Saturday, April 20, 2024

ਗ਼ਜ਼ਲ

ਚੀਂ ਚੀਂ ਕਰਕੇ ਚਿੜੀਆਂ ਵਕਤ ਟਪਾ ਲੈਣਾ ਹੈ।

ਤੁਰਦੇ ਤੁਰਦੇ ਰਾਹੀਂਆਂ ਪੰਧ ਮੁਕਾ ਲੈਣਾ ਹੈ।

 

ਪੱਕੀਆਂ ਫ਼ਸਲਾਂ ਦਾਣੇ ਕਿੰਨੇ ਲੋਕਾਂ ਖਾਣੇ,

ਘੌਲੀ ਬੰਦਿਆਂ ਝੁੱਗਾ ਚੌੜ ਕਰਾ ਲੈਣਾ ਹੈ।


ਗਰਮੀ ਸਰਦੀ ਵਾਲੇ ਮੌਸਮ ਆਉਂਦੇ ਰਹਿਣੇ,

ਕੁਦਰਤ ਨੇ ਆਪਣਾ ਲੋਹਾ ਮੰਨਵਾ ਲੈਣਾ ਹੈ। 


ਜਿੰਨ੍ਹਾਂ 'ਨੇਰ੍ਹੇ ਨਾਲ ਹਮੇਸ਼ਾ ਟੱਕਰ ਲੈਣੀ,

ਸ਼ਾਮ ਢਲੇ ਤੋਂ ਉਹਨਾਂ ਦੀਪ ਜਲਾ ਲੈਣਾ ਹੈ।


ਆਪਣੇ ਘਰ ਨੂੰ ਏਸ ਤਰ੍ਹਾਂ ਤਰਤੀਬ ਦਿਆਂਗੇ, 

ਹਰ ਵਸਤੂ ਨੂੰ ਆਪਣੀ ਜਗ੍ਹਾ ਟਿਕਾ ਲੈਣਾ ਹੈ।


ਸਾਡੇ ਇਮਤਿਹਾਨ ਦਾ ਵੇਲਾ ਜਦ ਵੀ ਆਇਆ,

ਸੋਚਾਂ ਵਾਲਾ ਘੋੜਾ ਤੇਜ਼ ਭਜਾ ਲੈਣਾ ਹੈ।


ਲਾਗੂ ਹੋਇਆ ਜੰਗਲ ਦਾ ਕਾਨੂੰਨ ਸ਼ਹਿਰ ਤੇ,

ਤਾਕਤਵਰ ਨੇ ਮਾੜੇ ਤਾਈਂ ਡਰਾ ਲੈਣਾ ਹੈ।


ਗੱਲੀਂ ਬਾਤੀਂ ਜਿਹੜਾ ਸ਼ਾਤਰ ਹੋ ਨਿਬੜਿਆ, 

ਦੁਨੀਆ ਨੇ ਉਸਨੂੰ ਹੀ ਪੀਰ ਬਣਾ ਲੈਣਾ ਹੈ।


ਜੇਕਰ ਸਾਹਿਤਕਾਰਾਂ ਨੇ ਸੱਚ ਨਾ ਲਿਖਿਆ ਤਾਂ,

ਹੁਕਮਰਾਨ ਤੋਂ ਗਲ਼ ਵਿੱਚ ਪਟਾ ਪਵਾ ਲੈਣਾ ਹੈ।


ਵਤਨ ਦੇ ਰਹਿਬਰ ਕੁਫ਼ਰ ਤੋਲਦੇ ਥੱਕਦੇ ਨਹੀਂ 

ਆਖਿਰ ਉਹਨਾਂ ਆਪਣਾ ਤਵਾ ਲਵਾ ਲੈਣਾ ਹੈ।


ਢੱਠੇ ਖੂਹ ਵਿੱਚ ਜਾਣ ਅਜਿਹੇ ਮਿੱਤਰ ਬੇਲੀ, 

ਔਖੇ ਵੇਲੇ ਜਿੰਨ੍ਹਾਂ ਰੰਗ ਵਟਾ ਲੈਣਾ ਹੈ।

(ਬਲਜੀਤ ਪਾਲ ਸਿੰਘ)


