Friday, July 24, 2020

ਗ਼ਜ਼ਲ


ਤੁਰਦੇ-ਤੁਰਦੇ ਰਾਹਾਂ ਉੱਤੇ ਲੋੜ ਪਏਗੀ
ਸੱਜਣਾਂ ਸਾਡੀ ਰੁੱਤ-ਕਰੁੱਤੇ ਲੋੜ ਪਏਗੀ

ਜਦ ਵੀ ਕਿਸੇ ਡਰਾਉਣੇ ਸੁਫ਼ਨੇ ਆਣ ਡਰਾਇਆ
ਨੀਂਦਰ ਵਿਚ ਸੁੱਤੇ-ਅਧਸੁੱਤੇ ਲੋੜ ਪਏਗੀ

ਇਹ ਧਰਤੀ ਜ਼ਰਖੇਜ਼ ਜਦੋਂ ਵੀ ਉਜੜਨ ਲੱਗੀ
ਹੋਵਣ ਲੱਗੇ ਪੁੱਤ ਕਪੁੱਤੇ ਲੋੜ ਪਏਗੀ

ਭੀੜ-ਭੜੱਕੇ ‘ਚੋਂ ਉਹ ਲੱਭਣਾ ਪੈਣਾ ਹੈ ਜੋ
ਔਖੇ ਵੇਲੇ ਸਾਰੇ ਬੁੱਤੇ ਲੋੜ ਪਏਗੀ

ਪਿੱਪਲੀਂ ਪੀਂਘਾਂ ਮੋਰ ਕੂਕਦੇ ਜਦ ਨਾ ਦਿੱਸੇ
ਓਦੋਂ ਸਾਡੀ ਸਾਵਣ ਰੁੱਤੇ ਲੋੜ ਪਏਗੀ

ਯੁੱਗ-ਮਾਨਵ ਕੋਈ ਮੁੜ ਆਵੇ ਤੇ ਏਦਾਂ ਆਖੇ
ਰਾਜੇ ਸ਼ੀਂਹ ਮੁਕੱਦਮ ਕੁੱਤੇ ਲੋੜ ਪਏਗੀ
(ਬਲਜੀਤ ਪਾਲ ਸਿੰਘ)

Thursday, July 9, 2020

ਗ਼ਜ਼ਲ


ਬੇ-ਸੁਧ ਹੈ ਪੰਜਾਬ ਤੇ ਤਲੀਆਂ ਝੱਸਣ ਲੱਗੇ ਹਾਂ
ਕਿਓਂ ਹੋਈ ਅਣਹੋਣੀ ਏਹੀਓ ਦੱਸਣ ਲੱਗੇ ਹਾਂ

ਕਦੇ ਵੀ ਇਸ ਨੂੰ ਕੋਈ ਚੱਜ ਦਾ ਲੀਡਰ ਮਿਲਿਆ ਨਹੀਂ
ਰੋਣਾ ਸੀ ਇਸ ਗੱਲ ਤੇ ਲੇਕਿਨ ਹੱਸਣ ਲੱਗੇ ਹਾਂ

ਸੌ ਵਾਰੀ ਹਾਂ ਉਜੜੇ ਪਰ ਇਹ ਧਰਤ ਕਮਾਲ ਬੜੀ
ਫਿਰ ਵੀ ਇਸਦੇ ਸਦਕੇ ਜਾਈਏ ਵੱਸਣ ਲੱਗੇ ਹਾਂ

ਜਿਹੜਿਆਂ ਖੇਤਾਂ ਸਾਨੂੰ ਸਾਰੇ ਰਿਜ਼ਕ ਲੁਟਾ ਦਿੱਤੇ
ਲਾਹਨਤ ਹੈ ਅੱਜ ਉਹਨਾਂ ਨੂੰ ਹੀ ਡੱਸਣ ਲੱਗੇ ਹਾਂ

ਜਿਹੜੀ ਥਾਂ ਦਾ ਭਾਈਚਾਰਾ ਸਦਾ ਮਿਸਾਲ ਰਿਹਾ
ਤੀਰ-ਵਿਹੁਲੇ ਆਪਣਿਆਂ ਵੱਲ ਕੱਸਣ ਲੱਗੇ ਹਾਂ

ਹੱਸਦਾ-ਵੱਸਦਾ ਘਰ ਛੱਡਣ ਨੂੰ ਕਿਸ ਦਾ ਦਿਲ ਕਰਦਾ ?
ਕੀ ਦੱਸੀਏ ਕਿਓਂ ਦੇਸ਼ ਬਿਗਾਨੇ ਨੱਸਣ ਲੱਗੇ ਹਾਂ
(ਬਲਜੀਤ ਪਾਲ ਸਿੰਘ)

Sunday, July 5, 2020

ਗ਼ਜ਼ਲ



ਇਕ ਪਛਤਾਵਾ ਘੋਰ ਉਦਾਸੀ ਤੇ ਕਿੰਨੀ ਤਨਹਾਈ ਹੈ
ਕਿਹੜੀ ਰੁੱਤੇ ਯਾਦ ਓਸਦੀ ਫੇਰ ਦੁਬਾਰਾ ਆਈ ਹੈ

ਬਹੁਤਾ ਦੂਰ ਗਿਆ ਕੋਈ ਰਾਹੀਂ ਓਦੋਂ ਚੇਤੇ ਆ ਜਾਵੇ
ਜਦ ਵੀ ਪੱਛਮ ਵੱਲ ਛਿਪਦੇ ਸੂਰਜ ਤੇ ਅੱਖ ਟਿਕਾਈ ਹੈ

