Thursday, November 28, 2013

ਗ਼ਜ਼ਲ


ਲੋਕਾਂ ਦੇ ਭਗਵਾਨ ਬਥੇਰੇ
ਖਾੜੇ ਵਿਚ ਭਲਵਾਨ ਬਥੇਰੇ

ਨਿੱਤ ਰੈਲੀਆਂ ਜਲਸੇ ਦੇਖੋ
ਚੌਧਰ ਲਈ ਘਮਸਾਨ ਬਥੇਰੇ

ਜਨਤਾ ਭਾਵੇਂ ਭੁੱਖੀ ਮਰਦੀ
ਕੁਰਸੀ ਲਈ ਵਰਦਾਨ ਬਥੇਰੇ

ਭੇਡਾਂ ਵਾਂਗੂੰ ਸਾਰੇ ਮੰਨਣ
ਰਾਜੇ ਦੇ ਫਰਮਾਨ ਬਥੇਰੇ

ਜੋਕਾਂ ਵਾਂਗੂੰ ਖੂਨ ਚੂਸਦੇ
ਲੀਡਰ ਤੇ ਧੰਨਵਾਨ ਬਥੇਰੇ

ਹਾਕਮ ਦੀ ਗਿੱਚੀ ਜਾ ਫੜੀਏ
ਪਰ ਰਾਖੇ ਦਰਬਾਨ ਬਥੇਰੇ

ਸੜਕਾਂ ਉਤੇ ਰੋਜ਼ ਹਾਦਸੇ
ਲਾਸ਼ਾਂ ਲਈ ਸ਼ਮਸ਼ਾਨ ਬਥੇਰੇ

ਕਰਜ਼ਾ ਚੜ੍ਹਿਆ ਫਾਹਾ ਲੈਂਦੇ
ਏਦਾਂ ਦੇ ਕਿਰਸਾਨ ਬਥੇਰੇ

ਜੋ ਲੋਕਾਂ ਦੀ ਖਾਤਿਰ ਮਰਦੇ
ਸਿਰੜੀ ਨੇ ਇਨਸਾਨ ਬਥੇਰੇ

            (ਬਲਜੀਤ ਪਾਲ ਸਿੰਘ)