Thursday, July 9, 2020

ਗ਼ਜ਼ਲ


ਬੇ-ਸੁਧ ਹੈ ਪੰਜਾਬ ਤੇ ਤਲੀਆਂ ਝੱਸਣ ਲੱਗੇ ਹਾਂ
ਕਿਓਂ ਹੋਈ ਅਣਹੋਣੀ ਏਹੀਓ ਦੱਸਣ ਲੱਗੇ ਹਾਂ

ਕਦੇ ਵੀ ਇਸ ਨੂੰ ਕੋਈ ਚੱਜ ਦਾ ਲੀਡਰ ਮਿਲਿਆ ਨਹੀਂ
ਰੋਣਾ ਸੀ ਇਸ ਗੱਲ ਤੇ ਲੇਕਿਨ ਹੱਸਣ ਲੱਗੇ ਹਾਂ

ਸੌ ਵਾਰੀ ਹਾਂ ਉਜੜੇ ਪਰ ਇਹ ਧਰਤ ਕਮਾਲ ਬੜੀ
ਫਿਰ ਵੀ ਇਸਦੇ ਸਦਕੇ ਜਾਈਏ ਵੱਸਣ ਲੱਗੇ ਹਾਂ

ਜਿਹੜਿਆਂ ਖੇਤਾਂ ਸਾਨੂੰ ਸਾਰੇ ਰਿਜ਼ਕ ਲੁਟਾ ਦਿੱਤੇ
ਲਾਹਨਤ ਹੈ ਅੱਜ ਉਹਨਾਂ ਨੂੰ ਹੀ ਡੱਸਣ ਲੱਗੇ ਹਾਂ

ਜਿਹੜੀ ਥਾਂ ਦਾ ਭਾਈਚਾਰਾ ਸਦਾ ਮਿਸਾਲ ਰਿਹਾ
ਤੀਰ-ਵਿਹੁਲੇ ਆਪਣਿਆਂ ਵੱਲ ਕੱਸਣ ਲੱਗੇ ਹਾਂ

ਹੱਸਦਾ-ਵੱਸਦਾ ਘਰ ਛੱਡਣ ਨੂੰ ਕਿਸ ਦਾ ਦਿਲ ਕਰਦਾ ?
ਕੀ ਦੱਸੀਏ ਕਿਓਂ ਦੇਸ਼ ਬਿਗਾਨੇ ਨੱਸਣ ਲੱਗੇ ਹਾਂ
(ਬਲਜੀਤ ਪਾਲ ਸਿੰਘ)