Saturday, April 18, 2009

ਗਜ਼ਲ

ਜੇ ਤੁਰੇ ਤਾਂ ਤੁਰਾਂਗੇ ਤੂਫਾਨ ਬਣਕੇ।
ਜੇ ਖੜੇ ਤਾਂ ਖੜਾਂਗੇ ਚਟਾਨ ਬਣਕੇ।

ਕੋਹਰਾਮ ਮੱਚਿਆ ਹੋਇਆ ਇਥੇ ਬੜਾ।
ਝੂਲੋ ਤੁਸੀਂ ਦੋਸਤੀ ਦੇ ਨਿਸ਼ਾਨ ਬਣਕੇ।

ਬੰਬ ਬੰਦੂਕਾਂ ਬਾਰੂਦ ਨਾ ਉਗਾਓ ਇਥੇ।
ਧਰਤੀ ਤੇ ਰਹੋ ਸਾਊ ਇਨਸਾਨ ਬਣਕੇ।

ਇਸ ਦੀ ਕੁੱਖ ਦੀ ਨਾ ਕਰੋ ਚੀਰਫਾੜ।
ਮਿੱਟੀ ਜਰਖੇਜ਼ ਕਰੋ ਕਿਰਸਾਨ ਬਣਕੇ।

ਤਲਵਾਰ ਦੇ ਹਰ ਰੂਪ ਨੂੰ ਕਰੋ ਨਫਰਤ।
ਵਰਨਾਂ ਹੈ ਤਾਂ ਵਰੋ ਕਿਰਪਾਨ ਬਣਕੇ।

ਸਦੀਵੀ ਨਹੀਂ ਪੜਾਅ ਇਥੇ ਹਰ ਕਿਸੇ ਦਾ।
ਦੁਨੀਆਂ ਤੇ ਵਿਚਰੋ ਮਹਿਮਾਨ ਬਣਕੇ।

ਕੋਈ ਪਰਿੰਦਾ ਆਇਆ ਮਸਾਂ ਦਰਾਂ ਉੱਤੇ।
ਚੋਗ ਖਿਲਾਰੀਏ ਚਲੋ ਮੇਜ਼ਬਾਨ ਬਣਕੇ।