Saturday, August 30, 2014

ਗ਼ਜ਼ਲ

ਜਦੋਂ ਦਾ ਸ਼ਹਿਰ ਨੇ ਅੰਦਾਜ਼ ਆਪਣਾ ਬਦਲਿਆ ਹੈ
ਦਿਲਾਂ ਵਿਚ ਅਜਨਬੀ ਇਕ ਖੌਫ ਜੇਹਾ ਪਸਰਿਆ ਹੈ

ਮਿਰੇ ਖਾਬਾਂ 'ਚ ਰਹਿੰਦਾ ਰਾਤ ਗੂੜ੍ਹੀ ਨੀਂਦ ਵੇਲੇ
ਜੋ ਮੰਜ਼ਿਰ ਜ਼ਿਹਨ ਅੰਦਰ ਮੈ ਅਨੋਖਾ ਸਿਰਜਿਆ ਹੈ

ਬੜਾ ਬੇਵੱਸ ਹੋ ਕੇ ਫਿਰ ਸਮੇਂ ਨੂੰ ਕੋਸਦਾ ਰਹਿੰਨਾਂ
ਜਦੋਂ ਹੰਝੂ ਕਿਸੇ ਦੀ ਪਲਕ ਉੱਤੇ ਲਟਕਿਆ ਹੈ

ਇਹਨਾਂ ਚੌਗਿਰਦਿਆਂ 'ਚ ਘੋਲਿਆ ਹੈ ਜਹਿਰ ਕਿਸ ਨੇ
ਖਿੜ੍ਹਿਆ ਫੁੱਲ ਵੀ ਆਖਿਰ ਨੂੰ ਏਥੇ ਵਿਲਕਿਆ ਹੈ

ਅਦਾਲਤ ਵਿਚ ਮੇਰਾ ਜ਼ਿਕਰ ਤੱਕ ਹੋਇਆ ਨਹੀਂ ਸੀ
ਲੇਕਿਨ ਫੇਰ ਵੀ ਮੈਂ ਹਰ ਸਜ਼ਾ ਨੂੰ ਭੁਗਤਿਆ ਹੈ

ਜੋ ਮੈਨੂੰ ਖੁੱਲ ਕੇ ਬੋਲਣ ਤੋਂ ਹਰ ਦਮ ਰੋਕ ਲੈਂਦਾ
ਇਹਨਾਂ ਸੋਚਾਂ ਦੁਆਲੇ ਨਾਗ ਕੈਸਾ ਲਿਪਟਿਆ ਹੈ

ਇਕੋ ਜਗਾਹ ਨੇ ਰੁੱਖ,ਰੇਤ,ਪਹਾੜ ਸਾਗਰ ਤੇ ਨਦੀ
ਕਿਆ ਤਸਵੀਰ ਦਾ ਖਾਕਾ ਕਿਸੇ ਨੇ ਚਿਤਰਿਆ ਹੈ

ਨਿਰਮਲ ਸੀ ਕਦੇ ਇਹਦੇ ਚੋਂ ਹਰ ਅਕਸ ਦੀਹਦਾ ਸੀ
ਇਹ ਦਿਲ ਸ਼ੀਸ਼ੇ ਜਿਹਾ ਹੈ ਜੋ ਹੁਣੇ ਹੀ ਤਿੜਕਿਆ ਹੈ

ਕਿਵੇਂ ਦੇਵੇਗਾ ਸੇਧਾਂ ਭੁੱਲੇ ਭਟਕੇ ਚਿਹਰਿਆਂ ਨੂੰ
ਮੇਰਾ ਦਿਲ ਖੁਦ ਹੀ ਯਾਰੋ ਰਸਤਿਆਂ ਤੋਂ ਭਟਕਿਆ ਹੈ

                        (ਬਲਜੀਤ ਪਾਲ ਸਿੰਘ)

Friday, August 29, 2014

ਗ਼ਜ਼ਲ

ਤੜਪਦੇ ਹਿਰਦਿਆਂ ਅੰਦਰ ਅਜੇ ਅਰਮਾਨ ਬਾਕੀ ਨੇ
ਸ਼ਮਾਂ ਨੂੰ ਰਹਿਣ ਦੇ ਰੌਸ਼ਨ ਅਜੇ ਮਹਿਮਾਨ ਬਾਕੀ ਨੇ

ਕਦੇ ਕਰਜ਼ਾ ਨਹੀਂ ਲਹਿਣਾ ਉਹਨਾਂ ਜਿਹੜੀ ਵਫਾ ਕੀਤੀ
ਹਜ਼ਾਰਾਂ ਕੋਸ਼ਿਸ਼ਾਂ ਕਰੀਏ  ਅਜੇ ਅਹਿਸਾਨ ਬਾਕੀ ਨੇ

