Friday, October 25, 2013

ਗ਼ਜ਼ਲ

ਮਿਰੇ ਲਫਜ਼ਾਂ ਚੋਂ ਅੱਜ ਕੱਲ ਚੰਦ ਤਾਰੇ ਵੀ ਗੁਆਚੇ ਨੇ
ਕਿ ਫੁੱਲ ਕਲੀਆਂ ਹਰੇ ਪੱਤੇ ਨਜ਼ਾਰੇ ਵੀ ਗੁਆਚੇ ਨੇ

ਜਦੋਂ ਸੀ ਪਰਬਤਾਂ ਅੰਦਰ ਤਾਂ ਸੀ ਮੈਂ ਸ਼ੂਕਦਾ ਦਰਿਆ
ਥਲਾਂ ਵਿਚ ਵੇਖਿਆ ਆ ਕੇ ਕਿਨਾਰੇ ਵੀ ਗੁਆਚੇ ਨੇ

ਬੜੇ ਹੀ ਤੇਜ ਕਦਮੀ ਮੈਂ ਜਿੰਨਾਂ ਰਾਹਾਂ ਤੇ ਤੁਰਿਆ ਸੀ
ਮਿਲੇ ਜੋ ਰਸਤਿਆਂ ਵਿਚੋਂ ਇਸ਼ਾਰੇ ਵੀ ਗੁਆਚੇ ਨੇ

ਮਿਰੇ ਚਾਰੋਂ ਤਰਫ ਅੱਜ ਵਗਦੀਆਂ ਨੇ ਤੱਤੀਆਂ ਪੌਣਾਂ
ਚਮਨ ਚੋ ਤਿਤਲੀਆਂ, ਭੰਵਰੇ ਇਹ ਸਾਰੇ ਵੀ ਗੁਆਚੇ ਨੇ

ਉਹ ਜਿਹੜੇ ਆਖਦੇ ਸੀ ਆਜ਼ਮਾ ਲੈਣਾ ਜਦੋਂ ਮਰਜ਼ੀ
ਜਰਾ ਭੀੜਾਂ ਜਦੋਂ ਪਈਆਂ, ਸਹਾਰੇ ਵੀ ਗੁਆਚੇ ਨੇ

ਬੜਾ ਹੀ ਲਾਮ ਲਸ਼ਕਰ ਹੈ ਬੜੇ ਹਥਿਆਰ ਨੇ ਤਿੱਖੇ
ਸਦਾ ਜੰਗਾਂ 'ਚ ਮਾਵਾਂ ਦੇ ਦੁਲਾਰੇ ਵੀ ਗੁਆਚੇ ਨੇ

(ਬਲਜੀਤ ਪਾਲ ਸਿੰਘ)
A

Sunday, October 6, 2013

ਗ਼ਜ਼ਲ

ਆਪਣੇ ਤਪਦੇ ਹਿਰਦੇ ਅੰਦਰ ,ਕੋਈ ਰੀਝ ਵਸਾਈ ਰੱਖੀਂ
ਜਦ ਵੀ ਆਈਆਂ ਕਾਲੀਆਂ ਰਾਤਾਂ,ਜੁਗਨੂੰ ਤਲੀ ਟਿਕਾਈ ਰੱਖੀਂ

ਮੰਨਿਆ ਕਿ ਚੰਦਰੀਆਂ ਵਾਵਾਂ,ਤੇਰੇ ਦਰ ਤੇ ਧੂੜ ਉਡਾਈ
ਜੇਰਾ ਤਕੜਾ ਕਰਕੇ ਫਿਰ ਵੀ ,ਸਾਹਾਂ ਨੂੰ ਤਕੜਾਈ ਰੱਖੀਂ

ਬੰਦ ਪਿਆ ਦਰਵਾਜ਼ਾ ਚਿਰ ਤੋਂ,ਆਹਟ ਤਾਈਂ ਤਰਸ ਰਿਹਾ ਜੋ
ਘਰ ਦੇ ਦਰਵਾਜ਼ੇ ਦਾ ਤਖਤਾ,ਥੋੜਾ ਬਹੁਤ ਹਿਲਾਈ ਰੱਖੀਂ

ਤਾਂਘ ਬੜੀ ਸੀ ਭਾਵੇਂ ਤੇਰੀ,ਬਾਗਾਂ ਦੇ ਵਿਚ ਘੁੰਮੇਂ ਗਾਵੇਂ
ਪੱਥਰ ਸ਼ਹਿਰ ਦੇ ਅੰਦਰ ਵੀ ਤੂੰ,ਕੁਝ ਗੁਲਜ਼ਾਰ ਖਿੜਾਈ ਰੱਖੀਂ

ਬਹੁਤੀ ਵਾਰੀ ਬੰਦੇ ਤਾਈਂ,ਆਪਣਿਆਂ ਤੋਂ ਖਤਰਾ ਹੁੰਦੈ
ਤਨ ਦੇ ਫੱਟ ਦੀ ਗੌਰ ਕਰੀਂ ਨਾ,ਚੈਨ ਸਕੂਨ ਬਚਾਈ ਰੱਖੀਂ

