Tuesday, December 25, 2012

ਗ਼ਜ਼ਲ


ਅੱਖਰਾਂ ਭੁਲਾਵਿਆਂ ਦੀ ਗੱਲ ਨਾ ਕਰੀਂ
ਢਲੇ ਪਰਛਾਵਿਆਂ ਦੀ ਗੱਲ ਨਾ ਕਰੀਂ

ਮਿਲਾਂਗੇ ਜਦੋਂ ਵੀ ਮਿਲੀਂ ਬੰਦਿਆਂ ਦੇ ਵਾਂਗ
ਐਵੇਂ ਹੀ ਦਿਖਾਵਿਆਂ ਦੀ ਗੱਲ ਨਾ ਕਰੀਂ 

ਅੱਜ ਕੱਲ ਪੱਥਰਾਂ ਤੇ ਕੰਡਿਆਂ ਦਾ ਰਾਜ
ਮਿੱਟੀ ਦਿਆਂ ਬਾਵਿਆਂ ਦੀ ਗੱਲ ਨਾ ਕਰੀਂ 


ਤੇਰੇ ਨਾਲ ਸਾਡੀ ਹੈ ਲਿਹਾਜ਼ ਵੱਖਰੀ
ਪਰ ਫੋਕੇ ਦਾਅਵਿਆਂ ਦੀ ਗੱਲ ਨਾ ਕਰੀਂ


ਅਸੀਂ ਜਾਣ ਚੁੱਕੇ ਤੇਰੇ ਨਾਲ ਬੀਤੀਆਂ
ਓਹਨਾਂ ਹਾਉਕੇ ਹਾਵਿਆਂ ਦੀ ਗੱਲ ਨਾ ਕਰੀਂ 


ਸੱਚ ਦੀਆਂ ਰਾਹਾਂ ਉੱਤੇ ਤੁਰਦਾ ਰਹੀਂ
ਝੂਠੇ ਸਿਰਨਾਵਿਆਂ ਦੀ ਗੱਲ ਨਾ ਕਰੀਂ 


(ਬਲਜੀਤ ਪਾਲ ਸਿੰਘ)

Friday, November 16, 2012

ਕਵੀ ਦਰਬਾਰ

ਮਿਤੀ 10/11/12 ਨੂੰ ਪੰਜਾਬੀ ਸਾਹਿਤ ਸਭਾ(ਰਜਿ)ਬੁਢਲਾਡਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ,ਪੰਜਾਬ ਦੁਆਰਾ ਕਰਵਾਏ ਗਏ ਕਵੀ ਦਰਬਾਰ ਸਮੇਂ ਸਰਕਾਰੀ ਪ੍ਰਾਇਮਰੀ ਸਕੂਲ,ਭਾਦੜਾ ਵਿਖੇ ਕਰਵਾਏ ਗਏ ਕਵੀ ਦਰਬਾਰ ਵਿਚ ਆਪਣੀ ਗ਼ਜ਼ਲ ਪੇਸ਼ ਕਰਦੇ ਹੋਏ