ਬੁਝੇ ਹੋਏ ਚਿਹਰਿਆਂ ਉਤੇ ਕੋਈ ਰੌਣਕ ਨਹੀਂ ਆਈ
ਜਿੰਨਾ ਵਿਚ ਫੁੱਲ ਰੱਖਣੇ ਨੇ ਅਜੇ ਫੁੱਲਦਾਨ ਬਾਕੀ ਨੇ

ਕਦੇ ਪੋਲੇ ਜਿਹੇ ਪੈਰੀਂ ਕੋਈ ਨਿਜ਼ਾਮ ਨਾ ਸੁਧਰੇ
ਲੋਕਾਂ ਨੇ ਝਗੜਨੇ ਜੋ ਅਜੇ ਘਮਸਾਨ ਬਾਕੀ ਨੇ

ਹਮੇਸ਼ਾ ਦੋਸ਼ ਦਿੰਦੇ ਹਾਂ ਅਸੀਂ ਪੂਰਨ ਤੇ ਲੂਣਾ   ਨੂੰ
ਕਿ ਭਾਵੇਂ ਏਸ ਧਰਤੀ ਤੇ ਅਜੇ ਸਲਵਾਨ ਬਾਕੀ ਨੇ

ਬੜੀ ਦੌਲਤ ਇਕੱਠੀ ਕਰ ਲਈ ਪਰ ਸੋਚਦੇ ਰਹਿੰਦੇ
ਕੁਦਰਤ ਨੇ ਬਖਸ਼ਣੇ ਜੋ ਅਜੇ ਵਰਦਾਨ ਬਾਕੀ ਨੇ

ਅਸੀਂ ਤਾਂ ਆਪਣੀ ਖਾਤਿਰ ਬੜੇ ਹੀ ਮਹਿਲ ਨੇ ਛੱਤੇ
ਟਿਕਾਣਾ ਆਖਰੀ ਸਾਡਾ ਅਜੇ ਸ਼ਮਸ਼ਾਨ ਬਾਕੀ ਨੇ

                             (ਬਲਜੀਤ ਪਾਲ ਸਿੰਘ)

Monday, August 11, 2014

ਗ਼ਜ਼ਲ

ਅਸੀਂ ਇਹ ਰੋਜ ਕਹਿੰਦੇ ਹਾਂ, ਅਸੀਂ ਵਾਰਿਸ ਭਗਤ ਸਿੰਘ ਦੇ
ਮਗਰ ਖਾਮੋਸ਼ ਰਹਿੰਦੇ ਹਾਂ, ਅਸੀਂ ਵਾਰਿਸ ਭਗਤ ਸਿੰਘ ਦੇ

ਸਿਰਾਂ ਨੂੰ ਆਪ ਹੀ ਦਿੱਤਾ, ਅਸੀਂ ਪੰਜਾਲੀਆਂ ਅੰਦਰ
ਜੁਲਮ ਚੁੱਪ ਚਾਪ ਸਹਿੰਦੇ ਹਾਂ, ਅਸੀਂ ਵਾਰਿਸ ਭਗਤ ਸਿੰਘ ਦੇ

ਜਦੋਂ ਵਿਖਿਆਨ ਕਰਦਾ ਹੈ, ਕੋਈ ਝੂਠੇ ਗਰੰਥਾਂ 'ਚੋਂ
ਉਹਦੇ ਪੈਰਾਂ 'ਚ ਬਹਿੰਦੇ ਹਾਂ, ਅਸੀਂ ਵਾਰਿਸ ਭਗਤ ਸਿੰਘ ਦੇ

ਜਬਰ ਦਾ ਟਾਕਰਾ ਕਰਨਾ, ਅਸੀਂ ਅੱਜ ਵੀ ਨਹੀਂ ਸਿੱਖਿਆ
ਸਗੋਂ ਆਪਸ 'ਚ ਖਹਿੰਦੇ ਹਾਂ, ਅਸੀਂ ਵਾਰਿਸ ਭਗਤ ਸਿੰਘ ਦੇ

ਜਦੋਂ ਮਜ਼ਲੂਮ ਦੀ ਸੜਕਾਂ ਤੇ, ਕੋਈ ਚੀਕ ਸੁਣਦੀ ਹੈ
ਘਰਾਂ ਅੰਦਰ ਜਾ ਬਹਿੰਦੇ ਹਾਂ, ਅਸੀਂ ਵਾਰਿਸ ਭਗਤ ਸਿੰਘ ਦੇ

                 (ਬਲਜੀਤ ਪਾਲ ਸਿੰਘ)