Sunday, April 14, 2024

ਗ਼ਜ਼ਲ

ਗੱਲ ਗੱਲ ਤੇ ਨੁਕਤਾਚੀਨੀ ਠੀਕ ਨਹੀਂ।

ਹਰਕਤ ਕੋਝੀ ਅਤੇ ਕਮੀਨੀ ਠੀਕ ਨਹੀਂ।


ਕਾਗਜ਼ ਫਾਈਲਾਂ ਅੰਦਰ ਤਾਂ ਸਭ ਕੁਝ ਚੰਗਾ, 

ਹਾਲਤ ਐਪਰ ਕੋਈ ਜ਼ਮੀਨੀ ਠੀਕ ਨਹੀਂ।


ਸਭਨਾਂ ਨੂੰ ਹੀ ਮੌਕੇ ਮਿਲਣੇ ਚਾਹੀਦੇ ਨੇ,

ਆਪਣਿਆਂ ਨੂੰ ਤਾਜਨਸ਼ੀਨੀ ਠੀਕ ਨਹੀਂ।


ਕਦੇ ਕਦਾਈਂ ਹੱਸਣ ਖੇਡਣ  ਚਾਹੀਦਾ ਹੈ,

ਹਰ ਵੇਲੇ ਸੱਜਣਾ ਗਮਗੀਨੀ ਠੀਕ ਨਹੀਂ। 


ਫਿੱਕੀ ਬਾਣੀ ਨਾ ਬੋਲੋ ਬਾਬੇ ਫ਼ੁਰਮਾਇਆ,

ਗੱਲਾਂ ਬਾਤਾਂ ਵਿੱਚ ਨਮਕੀਨੀ ਠੀਕ ਨਹੀਂ। 


ਖੈਰ ਮੁਬਾਰਕ ਹੋਵੇ ਆਓ ਸਭ ਨੂੰ ਕਹੀਏ,

ਰਸਨਾ ਐਵੇਂ ਕੌੜੀ ਕੀਨੀ ਠੀਕ ਨਹੀਂ।

(ਬਲਜੀਤ ਪਾਲ ਸਿੰਘ)

Sunday, March 31, 2024

ਗ਼ਜ਼ਲ

ਤਰਾਂ ਤਰਾਂ ਦੇ ਇਹਨਾਂ ਮਾਰੂ ਹਥਿਆਰਾਂ ਦਾ ਕੀ ਕਰਨਾ ਹੈ?

ਪਿਆਰ ਵਿਹੂਣੇ ਨਿਰਮੋਹੇ ਪਰਿਵਾਰਾਂ ਦਾ ਕੀ ਕਰਨਾ ਹੈ?

 

ਭੁੱਖ ਗਰੀਬੀ ਬੇਰੁਜ਼ਗਾਰੀ ਜਿਨ੍ਹਾਂ ਕੋਲੋਂ ਮੁੱਕਦੀ ਨਹਿਓਂ ,

ਚੁਣੀਆਂ ਹੋਈਆਂ ਉਹਨਾਂ ਸਰਕਾਰਾਂ ਦਾ ਕੀ ਕਰਨਾ ਹੈ ?


ਜਦੋਂ ਵਿਰਾਸਤ ਸਾਂਭਣ ਵਾਲੇ ਮਾਂ ਬੋਲੀ ਤੋਂ ਮੁਨਕਰ ਹੋਏ,

ਐਸੇ ਕਵੀਆਂ ਦੇ ਕਾਵਿਕ ਦਰਬਾਰਾਂ ਦਾ ਕੀ ਕਰਨਾ ਹੈ? 


ਰੋਟੀ ਰੋਜ਼ੀ ਖਾਤਰ ਜੇਕਰ ਆਪਣਾ ਘਰ ਹੀ ਛੱਡਣਾ ਪੈਂਦਾ, 

ਪਰਦੇਸਾਂ ਵਿੱਚ ਹਾਸਲ ਫਿਰ ਰੁਜ਼ਗਾਰਾਂ ਦਾ ਕੀ ਕਰਨਾ ਹੈ?

