Monday, October 11, 2010

ਗਜ਼ਲ

ਮਨ ਸਮੁੰਦਰ ਹੈ ਚਲੋ ਇਸ ਦੀ ਡੂੰਘਾਈ ਮਾਪੀਏ
ਰਿਸ਼ਤਿਆਂ ਵਿਚ ਦੂਰੀਆਂ ਦੀ ਹੁਣ ਲੰਬਾਈ ਮਾਪੀਏ
ਕਿੰਨਾ ਦਿੱਤਾ ਸੇਕ ਇਹਨਾਂ ਨੇ ਅਸਾਡੇ ਚਮਨ ਨੂੰ
ਤੱਤੀਆਂ ਬੇਕਿਰਕ ਪੌਣਾਂ ਦੀ ਬੁਰਾਈ ਮਾਪੀਏ
ਦਿਲ ਬਥੇਰਾ ਆਖਦਾ ਹੈ ਪਹਿਰਾ ਦੇਵਾਂ ਸੱਚ 'ਤੇ
ਜੱਗ ਕਹੇ ਸੱਚ ਨਾਲ ਹੋਈ ਜੱਗ ਹਸਾਈ ਮਾਪੀਏ
ਵਤਨ ਦੇ ਪਿੰਡੇ ਤੇ ਯਾਰੋ! ਮੁੱਦਤਾਂ ਤੋਂ ਚੀਥੜੇ
ਲੀਡਰਾਂ ਨੇ ਜਿਹੜੀ ਦਿਤੀ ਉਹ ਅਗਵਾਈ ਮਾਪੀਏ
ਮਰ ਗਏ ਕੁਝ ਹੱਕਾਂ ਖਾਤਿਰ ਫੈਸਲੇ ਉਡੀਕਦੇ
ਮੁਨਸਿਫ਼ਾਂ ਦੀ ਸਾਲਾਂ ਲੰਮੀ ਕਾਰਵਾਈ ਮਾਪੀਏ
ਪੁੱਜ ਗਏ ਹਾਂ ਕਿਸ ਪੜਾਅ ਤੇ ਕੱਲੇ-ਕਾਰੇ ਤੁਰਦਿਆਂ
ਜੋ ਹੰਢਾਈ ਸਦੀਆਂ ਤੀਕਰ ਉਹ ਤਨਹਾਈ ਮਾਪੀਏ