ਮੀਨਾਰਾਂ ਦੇ ਉੱਚੇ ਗੁੰਬਦ,ਤੱਕਣਾ ਪੈਂਦਾ ਉਪਰ ਵੱਲ ਨੂੰ
ਨੀਵੇਂ ਵੱਲ ਵੀ ਝਾਕ ਜਰਾ ਤੂੰ,ਦਿਲ ਦਾ ਮਹਿਲ ਸਜਾਈ ਰੱਖੀਂ

ਬਾਹਰ ਪਹੁੰਚ ਤੋਂ ਦੂਰ ਦੁਰਾਡੇ,ਚੰਦ ਸਿਤਾਰੇ ਤੇਰੇ ਕੋਲੋਂ
ਆਪਣੇ ਹੀ ਬਲਬੂਤੇ ਉੱਤੇ,ਨ੍ਹੇਰੇ ਨਾਲ ਲੜਾਈ ਰੱਖੀਂ

                                (ਬਲਜੀਤ ਪਾਲ ਸਿੰਘ)

ਗ਼ਜ਼ਲ

ਬਾਹਰੋਂ ਦਿਸਦੇ ਸ਼ਾਂਤ ਸੁਭਾ ਦੇ,ਅੰਦਰ ਹਰ ਵੇਲੇ ਤੂਫਾਨ
ਰੂਹ ਦਾ ਪੰਛੀ ਜ਼ਖਮੀ ਹੋਇਆ,ਤੜਫੇ ਖੰਭਾਂ ਹੇਠ ਉਡਾਨ

ਸਾਰੇ ਬੰਦੇ ਇਕ ਬਰਾਬਰ,ਊਚ ਨੀਚ ਨਾ ਕੋਈ ਏਥੇ
ਇਹੀ ਹੋਕਾ ਦਿੰਦੇ ਚਾਰੇ,ਬਾਈਬਲ ਗੀਤਾ ਗ੍ਰੰਥ ਕੁਰਾਨ

ਜਿਥੋਂ ਮਿਲਦਾ ਉਥੋਂ ਲੈ ਲੋ,ਪਰ ਹਾਉਮੇ ਨੂੰ ਛਡਣਾ ਪੈਣਾ
ਪੈਸੇ ਵਾਂਗੂ ਘਟਦਾ ਨਹੀਂ ਇਹ, ਵੰਡਿਆਂ ਵਧਦਾ ਹੋਰ ਗਿਆਨ

ਸਹਿਜ ਦਾ ਮਾਦਾ ਮਨਫੀ ਹੋਇਆ,ਬੇਤਹਾਸ਼ਾ ਹਰ ਕੋਈ ਦੌੜੇ
ਸੜਕਾਂ ਉਤੇ ਰੋਜ ਹਾਦਸੇ,ਆਉਂਦੀ ਜਾਂਦੀ ਨਿੱਤ ਮਕਾਨ

ਖਾਦਾਂ ਬੀਜਾਂ ਨੇ ਉਲਝਾਇਆ,ਫਸਲਾਂ ਉਤੇ ਜ਼ਹਿਰਾਂ ਛਿੜਕੇ
ਰੋਮ ਰੋਮ ਕਰਜਾਈ ਇਸਦਾ, ਸੁਖੀ  ਬੜਾ ਸੀ ਜੋ ਕਿਰਸਾਨ

ਵਿੱਦਿਆ ਕਾਹਦੀ ਹਾਸਿਲ ਕਰ ਲਈ,ਬੰਦਾ ਬਣਿਆ ਫਿਰੇ ਮਸ਼ੀਨ
ਕਾਸ਼ ਕਿ ਬੰਦੇ ਅੰਦਰ ਜਾਗੇ ,ਸੁੱਤਾ ਹੋਇਆ ਵੀ ਇਨਸਾਨ  

                      (ਬਲਜੀਤ ਪਾਲ ਸਿੰਘ)

Saturday, October 5, 2013

ਗ਼ਜ਼ਲ

ਰੇਤ ਦੇ ਮਹਿਲ ਬਣਾਈ ਚੱਲ
ਬੱਚਿਆਂ ਵਾਂਗੂੰ ਢਾਈ ਚੱਲ...

ਪੱਲੇ ਭਾਵੇਂ ਕੱਖ ਨਹੀਂ
ਥੁੱਕੀਂ ਵੜੇ ਪਕਾਈ ਚੱਲ

ਫੋਕੀ ਵਾਹ ਵਾਹ ਖੱਟਣ ਲਈ
ਝੁੱਗਾ ਚੌੜ ਕਰਾਈ ਚੱਲ

ਝੂਠੇ ਵਾਅਦੇ ਕਰ ਕਰ ਕੇ
ਸਭ ਦਾ ਦਿਲ ਬਹਿਲਾਈ ਚੱਲ

ਵਿਚ ਸਿਆਸਤ ਹਿੱਸਾ ਲੈ
ਜਨਤਾ ਲੁੱਟ ਕੇ ਖਾਈ ਚੱਲ

ਬਾਬੇ ਕਰਦੇ ਐਸ਼ ਬੜੀ
ਤੂੰ ਵੀ ਅਲਖ ਜਗਾਈ ਚੱਲ

(ਬਲਜੀਤ ਪਾਲ ਸਿੰਘ)