Sunday, September 30, 2012

ਗ਼ਜ਼ਲ

ਕਲਮ ਨੂੰ ਤਲਵਾਰ ਬਣਦਾ ਦੇਖਿਆ
ਫੁੱਲ ਨੂੰ ਅੰਗਿਆਰ ਬਣਦਾ ਦੇਖਿਆ

ਗਲੀਆਂ ਵਿਚ ਲੋਕਾਂ ਦਾ ਝਗੜਾ ਹੋ ਰਿਹਾ
ਇੱਟ ਨੂੰ ਹਥਿਆਰ ਬਣਦਾ ਦੇਖਿਆ

ਪਹਿਨਦੇ ਮੈਲੇ ਜਿਸਮ ਚਿੱਟਾ ਲਿਬਾਸ
ਝੂਠ ਦਾ ਕਿਰਦਾਰ ਬਣਦਾ ਦੇਖਿਆ

ਨੇਤਾ,ਅਫਸਰ ਤੇ ਗੁੰਡੇ ਰਲ ਗਏ
ਤਿੰਨਾਂ ਦਾ ਪਰੀਵਾਰ ਬਣਦਾ ਦੇਖਿਆ

ਅਣਖ ਤੇ ਜ਼ਮੀਰ ਜਿੰਨਾ ਵੇਚਤੀ
ਜਿਉਂਦਿਆਂ ਮੁਰਦਾਰ ਬਣਦਾ ਦੇਖਿਆ

ਕਲਗੀ ਲਾ ਬਦਮਾਸ਼ ਡੇਰੇ ਬਹਿ ਗਏ
ਰੱਬ ਦਾ ਦਰਬਾਰ ਬਣਦਾ ਦੇਖਿਆ

                   (ਬਲਜੀਤ ਪਾਲ ਸਿੰਘ)

Thursday, August 30, 2012

ਗ਼ਜ਼ਲ

ਉਹਨੂੰ ਆਪਣਾ ਬਣਾ ਲੈਂਦਾ ਮਿਰਾ ਕੋਈ ਜ਼ੋਰ ਨਾ ਚੱਲਿਆ
ਕੋਈ ਹਸਰਤ ਜਗਾ ਲੈਂਦਾ, ਮਿਰਾ ਕੋਈ ਜ਼ੋਰ ਨਾ ਚੱਲਿਆ

ਉਹਦੇ ਕਦਮਾਂ ਦੀਆਂ ਪੈੜਾਂ ਸਮਾਂ ਜੇ ਮੇਟ ਨਾ ਦਿੰਦਾ
ਮੈ  ਤੀਰਥ ਵੀ ਬਣਾ ਲੈਂਦਾ, ਮਿਰਾ ਕੋਈ ਜ਼ੋਰ ਨਾ ਚੱਲਿਆ

ਇਹ ਜੋ ਵੀ ਹਾਦਸੇ ਹੋਏ ਬੜੇ ਨਜ਼ਦੀਕ ਹੋਏ ਨੇ
ਕਿਵੇਂ ਨਜ਼ਰਾਂ ਹਟਾ ਲੈਂਦਾ, ਮਿਰਾ ਕੋਈ ਜ਼ੋਰ ਨਾ ਚੱਲਿਆ

ਹਨੇਰੀ ਰਾਤ ਦੇ ਮੱਥੇ ਕਦੇ ਇਲਜ਼ਾਮ ਨਾ ਹੁੰਦੇ
ਕੋਈ ਦੀਪਕ ਜਗਾ ਲੈਂਦਾ ਮਿਰਾ ਕੋਈ ਜ਼ੋਰ ਨਾ ਚੱਲਿਆ

ਮਿਰੇ ਮੂਹਰੇ ਖਲੋਤੀ ਹੈ ਜੋ ਸੈਨਾ ਕੌਰਵਾਂ ਵਾਲੀ
ਕਿਤੇ ਜੇਕਰ ਹਰਾ ਲੈਂਦਾ,ਮਿਰਾ ਕੋਈ ਜ਼ੋਰ ਨਾ ਚੱਲਿਆ

ਇਹਨਾਂ ਬਿਰਖਾਂ ਪਰਿੰਦਿਆਂ ਨੂੰ ਤਪਸ਼ ਨੇ ਰਾਖ ਕਰ ਦੇਣਾ
ਮੈਂ ਚਾਹੁੰਦਾ ਸੀ ਬਚਾ ਲੈਂਦਾ,ਮਿਰਾ ਕੋਈ ਜ਼ੋਰ ਨਾ ਚੱਲਿਆ

                                 (ਬਲਜੀਤ ਪਾਲ ਸਿੰਘ)