 

ਪੱਤਰਕਾਰੀ ਅਤੇ ਮੀਡੀਆ ਸੱਚ ਬੋਲਣਗੇ ਚਾਹੀਦਾ ਸੀ,

ਪਹਿਲਾਂ ਹੀ ਵਿਕ ਚੁੱਕੇ ਹੋਏ ਅਖਬਾਰਾਂ ਦਾ ਕੀ ਕਰਨਾ ਹੈ?


ਲੋਕਾਂ ਨੂੰ ਭੰਬਲਭੂਸੇ ਤੇ ਰੱਬ ਦੇ ਨਾਂਅ ਤੇ ਜਿੰਨ੍ਹਾਂ ਪਾਇਆ, 

ਰਿਸ਼ੀਆਂ ਮੁਨੀਆਂ ਤੇ ਐਸੇ ਅਵਤਾਰਾਂ ਦਾ ਕੀ ਕਰਨਾ ਹੈ?


ਇੱਕੋ ਮੋਢਾ ਚਾਹੀਦਾ ਹੈ ਜਿਹੜਾ ਪਾਰ ਲੰਘਾ ਦੇਵੇਗਾ,

ਮੰਝਧਾਰ ਜੋ ਡੋਬਣ ਕਿਸ਼ਤੀ ਪਤਵਾਰਾਂ ਦਾ ਕੀ ਕਰਨਾ ਹੈ

?

(ਬਲਜੀਤ ਪਾਲ ਸਿੰਘ)

Saturday, March 23, 2024

ਗ਼ਜ਼ਲ

 ਉਹ ਤਹੱਮਲ ਸਾਫ਼ਗੋਈ ਵਲਵਲੇ ਜਾਂਦੇ ਰਹੇ।

ਫੁੱਲ ਕਲੀਆਂ ਡਾਲੀਆਂ ਦੇ ਸਿਲਸਿਲੇ ਜਾਂਦੇ ਰਹੇ। 


ਤੇਰੇ ਦਰ ਤੇ ਹੋਈ ਜਿਹੜੀ ਕਿਰਕਿਰੀ ਉਹ ਯਾਦ ਹੈ,

ਫਿਰ ਖਲੋਤੇ ਰਹਿ ਗਏ ਹਾਂ ਕਾਫ਼ਲੇ ਜਾਂਦੇ ਰਹੇ। 


ਸਾਨੂੰ ਸਾਡੀ ਸਾਦਗੀ ਵੀ ਅੰਤ ਨੂੰ ਮਹਿੰਗੀ ਪਈ,

ਜਜ਼ਬਿਆਂ ਸੰਗ ਖੇਡ ਸੋਹਣੇ ਮਨਚਲੇ ਜਾਂਦੇ ਰਹੇ। 


ਹਰ ਮੁਸਾਫ਼ਿਰ ਜਾ ਰਿਹਾ ਹੈ ਖੌਫ ਦੀ ਖਾਈ ਜਿਵੇਂ, 

ਉਡਦੀਆਂ ਧੂੜਾਂ ਨੇ ਰਸਤੇ ਮਖ਼ਮਲੇ ਜਾਂਦੇ ਰਹੇ।


ਮਾਰੂਥਲ ਚੋਂ ਲੰਘ ਆਈ ਹੈ ਪਿਆਸੀ ਆਤਮਾ, 

ਰਸਤਿਆ ਵਿੱਚ ਆਏ ਜਿਹੜੇ ਜ਼ਲਜ਼ਲੇ ਜਾਂਦੇ ਰਹੇ। 

(ਬਲਜੀਤ ਪਾਲ ਸਿੰਘ)

