Saturday, October 25, 2014

ਗ਼ਜ਼ਲ

ਜਿੰਦ ਨਿਮਾਣੀ ਕਰੇ ਉਡੀਕਾਂ ਅੱਖਾਂ ਵੀ ਤਿਰਹਾਈਆਂ ਯਾਰ
ਸੋਚਾਂ ਵਿਚ ਉਦਾਸੇ ਚਿਹਰੇ ਕੇਹੀਆਂ ਰੁੱਤਾਂ ਆਈਆਂ ਯਾਰ

ਦਿਲ ਦੀ ਧਰਤੀ ਔੜਾਂ ਮਾਰੀ ਬੰਜਰ ਬੀਆਬਾਨ ਬਣੀ
ਮੇਰੇ ਵਿਹੜੇ ਹੀ ਨਾ ਵਰ੍ਹੀਆਂ ਬਹੁਤ ਘਟਾਵਾਂ ਛਾਈਆਂ ਯਾਰ

ਜਿਹੜੇ ਮੌਸਮ ਫੁੱਲ ਖਿੜੇ ਸੀ ਓਦੋਂ ਤਾਂ ਤੂੰ ਆਇਉਂ ਨਾ
ਹੁਣ ਆਇਐਂ ਜਦ ਪੱਤੇ ਤਾਂ ਕੀ ਟਾਹਣੀਆਂ ਵੀ ਮੁਰਝਾਈਆਂ ਯਾਰ

ਨਿਰਮੋਹਿਆ ਤੂੰ ਕਿਤੇ ਨਾ ਲਿਖਿਆ ਇਕ ਅੱਖਰ ਵੀ ਮੇਰੇ ਨਾਂਅ
ਪਰਤਾਂ ਤੇਰੀ ਯਾਦ ਦੀਆਂ ਮੈਂ ਕਈ ਵਾਰ ਪਰਤਾਈਆਂ ਯਾਰ

ਜਾਪੇਂ ਹੂਰ ਕੋਈ ਅਰਸ਼ਾਂ ਦੀ ਜਦ ਤੱਕਾਂ ਤੇਰੀ ਤਸਵੀਰ
ਤੇਰਾ ਮੇਰਾ ਕਾਹਦਾ ਰਿਸ਼ਤਾ ਐਵੇਂ ਕਾਹਤੋਂ ਲਾਈਆਂ ਯਾਰ

ਫੱਟ ਲਗਾਉਣੇ ਤੇਰਾ ਸ਼ੌਕ ਮਲ੍ਹਮ ਲਗਾਉਣਾ ਮੇਰਾ ਕੰਮ
"ਦਾਰੂ" ਸਮਝ ਲਿਆ ਮੈਂ ਇਸ ਨੂੰ ਏਸੇ ਵਿਚ ਵੱਡਿਆਈਆਂ ਯਾਰ

(ਬਲਜੀਤ ਪਾਲ ਸਿੰਘ)

Saturday, October 4, 2014

ਗ਼ਜ਼ਲ

ਰੋਜ ਰੋਜ ਕੋਈ ਮਾੜਾ ਸੁਫਨਾ ਆਣ ਜਗਾਵੇ ਰਾਤਾਂ ਨੂੰ
ਦਿਨ ਵੇਲੇ ਵੀ ਚੈਨ ਨਾ ਆਵੇ ਨੀਂਦ ਨਾ ਆਵੇ ਰਾਤਾਂ ਨੂੰ.

ਜਿੰਨਾਂ ਦੇ ਪ੍ਰਦੇਸੀ ਮਾਹੀਏ ਬਸ ਉਹੀਓ ਈ ਜਾਣਦੀਆਂ
ਤਿੱਖੀ ਚੀਸ ਵਿਛੋੜੇ ਵਾਲੀ ਕਿਵੇਂ ਸਤਾਵੇ ਰਾਤਾਂ ਨੂੰ

ਅੱਜ ਕੱਲ ਦੇ ਪੋਤੇ ਦੋਹਤੇ ਟੀ ਵੀ ਅੱਗੋਂ ਉਠਦੇ ਨਾ
ਦਾਦੀ ਨਾਨੀ ਦੀਵਾਰਾਂ ਨੂੰ ਬਾਤ ਸੁਣਾਵੇ ਰਾਤਾਂ ਨੂੰ


ਬਾਰੀਆਂ ਬੂਹੇ ਢੋਅ ਕੇ ਲੋਕੀਂ ਸੌਂ ਜਾਂਦੇ ਨੇ ਘਰ ਅੰਦਰ
ਆਪਣੀ ਟਿੱਕੀ ਕੀਹਦੇ ਵਿਹੜੇ  ਚੰਦ ਟਿਕਾਵੇ ਰਾਤਾਂ ਨੂੰ

ਚਿੱਟੇ ਦਿਨ ਹੀ ਵਾਪਰ ਜਾਂਦੇ ਕਤਲ ਚੋਰੀਆਂ ਡਾਕੇ ਰੇਪ
ਮੁਨਸਿਫ ਨੂੰ ਸਮਝਾ ਦੇਵੋ ਇਲਜ਼ਾਮ ਨਾ ਜਾਵੇ ਰਾਤਾਂ ਨੂੰ

                            (ਬਲਜੀਤ ਪਾਲ ਸਿੰਘ)