Thursday, August 16, 2012

ਗ਼ਜ਼ਲ

ਜਦ ਵੀ ਉਸਦਾ ਖਤ ਪੜ੍ਹਿਆ ਪਛਤਾਏ ਹਾਂ
ਹਾਏ ਕਿਹੜੀ ਰੁੱਤੇ ਓਹਨੂੰ ਛੱਡ ਕੇ ਆਏ ਹਾਂ

 ਸਫਰ ਅਨੋਖਾ ਰਸਤੇ ਵਿੰਗੇ ਟੇਢੇ ਸੀ
ਤਾਂ ਹੀ ਪੈਰੀਂ  ਛਾਲੇ ਅਤੇ ਤਿਹਾਏ ਹਾਂ

ਫੜਿਆ ਹੁੰਦਾ ਲੜ ਜੇਕਰ ਖੁਦਗਰਜ਼ੀ ਦਾ
ਇਹ ਨਾਂ ਕਹਿੰਦੇ ਸਮਿਆਂ ਬੜੇ ਸਤਾਏ ਹਾਂ

ਪਰਖਣਗੇ ਜਰਵਾਣੇ ਕੱਲਾ ਕਰ ਕਰ ਕੇ
ਏਸੇ ਖਾਤਿਰ ਲਾਈਨਾਂ ਵਿਚ ਲਗਾਏ ਹਾਂ

ਸੋਹਲੇ ਗਾਉਂਦੇ ਰਹਿੰਦੇ ਨਿੱਤ ਹਰਿਆਲੀ ਦੇ
ਲੇਕਿਨ ਰੁੱਤਾਂ  ਕੜਬਾਂ ਵਾਂਗ ਸੁਕਾਏ ਹਾਂ

ਕਦ ਸੁਲਝੇਗਾ ਤਾਣਾ ਜਿਹੜਾ ਉਲਝ ਗਿਆ
ਬਸ ਇਹਨਾਂ ਹੀ ਫਿਕਰਾਂ  ਮਾਰ ਮੁਕਾਏ ਹਾਂ

                  (ਬਲਜੀਤ ਪਾਲ ਸਿੰਘ)

Saturday, August 4, 2012

ਗ਼ਜ਼ਲ

ਮੈਂ ਤੱਕਿਆ ਅਸ਼ਿਕਾਂ ਨੂੰ ਜਦ ਵੀ ਹਾਉਕੇ ਭਰਦਿਆਂ ਤੱਕਿਆ
ਦਰਦ ਹੋਰਾਂ ਦਾ ਆਪਣੇ ਹਿਰਦਿਆਂ ਤੇ ਜਰਦਿਆਂ ਤੱਕਿਆ

ਜਦੋਂ ਵੀ ਹਾਦਸਾ ਕੋਈ ਕਿਸੇ ਵੀ ਸੜਕ ਤੇ ਹੋਇਆ
ਉਹ ਮੰਜ਼ਿਰ ਜਾਨਲੇਵਾ ਸੀ ਮਸਾਂ ਹੀ ਡਰਦਿਆਂ ਤੱਕਿਆ

ਇਹ ਸੁਣਿਆ ਪਿਆਰ ਤੇ ਤਕਰਾਰ ਵਿਚ ਸਭ ਜਾਇਜ਼ ਹੀ ਹੁੰਦਾ
ਕੋਈ ਸ਼ਿਕਵਾ ਨਹੀਂ ਕੀਤਾ ਜੇ ਖੁਦ ਨੂੰ ਹਰਦਿਆਂ ਤੱਕਿਆ

ਜੇ ਲੇਬਰ ਚੌਂਕ ਵਿਚ ਜਾ ਕੇ ਕਦੇ ਉਹ ਦੇਖੀਆਂ ਅੱਖਾਂ
ਜਿਹਨਾਂ ਅੱਖਾਂ ਨੂੰ ਬਿਨ ਮੌਤੋਂ ਰੋਜ਼ਾਨਾ ਮਰਦਿਆਂ ਤੱਕਿਆ

ਇਹ ਮਾਨਵ ਆਪਣੀ ਹੀ ਜਾਤ ਦਾ ਅੱਜ ਬਣ ਗਿਆ ਵੈਰੀ
ਅਸੀਂ ਤਾਂ ਪੰਛੀਆਂ ਨੂੰ ਹੀ ਮੁਹੱਬਤ ਕਰਦਿਆਂ ਤੱਕਿਆ

