਤੇ ਉਹ ਸਾਰੀਆਂ ਹੰਢਾ ਲਈਆਂ
 ਜੱਗ ਦੀਆਂ ਪੀੜਾਂ ਜੋ ਪਰਾਈਆਂ ਸਭ ਯਾਦ ਨੇ
ਜਿੰਦਗੀ ਚ ਐਸ਼ਾਂ ਤੇ ਅਰਾਮ ਜਿਹੜਾ ਮਾਣਿਆ
 ਵੱਡਿਆਂ ਜੋ ਕੀਤੀਆਂ ਕਮਾਈਆਂ ਸਭ ਯਾਦ ਨੇ
ਸੋਨੇ ਰੰਗੇ ਪਲ ਤੇ ਰੰਗੀਨ ਜਿਹੀਆਂ ਘੜੀਆਂ
 ਤੇਰੀ ਯਾਦ ਵਿਚ ਜੋ ਗਵਾਈਆਂ ਸਭ ਯਾਦ ਨੇ
ਬਾਗ ਵਿਚ ਮਾਲੀਆਂ ਦੀ ਹਾਜ਼ਰੀ ਤਾਂ ਸੀ ਮਗਰ
 ਧੁੱਪਾਂ ਨੇ ਜੋ ਡਾਲੀਆਂ  ਸੁਕਾਈਆਂ ਸਭ ਯਾਦ ਨੇ
ਫੈਸਲੇ ਉਡੀਕਦਿਆਂ ਮੁੱਦਤਾਂ ਜੋ ਬੀਤੀਆਂ
 ਕੋਰਟਾਂ ਚ ਜੁੱਤੀਆਂ ਘਸਾਈਆਂ ਸਭ ਯਾਦ ਨੇ
ਤੇਰੇ ਨਾਲ ਦੋਸਤੀ ਦਾ ਸਿਲਾ ਇਹੋ ਮਿਲਿਆ
 ਲੋਕਾਂ ਕੋਲੋਂ ਗੱਲਾਂ ਕਰਵਾਈਆਂ ਸਭ ਯਾਦ ਨੇ
                  (ਬਲਜੀਤ ਪਾਲ ਸਿੰਘ)