Monday, March 18, 2024

ਗ਼ਜ਼ਲ

ਜਿੰਨ੍ਹਾਂ ਖਾਤਰ ਆਪਣਾ ਆਪ ਗਵਾਇਆ ਹੈ।
ਉਹਨਾਂ ਮੈਨੂੰ ਬੇ-ਇਜ਼ਤ ਕਰਵਾਇਆ ਹੈ।

ਮੈਂ ਵੀ ਹੰਭ ਹਾਰ ਕੇ ਬੈਠਣ ਵਾਲਾ ਨਹੀਂ, 
ਭਾਵੇਂ ਬਹੁਤਾ ਆਪਣਿਆਂ ਉਲਝਾਇਆ ਹੈ।

ਸ਼ਾਇਦ ਚੋਣਾਂ ਨੇੜੇ ਤੇੜੇ ਹੋਣਗੀਆਂ,
ਏਸੇ ਕਰਕੇ ਹਰ ਮੁੱਦਾ ਗਰਮਾਇਆ ਹੈ। 

ਪੌਣ ਰਸੀਲੀ ਰੁੱਖਾਂ ਨੂੰ ਸੰਗੀਤ ਦਵੇ, 
ਫੁੱਲ ਤਿਤਲੀਆਂ ਗੁਲਸ਼ਨ ਦਾ ਸਰਮਾਇਆ ਹੈ।

ਗਲੀਆਂ ਅਤੇ ਬਜ਼ਾਰਾਂ ਵਿੱਚ ਹੈ ਰੌਣਕ ਡਾਢੀ,
ਸ਼ਹਿਰ ਨੂੰ ਕਿਸਨੇ ਰੰਗ ਰੋਗਨ ਕਰਵਾਇਆ ਹੈ।

ਏਥੇ ਰਹਿ ਕੇ ਸਭ ਕੁਝ ਹਾਸਲ ਕਰ ਲੈਂਦੇ 
ਪਰਦੇਸਾਂ ਦੀ ਚਕਾਚੌਂਧ ਭਰਮਾਇਆ ਹੈ। 

ਬਹੁਤੀ ਵਾਰੀ ਸਾਨੂੰ ਦਰਦਾਂ ਬਖ਼ਸ਼ਣ ਵਾਲ਼ਾ, 
ਹੁੰਦਾ ਆਪਣਾ ਹੀ ਕੋਈ ਹਮਸਾਇਆ ਹੈ। 
(ਬਲਜੀਤ ਪਾਲ ਸਿੰਘ)
  


Sunday, March 10, 2024

ਗ਼ਜ਼ਲ

ਆਪਣੇ ਹੀ ਦਰਦ ਦੇ ਮੈਂ ਹਾਣ ਦਾ ਹਾਂ ।

ਮੈਂ ਤਾਂ ਖ਼ੁਦ ਨੂੰ ਬਹੁਤ ਥੋੜ੍ਹਾ ਜਾਣਦਾ ਹਾਂ ।


ਗੀਟਿਆਂ ਤੇ ਪੱਥਰਾਂ ਦੇ ਸ਼ਹਿਰ ਵਿੱਚੋਂ ,

ਖਾਕ ਐਵੇਂ ਮੋਤੀਆਂ ਲਈ ਛਾਣਦਾ ਹਾਂ।


ਜੋ ਖਰੀਦੀ ਬਾਰਿਸ਼ਾਂ ਤੋਂ ਬਚਣ ਨੂੰ ਸੀ,

ਓਹੀ ਛੱਤਰੀ ਧੁੱਪ ਵੇਲੇ ਤਾਣਦਾ ਹਾਂ।


ਮੈਂ ਜਨਮ ਤੋਂ ਹੀ ਬਹਾਰਾਂ ਦਾ ਹਾਂ ਆਸ਼ਕ,

ਸਖ਼ਤ ਔੜਾਂ ਪਤਝੜਾਂ ਵੀ ਮਾਣਦਾ ਹਾਂ ।


ਸਹਿਜੇ ਸਹਿਜੇ ਤੁਰ ਰਿਹਾ ਹਾਂ ਮੈਂ ਭਾਵੇਂ, 

ਔਖੇ ਪੈਂਡੇ ਵੀ ਮੁਕਾਉਣੇ ਠਾਣਦਾ ਹਾਂ ।

(ਬਲਜੀਤ ਪਾਲ ਸਿੰਘ)