                       (ਬਲਜੀਤ ਪਾਲ ਸਿੰਘ)

Tuesday, July 24, 2012

ਗ਼ਜ਼ਲ

ਨਿੱਕੀ ਨਿੱਕੀ ਗੱਲ ਨੂੰ ਐਵੇਂ ਦਿਲ ਤੇ ਲਾ ਬੈਠੇ
ਸਾਰਾ ਦਰਦ ਜ਼ਮਾਨੇ ਦਾ ਝੋਲੀ ਵਿਚ ਪਾ ਬੈਠੇ

ਜਿੰਨਾਂ ਖਾਤਿਰ ਕਦੇ ਜਾਨ ਦੀ ਬਾਜ਼ੀ ਲਾਈ ਮੈਂ
ਉਹ ਵੀ ਮੈਨੂੰ ਛੱਡ ਗੈਰਾਂ ਦੇ ਡੇਰੇ ਜਾ ਬੈਠੇ

ਜੋ ਕਹਿੰਦੇ ਸੀ ਲੋੜ ਪੈਣ ਤੇ ਸਾਨੂੰ ਪਰਖ ਲਈਂ
ਵਕਤ ਆਉਣ ਤੇ ਉਹੀ ਦੋਸਤ ਢੇਰੀ ਢਾ ਬੈਠੇ

ਮੱਝ ਅੱਗੇ ਨਾ ਬੀਨ ਵਜਾਈਂ ਸਾਰੇ ਕਹਿੰਦੇ ਸੀ
ਗੀਤ ਪਿਆਰ ਦਾ ਉਹਦੇ ਮੂਹਰੇ ਐਵੇਂ ਗਾ ਬੈਠੇ

ਸਫਰ ਸ਼ੁਰੂ ਕੀਤਾ ਸੀ ਜਿਥੋਂ ਦੁਨੀਆਂ ਜਿੱਤਣ ਦਾ
ਹੰਭ ਹਾਰ ਕੇ ਉਸੇ ਹੀ ਚੌਖਟ ਤੇ ਆ ਬੈਠੇ
                              (ਬਲਜੀਤ ਪਾਲ ਸਿੰਘ)

Wednesday, June 13, 2012

ਗ਼ਜ਼ਲ

ਕਦਮ ਜਦ ਡਗਮਗਾਏ ਤਾਂ ਸਹਾਰੇ ਭਾਲਦੇ ਰਹਿਣਾ
ਇਹਨਾਂ ਤਪਦੇ ਥਲਾਂ 'ਚੋਂ ਵੀ ਨਜ਼ਾਰੇ ਭਾਲਦੇ ਰਹਿਣਾ

ਹਨੇਰਾ ਵਧ ਰਿਹਾ ਹੈ ਵਕਤ ਨੂੰ ਅੱਜ ਲੋੜ ਚਾਨਣ ਦੀ
ਕੋਈ ਚੰਦ ਜੇ ਨਾ ਲੱਭਿਆ ਤਾਂ ਸਿਤਾਰੇ ਭਾਲਦੇ ਰਹਿਣਾ

ਜ਼ਮਾਨੇ ਜਦ ਵੀ ਪੁੱਛਿਆ ਤੁਰ ਗਏ ਪ੍ਰਦੇਸੀਆਂ ਬਾਰੇ
ਭਰੇ ਸਿਰਨਾਵਿਆਂ ਦੇ ਜੋ ਪਿਟਾਰੇ ਭਾਲਦੇ ਰਹਿਣਾ

ਇਹ ਮੰਨਿਆ ਕਿ ਤੁਹਾਡੀ ਸਾਗਰਾਂ ਨਾਲ ਦੋਸਤੀ ਗੂੜ੍ਹੀ
ਮਗਰ ਮਹਿਫੂਜ਼ ਥਾਵਾਂ ਲਈ ਕਿਨਾਰੇ ਭਾਲਦੇ ਰਹਿਣਾ

