Wednesday, February 5, 2014

ਗ਼ਜ਼ਲ

ਵਫਾ ਨੂੰ ਪਾਲਦੇ ਰਹੀਏ ਕੋਈ ਇਲਜ਼ਾਮ ਨਾ ਆਏ
ਕੁਈ ਰੰਜਿਸ਼ ਗਿਲਾ ਸ਼ਿਕਵਾ ਕਿਸੇ ਦੇ ਨਾਮ ਨਾ ਆਏ

ਜਦੋਂ ਵੀ ਦੋਸਤੀ ਕਰਨਾ ਸੁਆਰਥ ਦੂਰ ਹੀ ਰੱਖਣਾ
ਵਿਚਾਲੇ ਦੋਸਤੀ ਭੁੱਲ ਕੇ ਕਦੇ ਵੀ ਦਾਮ ਨਾ ਆਏ

ਇਹ ਜੋ ਕੱਖਾਂ ਦੀ ਕੁੱਲੀ ਹੈ ਇਹਦੀ ਫਰਿਆਦ ਸੁਣ ਲੈਣਾ
ਇਹਦੇ ਤਿਨਕੇ ਬਖੇਰੇ ਜੋ ਹਵਾ ਬਦਨਾਮ ਨਾ ਆਏ

ਮੰਜ਼ਿਲ ਜੇ ਹੈ ਸਰ ਕਰਨੀ ਨਿਗ੍ਹਾ ਨੂੰ ਸਾਹਮਣੇ ਰੱਖੀਂ
ਤਿਰੇ ਕਦਮਾਂ ਨੂੰ ਰਸਤੇ 'ਚ ਕਿਤੇ ਵਿਸ਼ਰਾਮ ਨਾ ਆਏ

ਇਹ ਹੱਸਦੇ ਲੋਕ ਸੋਂਹਦੇ ਨੇ  ਵਸੇਂਦੀ ਧਰਤ ਹੈ ਚੰਗੀ
ਕਿ ਸ਼ਾਲਾ ਏਸ ਦੁਨੀਆਂ ਤੇ ਕੋਈ ਕੁਹਰਾਮ ਨਾ ਆਏ

                        (ਬਲਜੀਤ ਪਾਲ ਸਿੰਘ)

Sunday, February 2, 2014

ਗ਼ਜ਼ਲ

ਮਿੱਤਰ ਫੁੱਲ ਚਮਕਦੇ ਤਾਰੇ ਦਿਸਦੇ ਟਾਵੇਂ ਟਾਵੇਂ
ਇਹਨਾਂ ਨੂੰ ਲੱਭਣ ਤੁਰੀਏ ਤਾਂ ਜਾਈਏ ਕਿਹੜੀ ਥਾਵੇਂ

 

ਇਹ ਤਿੰਨੋਂ ਨੇ ਬੜੇ ਪਿਆਰੇ ਰੀਸ ਕਰੇ ਨਾ ਕੋਈ
ਰਾਹੀ ਵੀ ਬਲਿਹਾਰੇ ਜਾਂਦੇ ਬਹਿ ਇਹਨਾਂ ਦੀ ਛਾਵੇਂ

ਜਦ ਵੀ ਆਏ ਰੁੱਤ ਕੁਚੱਜੀ ਬੰਦਾ ਓਦਰ ਜਾਏ
ਓਦੋਂ ਵੀ ਇਹ ਚੇਤੇ ਆਉਂਦੇ ਨਾ ਭੁੱਲਣ ਸਿਰਨਾਵੇਂ

ਏਸ ਜਿਸਮ ਨੇ ਬੜੇ ਹੰਢਾਏ ਪੱਤਝੜ ਵਾਲੇ ਮੌਸਮ
ਥੋੜੀ ਬਹੁਤੀ ਪੌਣ ਵਗੀ ਹੈ ਪੂਰਬ ਵੱਲੋਂ ਭਾਵੇਂ

ਜ਼ਜ਼ਬਾਤਾਂ ਦੀ ਕੁੱਛੜ ਚੜ੍ਹ ਕੇ ਜਿੰਨਾਂ ਉਮਰ ਲੰਘਾਈ
ਓਹਨਾਂ ਕੋਲੋਂ ਜੀਣਾ ਸਿਖ ਲੈ ਕਾਹਨੂੰ ਦਿਲ ਨੂੰ ਢਾਵੇਂ
(ਬਲਜੀਤ ਪਾਲ ਸਿੰਘ)

Saturday, February 1, 2014

ਗ਼ਜ਼ਲ

ਤੇਰਾ ਮੇਰਾ ਪਿਆਰ ਬੜਾ ਸੀ
ਦਿਲ ਨੂੰ ਚੈਨ ਕਰਾਰ ਬੜਾ ਸੀ

 ਤੂੰ ਜਦ ਸੱਚੀ ਗੱਲ ਸੁਣਾਈ
ਝੂਠਾਂ ਤੋਂ ਇਨਕਾਰ ਬੜਾ ਸੀ

ਜੀਵਨ ਤੇਰੇ ਨਾਮ ਕਰ ਦਿਆਂ
 ਤੂੰ ਇਸਦਾ ਹੱਕਦਾਰ ਬੜਾ ਸੀ

ਤੇਰੇ ਕੋਲੋਂ ਤੁਰਨਾ ਸਿੱਖਿਆ
ਉਚਾ ਤੂੰ ਕਿਰਦਾਰ ਬੜਾ ਸੀ

ਅੱਖਾਂ ਮੀਟ ਕੇ ਮਗਰ ਤੁਰੇ ਸਾਂ
 ਤੇਰੇ ਤੇ ਇਤਬਾਰ ਬੜਾ ਸੀ

ਟੋਪ ਹੈ ਸਾਡਾ ਪੱਗ ਹੈ ਸਾਡੀ
 ਹਰ ਕੋਈ ਦਾਵੇਦਾਰ ਬੜਾ ਸੀ

ਹੁਣ ਕਾਹਤੋਂ ਹੈਂ ਨਿੰਮੋਝੂਣਾ
ਓਦੋਂ ਤਾਂ ਬਲਕਾਰ ਬੜਾ ਸੀ

(ਬਲਜੀਤ ਪਾਲ ਸਿੰਘ
)