Friday, August 8, 2014

ਗ਼ਜ਼ਲ

ਥੋੜੀ ਬਹੁਤੀ ਮਗਜ਼ ਖਪਾਈ ਕਰਦਾ ਰਹਿੰਦਾ ਹਾਂ
ਏਦਾਂ ਈ ਬਸ ਡੰਗ ਟਪਾਈ ਕਰਦਾ ਰਹਿੰਦਾ ਹਾਂ

ਤੜਕੇ ਉਠਕੇ ਰੋਜ ਸਵੇਰੇ ਕੰਮ ਤੇ ਜਾਣ ਸਮੇਂ
ਕਾਹਲੀ ਕਾਹਲੀ ਹਾਲ ਦੁਹਾਈ ਕਰਦਾ ਰਹਿੰਦਾ ਹਾਂ

ਰੋਜ ਮਰਾ ਦੇ ਕੰਮਾਂ ਤੋਂ ਜਦ ਫੁਰਸਤ ਮਿਲਦੀ ਹੈ
ਓਦੋਂ ਥੋੜੀ ਕਲਮ ਘਸਾਈ ਕਰਦਾ ਰਹਿੰਦਾ ਹਾਂ

ਨੀਂਦਰ ਵਿਚ ਕਿਧਰੇ ਜਦ ਮੈਨੂੰ ਬਚਪਨ ਮਿਲ ਜਾਂਦੈ
ਸੁਪਨੇ ਦੇ ਵਿਚ ਛਿਪਣ ਛਿਪਾਈ ਕਰਦਾ ਰਹਿੰਦਾ ਹਾਂ

ਰਿਸ਼ਤੇ ਨਾਤੇ ਵੀ ਤਾਂ ਖੂਬ ਨਿਭਾਉਣੇ ਪੈਂਦੇ ਨੇ
ਇਹਨਾਂ ਦੀ ਵੀ ਛਾਂਟ ਛਟਾਈ ਕਰਦਾ ਰਹਿੰਦਾ ਹਾਂ

ਗ਼ਮ ਤੇ ਖੁਸ਼ੀਆਂ ਮੇਰੇ ਕੋਲ ਬਥੇਰੇ ਹੁੰਦੇ ਨੇ
ਦੋਵਾਂ ਦੀ ਹੀ ਵੰਡ ਵੰਡਾਈ ਕਰਦਾ ਰਹਿੰਦਾ ਹਾਂ

ਧਰਤੀ ਉੱਤੇ ਜੰਨਤ ਵਾਂਗੂੰ ਲੋਕੀਂ ਰਹਿਣ ਸਦਾ
ਇਹੋ ਨਿੱਤ ਕਿਆਸ ਅਰਾਈ ਕਰਦਾ ਰਹਿੰਦਾ ਹਾਂ

                           (ਬਲਜੀਤ ਪਾਲ ਸਿੰਘ)


Saturday, August 2, 2014

ਗ਼ਜ਼ਲ

ਸਾਡਾ ਜੋ ਇਤਿਹਾਸ ਜਿਹਾ  ਹੈ
ਛਲ ਕਪਟ ਮਿਥਿਹਾਸ ਜਿਹਾ ਹੈ

ਸੱਤ ਸਮੁੰਦਰੋਂ ਪਾਰ ਬਸੇਰਾ
ਰੋਜ਼ੀ ਲਈ ਪਰਵਾਸ ਜਿਹਾ ਹੈ

ਸ਼ਹਿਰ ਮਿਰੇ ਵਿਚ ਉਸਦੀ ਫੇਰੀ
ਠੰਡਕ ਦਾ ਅਹਿਸਾਸ ਜਿਹਾ ਹੈ

ਇਥੇ ਤਾਂ ਜੰਗਲ ਉੱਗ ਆਇਆ
ਘਰ ਲਗਦਾ ਬਨਵਾਸ ਜਿਹਾ ਹੈ

ਤੇਰਾ ਫੇਰ ਮਿਲਣ ਦਾ ਵਾਅਦਾ
ਸਰਕਾਰੀ ਧਰਵਾਸ ਜਿਹਾ ਹੈ

ਲੋਚਾਂ  ਦੁਨੀਆਂ ਜੰਨਤ ਬਣ'ਜੇ
ਇਹ ਸਾਡਾ ਅਭਿਆਸ ਜਿਹਾ ਹੈ

ਪਿਆਰ ਵਫਾ ਦੇ ਝੂਠੇ ਕਿੱਸੇ
ਸਾਰਾ ਕੁਝ  ਬਕਵਾਸ ਜਿਹਾ ਹੈ

                  (ਬਲਜੀਤ ਪਾਲ ਸਿੰਘ)