ਸੁਲਗਦੀ ਜੋ ਦਿਲਾਂ ਅੰਦਰ ਮੁਹੱਬਤ ਦੀ ਚਿਣਗ ਯਾਰੋ
ਕਿਤੇ ਸ਼ੀਤਲ ਨਾ  ਹੋ ਜਾਏ  ਸ਼ਰਾਰੇ ਭਾਲਦੇ ਰਹਿਣਾ

                                (ਬਲਜੀਤ ਪਾਲ ਸਿੰਘ)

Friday, May 4, 2012

ਗ਼ਜ਼ਲ

ਬਹੁਤ ਦਿਲਾਂ ਵਿਚ ਖੋਟ, ਭਰੋਸਾ ਕੋਈ ਨਾ
ਹਮਦਰਦੀ ਦੀ ਤੋਟ, ਭਰੋਸਾ ਕੋਈ ਨਾ

ਦੁਨੀਆਂ ਵੱਸਦੀ ਰੱਸਦੀ ਢੇਰ ਬਾਰੂਦਾਂ ਤੇ
ਬਾਂਦਰ ਹੱਥ ਰਿਮੋਟ ,ਭਰੋਸਾ ਕੋਈ ਨਾ

ਡਾਕੂ,ਗੁੰਡੇ,ਕਾਤਿਲ ਖੁੱਲੇ ਫਿਰਦੇ ਨੇ
ਸਭ ਨੂੰ ਖੁੱਲੀ ਛੋਟ, ਭਰੋਸਾ ਕੋਈ ਨਾ

ਜੰਗਲ ਦੇ ਵਿਚ ਅੱਗ ਲੱਗੀ ਮਨ ਡਰਿਆ ਹੈ
ਆਲ੍ਹਣਿਆਂ ਵਿਚ ਬੋਟ, ਭਰੋਸਾ ਕੋਈ ਨਾ

ਇਕ ਲੀਡਰ ਨੇ ਜਿੱਤਣਾ ਬਾਕੀ ਹਾਰਨਗੇ
ਕੀਹਦੀ ਕੀਹਨੂੰ ਵੋਟ,ਭਰੋਸਾ ਕੋਈ ਨਾ

ਪੱਥਰ ਵੱਜਿਆ ਬੇਗਾਨੇ ਦਾ ਜ਼ਰ ਲੈਂਦੇ
ਆਪਣਿਆਂ ਦੀ ਚੋਟ,ਭਰੋਸਾ ਕੋਈ ਨਾ

ਹਰ ਕੋਨੇ ਵਿਚ ਡੰਕਾ ਵੱਜੇ ਸਿਆਸਤ ਦਾ
ਅਫਸਰੀਆਂ ਨਾ ਘੋਟ,ਭਰੋਸਾ ਕੋਈ ਨਾ

ਉਲਝ ਗਈ ਹੈ ਤਾਣੀ ਢਾਂਚਾ ਵਿਗੜ ਗਿਆ
ਕਦ ਆਊਗਾ ਲੋਟ,ਭਰੋਸਾ ਕੋਈ ਨਾ

                                     (ਬਲਜੀਤ ਪਾਲ ਸਿੰਘ)

Friday, April 13, 2012

ਗ਼ਜ਼ਲ

ਉਹ ਜੇਕਰ ਬਾਵਫਾ ਹੁੰਦਾ ਨਜ਼ਾਰਾ ਹੋਰ ਹੋਣਾ ਸੀ
ਮੇਰੀ ਤਕਦੀਰ ਦਾ ਫਿਰ ਤਾਂ ਸਿਤਾਰਾ ਹੋਰ ਹੋਣਾ ਸੀ


ਮੇਰੇ ਸਾਹਵੇਂ ਕੋਈ ਸੋਨੇ ਤਰਾਂ ਭਾਵੇਂ
ਚਮਕ ਜਾਂਦਾ
ਬਿਨਾਂ ਉਸਤੋਂ ਨਹੀਂ ਕੋਈ ਪਿਆਰਾ ਹੋਰ ਹੋਣਾ ਸੀ


ਬਦਲ ਦਿੰਦਾ ਕਿਤੇ ਮੌਸਮ ਅਗਰ
ਇਹ ਰੁਖ ਹਵਾਵਾਂ ਦੇ
ਮੇਰੇ ਜੀਵਨ ਦੀ ਕਿਸ਼ਤੀ ਦਾ ਕਿਨਾਰਾ ਹੋਰ ਹੋਣਾ ਸੀ