Monday, February 19, 2024

ਗ਼ਜ਼ਲ

 ਜੇ ਮੈਂ ਭੈੜਾ ਬੰਦਾ ਹੁੰਦਾ।

ਲੁੱਟ-ਖੋਹ ਮੇਰਾ ਧੰਦਾ ਹੁੰਦਾ।


ਦਾਗ਼ੋ-ਦਾਗ਼ ਚਰਿੱਤਰ ਵਾਲਾ,

ਬੰਦਾ ਬਹੁਤ ਹੀ ਗੰਦਾ ਹੁੰਦਾ।


ਪੱਥਰ ਜਹੀ ਤਬੀਅਤ ਹੁੰਦੀ, 

ਸ਼ਕਲੋਂ ਥੋੜਾ ਮੰਦਾ ਹੁੰਦਾ।

 

ਡੇਰਾ ਹੁੰਦਾ ਸੜਕ ਕਿਨਾਰੇ,

ਲੱਖ ਕਰੋੜਾਂ ਚੰਦਾ ਹੁੰਦਾ।


ਆਕੜ ਫਾਕੜ ਜੋ ਵੀ ਕਰਦਾ,

ਉਹਦੇ ਗਲ ਵਿੱਚ ਫੰਦਾ ਹੁੰਦਾ।

(ਬਲਜੀਤ ਪਾਲ ਸਿੰਘ)

Saturday, February 10, 2024

ਗ਼ਜ਼ਲ

ਕੌਣ ਇਹ ਜਾਣੇ ਸਰਕਾਰਾਂ ਨੇ ਕੀ ਕਰਨਾ ਹੈ ?

ਏਸੇ ਕਰਕੇ ਹਾਲਾਤਾਂ ਤੋਂ ਵੀ ਡਰਨਾ ਹੈ ?


ਆਪੋ ਧਾਪੀ ਪਈ ਤਾਂ ਕਿਹੜੇ ਨਾਲ ਖੜ੍ਹਨਗੇ, 

ਰੱਬ ਹੀ ਜਾਣੇ ਓਦੋਂ ਕਿਸ ਨੇ ਦਮ ਭਰਨਾ ਹੈ ?


ਐਵੇਂ ਕਿਹੜੇ ਵਹਿਮਾਂ ਵਿੱਚ ਫਿਰਦੇ ਹੋ ਜਾਨੂੰ, 

ਵਕਤ ਹੀ ਦੱਸੇਗਾ ਕਿਸ ਡੁੱਬਣਾ ਕਿਸ ਤਰਨਾ ਹੈ ?


ਆਪਣੀ ਹਾਊਮੇ ਨੂੰ ਪੱਠੇ ਜਿੰਨੇ ਵੀ ਪਾਓ,

ਕੋਈ ਨਾ ਜਾਣੇ ਕਿਹੜੀ ਰੁੱਤੇ ਕਦ ਮਰਨਾ ਹੈ ?


ਭਾਵੇਂ ਲੀਨ ਸਮੁੰਦਰ ਵਿੱਚ ਹੋ ਜਾਂਦਾ ਹੈ ਇਹ,  

ਦਰਿਆ ਨੂੰ ਪੈਦਾ ਕਰਦਾ ਆਖਰ ਝਰਨਾ ਹੈ ?

(ਬਲਜੀ

ਤ ਪਾਲ ਸਿੰਘ)




Saturday, February 3, 2024

ਗ਼ਜ਼ਲ


ਰੁੱਤ ਕਰੁੱਤ ਦੀ ਆਖਰੀ ਗ਼ਜ਼ਲ 

ਮੇਰੇ ਦਿਲ ਵਿੱਚ ਬਹੁਤਾ ਡੂੰਘਾ ਲਹਿ ਗਿਆ ਹੈ ।

ਗਮ ਇਹਦੇ ਵਿੱਚ ਘਰ ਬਣਾ ਕੇ ਬਹਿ ਗਿਆ ਹੈ।

 

