Saturday, May 30, 2009

ਗ਼ਜ਼ਲ

ਇਸ ਕਮਰੇ ਦਾ ਹਰ ਕੋਨਾ ਸ਼ਿੰਗਾਰਦਾ
ਚਾਹਤ ਬੜੀ ਸੀ ਉਸਦੀ ਫੋਟੋ ਨਿਹਾਰਦਾ

ਉਸਨੇ ਕੀਤੇ ਜੋ ਕਰਮ ਭੁੱਲਦੇ ਨਹੀਂ
ਕਿੱਦਾਂ ਉਸਦੀ ਯਾਦ ਦਿਲ ਚੋਂ ਵਿਸਾਰਦਾ

ਉਲ੍ਝੀ ਰਹੀ ਉਲਝਣਾ ਵਿਚ ਜਿੰਦਗੀ
ਕਿਸ ਤਰਾਂ ਤੇਰੀਆਂ ਜ਼ੁਲਫਾ ਸਵਾਰਦਾ

ਜਿੱਤ ਲੈਣੀ ਸੀ ਬਾਜੀ ਜ਼ਮਾਨੇ ਤੋਂ ਪਹਿਲਾਂ
ਜੇ ਕਿਤੇ ਮੈਂ ਪਹਿਲਾਂ ਹਓਮੇ ਨੂੰ ਮਾਰਦਾ

ਮੇਰੇ ਦਰ ਪਰਿੰਦਿਆਂ ਫੇਰ ਆਓਣਾ ਸੀ
ਜੇਕਰ ਓਹ੍ਨਾ ਲਈ ਚੋਗਾ ਖਿਲਾਰਦਾ

ਬਥੇਰਾ ਲਭਿਆ ਮੁਮਤਾਜ ਚਿਹਰੇ ਨੂੰ
ਓਹਦੇ ਬਿਨਾਂ ਕਿਹੜਾ ਤਾਜ ਉਸਾਰਦਾ

ਰੁਖਸਤ ਹੋਣਾ ਸਮਝਿਆ ਬੇਹਤਰ
ਮਹਿਫਲ ਵਿਚ ਕਿੱਦਾਂ ਤਾਅਨੇ ਸਹਾਰਦਾ.

Tuesday, May 26, 2009

ਗ਼ਜ਼ਲ

ਤੇਰੇ ਤੁਰ ਜਾਣ ਤੇ ਨਾ ਅੱਖਾਂ ਵਿਚ ਕੋਈ ਨਮੀ ਲਿਆਵਾਂਗੇ
ਹੰਝੂਆਂ ਦੇ ਹੜ ਵਿਚ ਅੱਗੇ ਤੋਂ ਕੁਝ ਕਮੀ ਲਿਆਂਵਾਂਗੇ

ਹਨੇਰਿਆਂ ਵਿਚ ਭਾਲ ਲਵਾਂਗੇ ਇਕ ਕਾਤਰ ਚਾਨਣ ਦੀ
ਰਾਤਾਂ ਤੋਂ ਪਾਰ ਸਵੇਰ ਸੱਜਰੀ ਇਕ ਨਵੀਂ ਜਗਾਵਾਂਗੇ

ਬੜੀ ਮੁੱਦਤ ਤੋਂ ਇਥੇ ਵੀਰਾਨੇ ਅਤੇ ਉਜਾੜ ਦਾ ਆਲਮ
ਹੁਣ ਫੁਰਸਤ ਮਿਲੀ ਇਸ ਘਰ ਦਾ ਹਰ ਕੋਨਾ ਸਜਾਵਾਂਗੇ

ਜਿੰਨਾ ਹਸਰਤਾਂ ਤੇ ਕਾਬਜ਼ ਰਿਹਾ ਸਦਾ ਕਠੋਰ ਹਾਕਮ
ਉਹਨਾਂ ਉੱਤੇ ਆਓਂਦੇ ਸਮਿਆਂ ਵਿਚ ਫਿਰ ਹੱਕ ਜਤਾਵਾੰਗੇ

ਜਿਹੜੇ ਤੁਰੇ ਨਹੀ ਸਾਡੇ ਨਾਲ ਬਿਖੜੇ ਪੈਂਡਿਆਂ ਉੱਪਰ
ਕੱਠੇ ਤੁਰਿਆਂ ਹੈ ਸਫਰ ਸੌਖਾ ਇਹ ਇਹਸਾਸ ਕਰਾਵਾਂਗੇ