ਚਿਣਗ ਕੋਈ ਸੁਲਗ ਜਾਂਦੀ ਇਸ਼ਕ ਬੇਮੌਤ ਨਾ ਮਰਦਾ

ਇਹਨਾਂ ਅੱਖਾ
ਚ ਫਿਰ ਜਗਦਾ ਰਾਰਾ ਹੋਰ ਹੋਣਾ ਸੀ

ਮੇਰੇ ਅਰਮਾਨ ਜੇ ਔਝੜ ਜਿਹੇ
ਰਾਹਾਂ ਤੇ ਨਾ ਪੈਂਦੇ
ਮੇਰੀ ਝੋਲੀ
ਚ ਸੱਧਰਾਂ ਦਾ ਪਿਟਾਰਾ ਹੋਰ ਹੋਣਾ ਸੀ

ਤੇਰੇ ਕੋਲੇ ਜੇ ਨਾ ਹੁੰਦੇ ਕਿਤੇ ਹਥਿਆਰ ਠੱਗੀ ਦੇ

ਤਾਂ
ਫਿਰ ਜਿੱਤਾਂ ਤੇ ਹਾਰਾਂ ਦਾ ਨਤਾਰਾ ਹੋਰ ਹੋਣਾ ਸੀ

                                (ਬਲਜੀਤ ਪਾਲ ਸਿੰਘ)

Saturday, March 31, 2012

ਗ਼ਜ਼ਲ


ਗੁੱਸਾ
,ਡਰ,ਪਛਤਾਵਾ ਤੇ ਪ੍ਰੇਸ਼ਾਨੀਆਂ
ਦੂਰ
ਤੀਕਰ ਦਿੱਸਦੀਆਂ ਵੀਰਾਨੀਆਂ

ਵਾਂਗ ਸੂਲਾਂ
ਚੁਭ ਰਹੀ ਵਗਦੀ ਹਵਾ
ਮੌਸਮਾਂ ਵਿਚ ਅਜ਼ਬ ਨੇ ਸ਼ੈਤਾਨੀਆਂ


ਫੁੱਲ ਵਿਛਾਏ ਨੇ
ਤੁਹਾਡੇ ਵਾਸਤੇ
ਸਾਡੇ ਹਿੱਸੇ ਕੰਡੇ ਕਿਉਂ ਹੈਰਾਨੀਆਂ


ਗੈਰਾਂ ਦੇ ਵਾਂਗੂੰ ਜੋ ਸਾਨੂੰ ਤੱਕਦੀਆਂ

ਜੂੰਹਾਂ ਤੇਰੇ ਪਿੰਡ ਦੀਆਂ ਬੇਗਾਨੀਆਂ


ਬਿਨ ਕਸੂਰੋਂ ਦੋਸ਼ ਮੇਰੇ
ਸਿਰ ਮੜ੍ਹੇ
ਮੈਂ
ਸਜ਼ਾਵਾਂ ਫੇਰ ਵੀ ਪ੍ਰਵਾਨੀਆਂ
                          (ਬਲਜੀਤ ਪਾਲ ਸਿੰਘ)

