Tuesday, September 26, 2023

ਗ਼ਜ਼ਲ

ਬਥੇਰਾ ਦੂਰ ਜਾਣਾ ਸੀ ਕਦਮ ਪਰ ਖੜ੍ਹ ਗਏ ਨੇ 

ਮੇਰੇ ਸਿਰ ਕਰਨ ਨੂੰ ਉਹ ਕੰਮ ਕਿੰਨੇ ਮੜ੍ਹ ਗਏ ਨੇ

ਮੇਰੀ ਅਗਿਆਨਤਾ ਤੇ ਦੋਸਤਾਂ ਨੇ ਹੱਸਣਾ ਹੈ 

ਜਮਾਤਾਂ ਉੱਚੀਆਂ ਬੜੀਆਂ ਉਹ ਸਾਰੇ ਪੜ੍ਹ ਗਏ ਨੇ

ਇਹ ਲੱਗੀ ਹੰਝੂਆਂ ਦੀ ਚਹੁੰ ਕੂਟਾਂ ਅੰਦਰ ਝੜੀ ਹੈ 

ਕਿ ਰੀਝਾਂ ਸੱਧਰਾਂ ਤੇ ਚਾਅ ਵੀ ਸਾਰੇ ਹੜ੍ਹ ਗਏ ਨੇ

ਉਹ ਕਰਦੇ ਨੇ ਗਿਲਾ ਕਿ ਫੇਰ ਆਇਆ ਜ਼ਲਜ਼ਲਾ ਹੈ 

ਕਮਲੇ ਲੋਕ ਐਵੇਂ ਪਰਬਤਾਂ ਤੇ ਚੜ੍ਹ ਗਏ ਨੇ 

ਜਰਾ ਤਾਸੀਰ ਹੁੰਦੀ ਦੋਸਤੀ ਦੀ ਫਿਰ ਠੰਡੀ ਠੰਡੀ 

ਉਨ੍ਹਾਂ ਦੀ ਗੱਲ ਕੀ ਕਰੀਏ ਜੋ ਏਨਾ ਕੜ੍ਹ ਗਏ ਨੇ

ਕਰੀਂ ਨਾ ਫ਼ਿਕਰ ਤੇਰੇ ਨਾਲ ਖੜ੍ਹਦੇ ਹਾਂ ਅਸੀਂ ਵੀ 

ਆਏ ਸੀ ਮਿਲਣ ਜੋ ਮਾਰ ਕੇ ਇਹ ਫੜ੍ਹ ਗਏ ਨੇ 

(ਬਲਜੀਤ ਪਾਲ ਸਿੰਘ)

Saturday, September 2, 2023

ਗ਼ਜ਼ਲ

ਮਾਰੂਥਲ ਹਾਂ ਏਸੇ ਕਰਕੇ ਜਜ਼ਬ ਬੜਾ ਕੁਝ ਕਰ ਲੈਂਦਾ ਹਾਂ 

ਝੱਖੜ ਪਤਝੜ ਔੜਾਂ ਧੁੱਪਾਂ ਸਹਿਜੇ ਸਹਿਜੇ ਜਰ ਲੈਂਦਾ ਹਾਂ

ਸਾਰੇ ਮੌਸਮ ਕੁਦਰਤ ਮੈਨੂੰ ਬਖਸ਼ਿਸ਼ ਕੀਤੇ ਸ਼ੁਕਰ ਹੈ ਉਸਦਾ 

ਜੇਠ ਹਾੜ ਦੀ ਧੁੱਪ ਹੰਢਾਵਾਂ ਪੋਹ ਮਾਘ ਵਿੱਚ ਠਰ ਲੈਂਦਾ ਹਾਂ

ਲਾਸ਼ ਪੁੱਤ ਦੀ ਕਿਸੇ ਪਿਓ ਦੇ ਮੋਢੇ ਉੱਤੇ ਦੇਖਾਂ ਤਾਂ ਫਿਰ 

ਸੱਚ ਕਹਿੰਦਾ ਹਾਂ, ਸਹੁੰ ਲੱਗੇ ਮੈਂ ਓਦੋਂ ਅੱਖਾਂ ਭਰ ਲੈਂਦਾ ਹਾਂ।

ਜੇਕਰ ਘਰ ਵਿੱਚ ਵਸਤਾਂ ਦੇਖਾਂ ਖਿਲਰੀਆਂ ਤਾਂ ਉਹਨਾਂ ਨੂੰ ਵੀ 

ਵਰਤ ਸਲੀਕਾ ਆਪੇਂ ਹੀ ਫਿਰ ਥਾਵਾਂ ਉੱਤੇ ਧਰ ਲੈਂਦਾ ਹਾਂ

ਰਾਤ ਬਰਾਤੇ ਤੇ ਦਿਨ ਦੀਵੀਂ ਸੜਕਾਂ ਹੋਈਆਂ ਖ਼ੌਫ਼ਜ਼ਦਾ ਨੇ 

ਲੁੱਟਾਂ ਖੋਹਾਂ ਵਾਲੇ ਅਨਸਰ ਗਲੀ ਗਲੀ ਨੇ ਡਰ ਲੈਂਦਾ ਹਾਂ

ਜੋ ਚਾਹਿਆ ਸੀ ਓਸ ਤਰ੍ਹਾਂ ਦਾ ਜੀਵਨ ਲੱਭਦੇ ਲੱਭਦੇ ਆਖਰ

ਪਤਾ ਨਹੀਂ ਮੈਂ ਕਿੰਨੀ ਵਾਰੀ ਅੰਦਰੋਂ ਅੰਦਰੀਂ ਮਰ ਲੈਂਦਾ ਹਾਂ 

(ਬਲਜੀਤ ਪਾਲ ਸਿੰਘ)