ਤੈਰਦੇ ਅੱਖਾਂ ਵਿਚ ਜਿਹੜੇ ਕੋਮਲ ਜਿਹੇ ਕੁਝ ਸੁਪਨੇ
ਤੱਤੀ ਹਵਾ ਦੇ ਸੇਕ ਤੋਂ ਉਹ ਅਰਮਾਨ ਬਚਾਵਾਂਗੇ

Saturday, May 9, 2009

ਗ਼ਜ਼ਲ

ਜੇਠ ਹਾੜ ਦੀ ਧੁੱਪ ਜਿਸਮ ਤੇ ਜਰ ਲੈਣੀ ਸੀ
ਦੋਸਤੀ ਨਾਲ ਮੌਸਮਾਂ ਦੇ ਵੀ ਕਰ ਲੈਣੀ ਸੀ

ਕੋਈ ਸ਼ਰਬਤੀ ਨਿਗਾਹ ਸੁਵੱਲੀ ਹੋ ਜਾਂਦੀ ਜੇਕਰ
ਕਿਰਨ ਸੁਨਿਹਰੀ ਅੱਖਾਂ ਅੰਦਰ ਭਰ ਲੈਣੀ ਸੀ

ਧਰਤੀ ਦੇ ਇਕ ਕੋਨੇ ਤੇ ਜੇ ਫੁੱਲ ਉਗਾ ਲੈਂਦੇ
ਨਾਲ ਮੁਹੱਬਤਾਂ ਅਸੀਂ ਵੀ ਝੋਲੀ ਭਰ ਲੈਣੀ ਸੀ

ਖੇਡਣ ਦੇ ਦਿਨ ਚਾਰ ਜੋ ਅਸੀਂ ਗੁਆ ਬੈਠੇ
ਉਦੋਂ ਹੀ ਸੂਰਜ ਦੀ ਇਕ ਕਾਤਰ ਲੈਣੀ ਸੀ


ਪੂਰੀ ਕਰਨ ਲਈ ਇਬਾਰਤ ਅਧੂਰੇ ਖਤ ਦੀ
ਤੁਰਦੇ ਜਾਂਦੇ ਦੋਸਤ ਤੋਂ ਇਕ ਸਤਰ ਲੈਣੀ ਸੀ

ਦਿੰਦਾ ਜ਼ਹਿਰ ਦੀ ਡਲੀ ਪਰ ਸਮਝਦਾ ਆਪਣਾ
ਚੁੱਪ ਚੁਪੀਤੇ ਉਹ ਵੀ ਜੀਭ ਤੇ ਧਰ ਲੈਣੀ ਸੀ

Monday, May 4, 2009

ਗਜ਼ਲ

ਤੁਹਾਡੇ ਕਈ ਸਵਾਲਾਂ ਦਾ ਉੱਤਰ ਜਨਾਬ ਦੇ ਨਹੀਂ ਹੋਣਾ,
ਪਹਿਲਾਂ ਵਾਂਗ ਹੱਸਦਾ ਗਾਉਂਦਾ ਪੰਜਾਬ ਦੇ ਨਹੀਂ ਹੋਣਾ ।

ਇਸ ਦੁਨੀਆਂ ਤੇ ਸਿਕੰਦਰ ਵਾਂਗ ਜਿਉਣਾ ਤਾਂ ਸੌਖਾ ਹੈ,
ਐਪਰ ਸਾਡੇ ਕੋਲੋਂ ਪੋਰਸ ਵਾਂਗੂ ਜਵਾਬ ਦੇ ਨਹੀਂ ਹੋਣਾ ।

ਉਹ ਜਦ ਪੁੱਛਦੇ ਤੁਹਾਡਾ ਹਾਲ ਕਿਵੇਂ ਇਹਨੀਂ ਦਿਨੀਂ,
ਇਸ ਤਰਾਂ ਕਰਜ਼ ਚੜ ਜਾਵੇ ਹਿਸਾਬ ਦੇ ਨਹੀਂ ਹੋਣਾ ।

ਅਸੀਂ ਪੇਸ਼ ਕੀਤੇ ਕਦੇ ਉਹਨਾਂ ਨੂੰ ਕਈ ਗੁਲਦਸ਼ਤੇ,
ਦੇਖੋ ਅੱਜ ਦਾ ਆਲਮ ਸੁੱਕਾ ਗੁਲਾਬ ਦੇ ਨਹੀਂ ਹੋਣਾ ।

ਰਹਿਣੀ ਆਰਜੂ ਕਿਸੇ ਦੀ ਕਬਰ ਦੇ ਰਸਤਿਆਂ ਤੀਕਰ,
ਜਦੋਂ ਵੀ ਮੋਏ ਤਾਂ ਚਿਹਰੇ ਉੱਤੇ ਨਕਾਬ ਦੇ ਨਹੀਂ ਹੋਣਾ ।

ਬਹੁਤੀਆਂ ਚੀਜ਼ਾਂ ਦਾ ਬਟਵਾਰਾ ਇੰਨਾ ਹੋ ਗਿਆ ਪੱਕਾ,
ਸਾਡੇ ਕੋਲੋਂ ਸਤਲੁਜ ਉਹਤੋਂ ਝਨਾਬ ਦੇ ਨਹੀਂ ਹੋਣਾ ।

ਜਹਾਲਤ ਹੋ ਗਈ ਹੈ ਜਿਨਾਂ ਲੋਕਾਂ ਦੀ ਸੋਚ ਤੇ ਕਾਬਜ,
ਚਾਹੇ ਖੈਰ ਮੰਗਣ ਇਲਮ ਦੀ ਕਿਤਾਬ ਦੇ ਨਹੀਂ ਹੋਣਾ ।

ਸੱਸੀ ਵਾਂਗ ਜਿਸ ਦਿਨ ਭਟਕ ਜਾਵਾਂਗੇ ਥਲਾਂ ਅੰਦਰ,
ਹਮਦਰਦਾਂ ਸਾਡਿਆਂ ਤੋਂ ਕਤਰਾ ਵੀ ਆਬ ਦੇ ਨਹੀਂ ਹੋਣਾ ।