Monday, May 26, 2014

ਗ਼ਜ਼ਲ

ਗਰਮੀ ਰੁੱਤੇ ਸਿਖਰ ਦੁਪਹਿਰੇ  ਜੀਕਣ ਠੰਡੀਆਂ ਛਾਵਾਂ ਲੱਭਾਂ
ਦਿਲ ਨੂੰ ਕਿਤੇ ਸਕੂਨ ਮਿਲੇ ਨਾ ਜਿਹੜੇ ਪਾਸੇ ਜਾਵਾਂ ਲੱਭਾਂ

ਸ਼ਹਿਰ ਦਾ ਕੋਨਾ ਕੋਨਾ ਛਾਣਾਂ ਉਸਦੀ ਕੋਈ ਝਲਕ ਮਿਲੇ ਨਾ
ਭੁੱਲ ਭੁਲੇਖੇ ਤੁਰਦਾ ਫਿਰਦਾ ਜਦ ਵੀ ਏਥੇ ਆਵਾਂ ਲੱਭਾਂ

ਕਿੰਨਾ ਚੋਖਾ ਭੀੜ ਭੜੱਕਾ ਫਿਰ ਵੀ ਬੰਦਾ ਕੱਲਾ ਜਾਪੇ
ਇਹਨਾਂ ਜੁੜੇ ਹਜ਼ੂਮਾਂ ਵਿਚੋਂ ਮਿੱਤਰ ਟਾਵਾਂ ਟਾਵਾਂ ਲੱਭਾਂ

ਹਰ ਇਕ ਚਿਹਰਾ ਧੋਖਾ ਦੇਵੇ ਕੀਹਦੇ ਨਾਲ ਮੁਹੱਬਤ ਕਰੀਏ
ਉਚਿਆਂ ਤਾਈਂ ਕਾਹਦੀ ਯਾਰੀ ਆਪਣੇ ਵਰਗਾ ਸਾਵਾਂ ਲੱਭਾਂ

ਗੁਰਬਤ ਦੇ ਘਸਮੈਲੇ ਸਾਏ ਨਜ਼ਰੀ ਪੈਂਦੇ ਬਹੁਤੀ ਥਾਈਂ
ਮੁਰਝਾਏ ਫੁੱਲਾਂ ਦੀ ਬਸਤੀ ਕੇਵਲ ਹਾਉਕੇ ਹਾਵਾਂ ਲੱਭਾਂ

ਖੰਡਰ ਜਿਹਾ ਸੁਨੇਹਾ ਦਿੰਦੇ ਮਹਾਂ ਨਗਰ ਦੇ ਸਾਰੇ ਪੱਥਰ
ਸਮਿਆਂ ਨਾਲ ਗੁਆਚੇ ਜਿਹੜੇ ਪਿੰਡ ਉਹਨਾਂ ਦੀਆ ਥਾਵਾਂ ਲੱਭਾਂ

                    (ਬਲਜੀਤ ਪਾਲ ਸਿੰਘ)

Sunday, May 11, 2014

ਗ਼ਜ਼ਲ

ਲੰਘਿਆ ਬਚਪਨ ਵਿਹੜੇ ਵਿਚੋਂ ਬਾਲਾਂ ਦੀ ਕਿਲਕਾਰੀ ਗਈ
ਢਲਦੀ ਉਮਰੇ ਏਦਾਂ ਲੱਗਦਾ ਸ਼ੀਸ਼ੇ ਨਾਲੋਂ ਯਾਰੀ ਗਈ....

ਜਦ ਰਾਹਾਂ ਤੇ ਤੁਰਦੇ ਤੁਰਦੇ ਨਜ਼ਰ ਭਵਾ ਕੇ ਤੱਕਿਆ ਹੈ
ਨਾਲ ਪਸੀਨੇ ਜਿਸ ਨੂੰ ਸਿੰਜਿਆ ਕਿੰਨੀ ਦੂਰ ਕਿਆਰੀ ਗਈ

ਦਿਲ ਦਾ ਹਾਲ ਸੁਣਾਈਏ ਕਿਸ ਨੂੰ ਚਾਰ ਚੁਫੇਰੇ ਸੁੰਨ ਸਰਾਂ
ਦੂਰ ਦੁਰੇਡੇ ਮਿੱਤਰ ਰਹਿੰਦੇ ਹੁਣ ਸਾਡੀ ਦਿਲਦਾਰੀ ਗਈ

ਨਹੀਂ ਦਿੱਸਦੀਆਂ ਪੈੜਾਂ ਵੀ ਹੁਣ ਬੜੀ ਦੂਰ ਤੱਕ ਦੇਖ ਲਿਆ
ਥੱਕ ਹਾਰ ਕੇ ਮੁੜ ਆਈ ਹੈ ਜਿਧਰ ਨਜ਼ਰ ਵਿਚਾਰੀ ਗਈ

ਕਿਸੇ ਕਿਹਾ ਜਦ ਮੁੜ ਜਾ ਘਰ ਨੂੰ ਐਵੇਂ ਖੁਦ ਨੂੰ ਰੋਲੇਂਗਾ
ਨਾਲ ਸਬਰ ਦੇ ਬੈਠ ਗਿਆ ਹਾਂ ਖਿੱਚੀ ਹੋਈ ਤਿਆਰੀ ਗਈ

ਵਕਤ ਦੀ ਕੈਂਚੀ ਨੇ ਕੱਟ ਦਿੱਤੇ  ਖੰਭ ਅਸਾਡੀਆਂ ਸੋਚਾਂ ਦੇ
ਪੰਛੀ ਵਾਂਗੂੰ ਰੀਝ ਉਡਣ ਦੀ ਕਿਧਰੇ ਮਾਰ ਉਡਾਰੀ ਗਈ

                                      (ਬਲਜੀਤ ਪਾਲ ਸਿੰਘ)