Sunday, March 4, 2012

ਗ਼ਜ਼ਲਤੇਰੇ ਗਲ ਜੋ ਪੈ ਗਿਆ ਪਊ ਵਜਾਉਣਾ ਢੋਲ
ਬਸਰ ਕਰਨ ਲਈ ਜਿੰਦਗੀ ਕਰਨਾ ਪੈਣਾ ਘੋਲ

ਆਪਣੀ ਜੀਭ ਨੂੰ ਆਪ ਹੀ ਕੌੜਾ ਕਰਦੇ ਲੋਕ
ਜਦੋਂ ਕਦੇ ਵੀ ਬੋਲਦੇ ਇਸ ਚੋਂ ਮੰਦੇ ਬੋਲ

ਵਿਹਲੇ ਰਹਿਣਾ ਬਣ ਗਿਆ ਹਰ ਬੰਦੇ ਦਾ ਸ਼ੌਂਕ
ਕੰਮ ਤੋਂ ਬਿਨਾ ਬੇਕਾਰ ਹੈ ਇਹ ਜੀਵਨ ਅਨਮੋਲ

ਸੱਚਾ ਵਣਜ ਵਿਪਾਰ ਹੀ ਫਿਰ ਦੇਵੇਗਾ ਲਾਭ
ਹੱਟ ਤੇ ਬਹਿਕੇ ਤੋਲੀਏ ਪੂਰਾ ਜੇਕਰ ਤੋਲ

ਸਾਗਰ ਛੱਲਾਂ ਉਠਦੀਆਂ ਰਹਿਣਾ ਪੈਣਾ ਸ਼ਾਤ
ਬੇੜੀ ਉਸਦੀ ਡੁਬਦੀ ਜਿਹੜਾ ਜਾਵੇ ਡੋਲ

ਘੁੰਮ ਘੁੰਮਾ ਕੇ ਆਦਮੀ ਪਹੁੰਚੇ ਸਿਵਿਆਂ ਵਿਚ
ਤਾਹੀਂ ਸ਼ਾਇਦ ਆਖਦੇ ਇਸ ਧਰਤੀ ਨੂੰ ਗੋਲ

                     (ਬਲਜੀਤ ਪਾਲ ਸਿੰਘ)

Thursday, February 23, 2012

ਗ਼ਜ਼ਲ


ਸਾਡੇ ਨਾਲ ਹੋਈਆਂ ਰੁੱਸਵਾਈਆਂ ਸਭ ਯਾਦ ਨੇ 
 ਕੀਤੀਆਂ ਜੋ ਤੁਸਾਂ ਬੇਵਫਾਈਆਂ ਸਭ ਯਾਦ ਨੇ
ਆਪਣੇ ਹੀ ਦਿਲ ਤੇ ਉਹ ਸਾਰੀਆਂ ਹੰਢਾ ਲਈਆਂ
 ਜੱਗ ਦੀਆਂ ਪੀੜਾਂ ਜੋ ਪਰਾਈਆਂ ਸਭ ਯਾਦ ਨੇ
ਜਿੰਦਗੀ ਚ ਐਸ਼ਾਂ ਤੇ ਅਰਾਮ ਜਿਹੜਾ ਮਾਣਿਆ
 ਵੱਡਿਆਂ ਜੋ ਕੀਤੀਆਂ ਕਮਾਈਆਂ ਸਭ ਯਾਦ ਨੇ
ਸੋਨੇ ਰੰਗੇ ਪਲ ਤੇ ਰੰਗੀਨ ਜਿਹੀਆਂ ਘੜੀਆਂ
 ਤੇਰੀ ਯਾਦ ਵਿਚ ਜੋ ਗਵਾਈਆਂ ਸਭ ਯਾਦ ਨੇ
ਬਾਗ ਵਿਚ ਮਾਲੀਆਂ ਦੀ ਹਾਜ਼ਰੀ ਤਾਂ ਸੀ ਮਗਰ
 ਧੁੱਪਾਂ ਨੇ ਜੋ ਡਾਲੀਆਂ  ਸੁਕਾਈਆਂ ਸਭ ਯਾਦ ਨੇ
ਫੈਸਲੇ ਉਡੀਕਦਿਆਂ ਮੁੱਦਤਾਂ ਜੋ ਬੀਤੀਆਂ
 ਕੋਰਟਾਂ ਚ ਜੁੱਤੀਆਂ ਘਸਾਈਆਂ ਸਭ ਯਾਦ ਨੇ
ਤੇਰੇ ਨਾਲ ਦੋਸਤੀ ਦਾ ਸਿਲਾ ਇਹੋ ਮਿਲਿਆ
 ਲੋਕਾਂ ਕੋਲੋਂ ਗੱਲਾਂ ਕਰਵਾਈਆਂ ਸਭ ਯਾਦ ਨੇ
                  (ਬਲਜੀਤ ਪਾਲ ਸਿੰਘ)