ਜਦ ਵੀ ਕਣੀਆਂ ਕਿਣ ਮਿਣ ਆਈਆਂ ਸਾਉਣ ਮਹੀਨੇ
ਇਸ ਧਰਤੀ ਦਾ ਸੀਨਾ ਠਾਰਨ ਘਟਾ ਸਾਂਵਲੀ ਛਾਈ ਹੈ

ਕਦਮ ਕਦਮ ਜਦ ਰਾਹਾਂ ਉੱਤੇ ਠੇਡੇ ਖਾਧੇ ਤਾਂ ਇਹ ਲੱਗਾ
ਇਕ ਪਾਸੇ ਜੇ ਖੂਹ ਦਿੱਸੇ ਤਾਂ ਦੂਜੇ ਡੂੰਘੀ ਖਾਈ ਹੈ

ਪਤਾ ਨਹੀਂ ਇਹ ਕਿਹੜੀ ਗੱਲੋਂ ਲੋਕੀਂ ਖ਼ੁਸ਼ੀ ਮਨਾਉਂਦੇ ਨੇ
ਓਹਨਾਂ ਦੇ ਹਮਸਾਇਆਂ ਵਾਲੀ ਜਦ ਬਸਤੀ ਤਿਰਹਾਈ ਹੈ

ਰਹੀ ਸਦਾ ਅਭਿਲਾਸ਼ਾ ਕਿ ਚਿੰਤਨ 'ਚੋਂ ਕੋਈ ਕਿਰਨ ਮਿਲੇ
ਮਿਲੇ ਸਕੂਨ ਜਦੋਂ ਵੀ ਸੁਰਤੀ ਕੁਦਰਤ ਨਾਲ ਮਿਲਾਈ ਹੈ
(ਬਲਜੀਤ ਪਾਲ ਸਿੰਘ)


ਗ਼ਜ਼ਲ



ਦਰਿਆਵਾਂ ਦੇ ਆਸੇ ਪਾਸੇ
ਤੜਫ਼ ਰਹੇ ਨੇ ਲੋਕ ਪਿਆਸੇ
ਚਿਹਰਿਆਂ ਉੱਤੋਂ ਰੌਣਕ ਗਾਇਬ
ਕਿੱਧਰ ਤੁਰਗੇ ਨੱਖਰੇ ਹਾਸੇ
ਪਾੜਾ ਵਧਿਆ ਗਾੜ੍ਹਾ ਵਧਿਆ
ਭਾਈ-ਚਾਰੇ ਤੋਲਾ ਮਾਸੇ
ਲਾਲਚ ਚੋਰੀ ਯਾਰੀ ਠੱਗੀ
ਲੋਕ ਇਨ੍ਹਾਂ ਵਿੱਚ ਡਾਢੇ ਫਾਸੇ 
ਮਾਂ ਦੀਆਂ ਪੱਕੀਆਂ ਹੋਈਆਂ ਬਾਝੋ
ਸਾਰੇ ਖਾਣੇ ਜਾਪਣ ਬਾਸੇ
ਓਹਦੇ ਨਾਂਅ ਦੀ ਮਾਲਾ ਜਪ ਜਪ
ਉਂਗਲ਼ਾਂ ਨੂੰ ਵੀ ਪੈਗੇ ਘਾਸੇ
ਕਿੱਦਾਂ ਜਾ ਕੇ ਮਿਲ ਸਕਦਾ ਹਾਂ
ਯਾਰਾਂ ਦੇ ਤਾਂ ਦੂਰ ਨੇ ਵਾਸੇ
(ਬਲਜੀਤ ਪਾਲ ਸਿੰਘ)


Friday, July 3, 2020

ਗ਼ਜ਼ਲ


ਸਾਰਿਆਂ ਬਾਗਾਂ ਨੂੰ ਕੋਈ ਚੱਜ ਦਾ ਮਾਲੀ ਮਿਲੇ
ਐ ਖ਼ੁਦਾ ਹਰ ਬਸ਼ਰ ਨੂੰ ਏਥੇ ਭਰੀ ਥਾਲੀ ਮਿਲੇ

ਆਉਣ ਪੌਣਾਂ ਠੰਢੀਆਂ ਹੋਵੇ ਫਿਜ਼ਾ ਵਿਚ ਤਾਜ਼ਗੀ
ਭੀੜ ਅੰਦਰ ਭਟਕਦੇ ਹਰ ਮੁੱਖ ਤੇ ਲਾਲੀ ਮਿਲੇ

ਖਿੜਿਆ ਖਿੜਿਆ ਚਹਿਕਦਾ ਮਦਹੋਸ਼ ਹੋਵੇ ਗੁਲਸਿਤਾਨ
ਟਹਿਕਦਾ ਹਰ ਫੁੱਲ ਹੋਵੇ ਮਹਿਕਦੀ ਡਾਲੀ ਮਿਲੇ

ਜਦ ਵੀ ਤੁਰੀਏ ਮਿਲ ਪਵੇ ਕੋਈ ਖੂਬਸੂਰਤ ਚਾਰਾਗਰ
ਥਾਈਂ ਥਾਈਂ ਮਹਿਫਲਾਂ ਕੋਈ ਨਾ ਦਰ ਖਾਲੀ ਮਿਲੇ

ਹਰ ਸਵੇਰੇ ਹੀ ਸੁਨਹਿਰੀ ਕਿਰਨ ਆਵੇ ਮਟਕਦੀ
ਰੌਸ਼ਨੀ ਚਮਕੇ ਸਦਾ ਤਕਦੀਰ ਨਾ ਕਾਲੀ ਮਿਲ਼ੇ
(ਬਲਜੀਤ ਪਾਲ ਸਿੰਘ)