ਰਸਤੇ ਵਿੱਚ ਕੋਈ ਵੀ ਹਰਿਆਲੀ ਮਿਲੀ ਨਾ ,

ਇਹ ਸਫ਼ਰ ਬੇਕਾਰ ਹੋ ਕੇ ਰਹਿ ਗਿਆ ਹੈ।


ਪਲਕਾਂ ਉੱਤੇ ਅਟਕਿਆ ਜੋ ਅੱਥਰੂ ਮੁੱਦਤ ਤੋਂ ਸੀ, 

ਆਈ ਉਸਦੀ ਯਾਦ ਤਾਂ ਉਹ ਵਹਿ ਗਿਆ ਹੈ ।


ਰੁੱਤਾਂ ਨੇ ਹਨ ਢਾਹੀਆਂ ਏਨੀਆਂ ਬੇਰੁਖੀਆਂ,

ਕੱਚਾ ਘਰ ਸੀ ਬਾਰਿਸ਼ ਦੇ ਵਿੱਚ ਢਹਿ ਗਿਆ ਹੈ।


ਲੱਗਿਆ ਏਦਾਂ ਸੀ ਹੁਣ ਕੀ ਕਰਾਂਗੇ ਉਹਦੇ ਬਿਨ, 

ਫਿਰ ਵੀ ਲੰਮੀ ਦਿਲ ਜੁਦਾਈ ਸਹਿ ਗਿਆ ਹੈ ।


ਏਥੇ ਲੱਖਾਂ ਧਰਤੀਆਂ ਆਕਾਸ਼ ਵੀ ਲੱਖਾਂ ਹੀ ਨੇ, 

ਸਾਡਾ ਬਾਬਾ ਸਦੀਆਂ ਪਹਿਲਾਂ ਕਹਿ ਗਿਆ ਹੈ।


(ਬਲਜੀਤ ਪਾਲ ਸਿੰਘ)