Tuesday, January 17, 2012

ਗ਼ਜ਼ਲ

ਖਤਰੇ ਬੜੇ ਨੇ ਮੋਰਚੇ  ਬੰਕਰ ਬਣਾ ਲਈਏ
ਅਪਣੀ ਹਿਫਾਜਤ ਲਈ ਕੋਈ ਖੰਜਰ ਬਣਾ ਲਈਏ

ਮਿਲਣਾ ਨਹੀਂ ਸਕੂਨ ਹੁਣ ਪੂਜਾ ਸਥਾਨ ਤੇ
ਆਪਣੇ ਜਿਹਨ ਵਿਚ ਹੀ ਮੰਦਿਰ ਬਣਾ ਲਈਏ

ਕਿਧਰੇ ਨਹੀਂ ਜੇ ਹੋਰ ਜਾਣਾ  ਕਿਤੇ ਅਸੀਂ
ਘਰ ਨੂੰ  ਹੀ ਇਕ ਦਿਲਕਸ਼ ਜਿਹਾ ਮੰਜ਼ਰ ਬਣਾ ਲਈਏ

ਖਿੜਨੇ ਨਹੀਂ ਏਥੇ  ਕੋਈ ਗੁਲਜ਼ਾਰ ਨਾ ਸਹੀ
ਦਿਲ ਦੀ ਧਰਤ ਨੂੰ ਕਾਸਤੋਂ ਬੰਜਰ ਬਣਾ ਲਈਏ

ਦਿੱਤੀ ਨਾ ਪੇਸ਼ ਜਾਣ ਜਦ ਕਾਲੇ ਹਨੇਰਿਆਂ
 ਜਗਦੀ ਜੋਤ ਇਕ ਆਪਣੇ ਮਨਾ ਅੰਦਰ ਬਣਾ ਲਈਏ
                         (ਬਲਜੀਤ ਪਾਲ ਸਿੰਘ)

Thursday, January 5, 2012

ਗ਼ਜ਼ਲ

ਚੜ੍ਹਿਆ ਸੂਰਜ ਹੋਇਆ ਚਾਨਣ
ਕਿਰਨਾਂ ਵਿਚ ਪਰੋਇਆ ਚਾਨਣ

ਰਾਤ ਹਨੇਰੀ ਖਤਮ ਜਾ ਹੋਈ
ਬੂਹੇ ਆਣ ਖਲੋਇਆ ਚਾਨਣ


ਫੈਲੇ ਵਿੱਦਿਆ ਚਾਨਣ ਹੋਇ
ਅੱਖਰਾਂ ਨਾਲ ਵੀ ਹੋਇਆ ਚਾਨਣ

ਉਸਦੇ ਵਿਹੜੇ ਚਾਨਣ ਖਿੜਨਾ
ਜਿਸ ਰੂਹ ਅੰਦਰ ਬੋਇਆ ਚਾਨਣ

ਜਦ ਅੰਬਰ ਵਿਚ ਬੱਦਲ ਛਾਏ
ਵਿਰਲਾਂ ਥਾਣੀਂ ਚੋਇਆ ਚਾਨਣ

ਸ਼ਹਿਰ ਦਾ ਹਾਕਮ ਨੰਗਾ ਹੋਇਆ
ਜਦ ਵੀ ਓਸ ਲਕੋਇਆ ਚਾਨਣ


ਨ੍ਹੇਰੇ ਕੋਲੋਂ ਕਾਹਤੋਂ ਡਰੀਏ
ਸਾਡੇ ਕੋਲ ਨਰੋਇਆ ਚਾਨਣ

             (ਬਲਜੀਤ ਪਾਲ ਸਿੰਘ)