Sunday, October 6, 2013

ਗ਼ਜ਼ਲ

ਆਪਣੇ ਤਪਦੇ ਹਿਰਦੇ ਅੰਦਰ ,ਕੋਈ ਰੀਝ ਵਸਾਈ ਰੱਖੀਂ
ਜਦ ਵੀ ਆਈਆਂ ਕਾਲੀਆਂ ਰਾਤਾਂ,ਜੁਗਨੂੰ ਤਲੀ ਟਿਕਾਈ ਰੱਖੀਂ

ਮੰਨਿਆ ਕਿ ਚੰਦਰੀਆਂ ਵਾਵਾਂ,ਤੇਰੇ ਦਰ ਤੇ ਧੂੜ ਉਡਾਈ
ਜੇਰਾ ਤਕੜਾ ਕਰਕੇ ਫਿਰ ਵੀ ,ਸਾਹਾਂ ਨੂੰ ਤਕੜਾਈ ਰੱਖੀਂ

ਬੰਦ ਪਿਆ ਦਰਵਾਜ਼ਾ ਚਿਰ ਤੋਂ,ਆਹਟ ਤਾਈਂ ਤਰਸ ਰਿਹਾ ਜੋ
ਘਰ ਦੇ ਦਰਵਾਜ਼ੇ ਦਾ ਤਖਤਾ,ਥੋੜਾ ਬਹੁਤ ਹਿਲਾਈ ਰੱਖੀਂ

ਤਾਂਘ ਬੜੀ ਸੀ ਭਾਵੇਂ ਤੇਰੀ,ਬਾਗਾਂ ਦੇ ਵਿਚ ਘੁੰਮੇਂ ਗਾਵੇਂ
ਪੱਥਰ ਸ਼ਹਿਰ ਦੇ ਅੰਦਰ ਵੀ ਤੂੰ,ਕੁਝ ਗੁਲਜ਼ਾਰ ਖਿੜਾਈ ਰੱਖੀਂ

ਬਹੁਤੀ ਵਾਰੀ ਬੰਦੇ ਤਾਈਂ,ਆਪਣਿਆਂ ਤੋਂ ਖਤਰਾ ਹੁੰਦੈ
ਤਨ ਦੇ ਫੱਟ ਦੀ ਗੌਰ ਕਰੀਂ ਨਾ,ਚੈਨ ਸਕੂਨ ਬਚਾਈ ਰੱਖੀਂ

ਮੀਨਾਰਾਂ ਦੇ ਉੱਚੇ ਗੁੰਬਦ,ਤੱਕਣਾ ਪੈਂਦਾ ਉਪਰ ਵੱਲ ਨੂੰ
ਨੀਵੇਂ ਵੱਲ ਵੀ ਝਾਕ ਜਰਾ ਤੂੰ,ਦਿਲ ਦਾ ਮਹਿਲ ਸਜਾਈ ਰੱਖੀਂ

ਬਾਹਰ ਪਹੁੰਚ ਤੋਂ ਦੂਰ ਦੁਰਾਡੇ,ਚੰਦ ਸਿਤਾਰੇ ਤੇਰੇ ਕੋਲੋਂ
ਆਪਣੇ ਹੀ ਬਲਬੂਤੇ ਉੱਤੇ,ਨ੍ਹੇਰੇ ਨਾਲ ਲੜਾਈ ਰੱਖੀਂ

                                (ਬਲਜੀਤ ਪਾਲ ਸਿੰਘ)

No comments:

Post a Comment