Sunday, January 21, 2024

ਗ਼ਜ਼ਲ

ਰੱਬ ਸੁਰਖੁਰੂ ਹੋਇਆ ਉਸਨੇ ਧਰਤੀ ਉੱਤੇ ਮਾਵਾਂ ਘੱਲੀਆਂ 

ਮਮਤਾ ਮੂਰਤ ਸਾਬਤ ਘੜ ਕੇ ਠੰਢੀਆਂ ਮਿੱਠੀਆਂ ਛਾਵਾਂ ਘੱਲੀਆਂ 


ਆਏ ਰੰਗ ਬਰੰਗੇ ਬੰਦੇ ਕਰਦੇ ਆਪੋ ਆਪਣੇ ਧੰਦੇ 

ਸ਼ੀਤਲ ਹਿਰਦੇ ਕਲਮਾਂ ਵਾਲੇ ਗ਼ਜ਼ਲਾਂ ਤੇ ਕਵਿਤਾਵਾਂ ਘੱਲੀਆਂ 


ਜਿਹੜੇ ਭਾਅ ਵੀ ਮਿਲੇ ਮੁਹੱਬਤ ਉਹ ਨਹੀਂ ਘਾਟੇਵੰਦਾ ਸੌਦਾ 

ਸੱਜਣ ਬੇਲੀ ਮਿਲਦੇ ਜੁਲਦੇ ਹਰੀਆਂ ਭਰੀਆਂ ਰਾਹਵਾਂ ਘੱਲੀਆਂ 


ਰਿਸ਼ਤੇ ਨਾਤੇ ਤੰਦਾਂ ਆਈਆਂ ਰੀਤਾਂ ਰਸਮਾਂ ਡੋਰੇ ਪਾਏ 

ਤਾਏ ਚਾਚੇ ਭੂਆ ਭੈਣਾਂ ਭਾਈ ਘੱਲੇ ਬਾਹਵਾਂ ਘੱਲੀਆਂ


ਝੱਖੜ 'ਨ੍ਹੇਰੀ ਪਤਝੜ ਆਈ ਮਿੱਠੀਆਂ ਮਿੱਠੀਆਂ ਪੈਣ ਫੁਹਾਰਾਂ 

ਗਰਮੀ ਸਰਦੀ ਦੀ ਰੁੱਤ ਆਈ ਨਾਲੇ ਸਾਉਣ ਘਟਾਵਾਂ ਘੱਲੀਆਂ 


ਰੀਝਾਂ ਸੁਫ਼ਨੇ ਖ਼ਾਮ ਖ਼ਿਆਲੀ ਚਰਚਾ ਕਰਦੀ ਖ਼ਲਕਤ ਸਾਰੀ 

ਸੋਨੇ ਚਾਂਦੀ ਰੰਗੇ ਪੰਨੇ ਕਰਕੇ ਪਰੀ ਕਥਾਵਾਂ ਘੱਲੀਆਂ


ਤਪਦੀ ਉਮਰੇ ਔਖਾ ਹੋਵੇਗਾ ਇਹ ਨਾਜ਼ੁਕ ਦਿਲ ਦਾ ਮਾਲਕ 

ਤਾਹੀਂ ਤਾਂ ਬਲਜੀਤ ਲਈ ਉਸ ਕੂਲੀਆਂ ਕੂਲੀਆਂ 'ਵਾਵਾਂ ਘੱਲੀਆਂ 

(ਬਲਜੀਤ ਪਾਲ ਸਿੰਘ)

Tuesday, January 9, 2024

ਗ਼ਜ਼ਲ

 ਸਾਰਾ ਦਿਨ ਮੈਂ ਕਿਵੇਂ ਲੰਘਾਵਾਂ, ਕੋਈ ਨਾ ਜਾਣੇ 

ਏਧਰ ਓਧਰ ਵਕਤ ਟਪਾਵਾਂ, ਕੋਈ ਨਾ ਜਾਣੇ 


ਗੱਲੀਂ ਬਾਤੀਂ ਮੇਰੇ ਜੋ ਹਮਦਰਦ ਬਣੇ ਹਨ 

ਓਹਨਾ ਦੇ ਵੀ ਰਾਜ਼ ਸੁਣਾਵਾਂ, ਕੋਈ ਨਾ ਜਾਣੇ 


ਫੁੱਲਾਂ ਨੇ ਖਿੜ੍ਹਨਾ, ਪੱਕਣਾ,ਕਿਰ ਜਾਣਾ ਹੁੰਦਾ 

ਰੁੱਤਾਂ ਦੇ ਉਹ ਦਰਦ ਗਿਣਾਵਾਂ, ਕੋਈ ਨਾ ਜਾਣੇ 


ਆਸੇ ਪਾਸੇ ਵੀ ਮਹਿਬੂਬ ਜਹੇ ਬੰਦੇ ਹੁੰਦੇ ਨੇ 

ਆਓ ਜਾਣ ਪਛਾਣ ਕਰਾਵਾਂ, ਕੋਈ ਨਾ ਜਾਣੇ 


ਮੁੱਠੀ ਵਿੱਚੋਂ ਕਿਰ ਜਾਂਦੀ ਉਹ ਰੇਤਾ ਵਾਂਗੂੰ 

ਜਦ ਵੀ ਕੋਈ ਬਣਤ ਬਣਾਵਾਂ, ਕੋਈ ਨਾ ਜਾਣੇ 


ਸੁਰਗ ਨਰਕ ਹੁੰਦਾ ਹੈ ਜਾਂ ਫਿਰ ਇੱਕ ਛਲਾਵਾ

ਸਭ ਨੂੰ ਐਵੇਂ ਰੋਜ ਡਰਾਵਾਂ, ਕੋਈ ਨਾ ਜਾਣੇ 


ਜੰਗਲ ਦੇ ਵਿੱਚ ਬਿਰਖ ਇਕੱਲਾ ਵੀ ਨਾ ਹੋਵੇ 

ਚੜ੍ਹਤਾਂ ਹੁੰਦੀਆਂ ਨਾਲ ਭਰਾਵਾਂ, ਕੋਈ ਨਾ ਜਾਣੇ 

(ਬਲਜੀਤ ਪਾਲ ਸਿੰਘ)