Sunday, July 5, 2020

ਗ਼ਜ਼ਲ



ਇਕ ਪਛਤਾਵਾ ਘੋਰ ਉਦਾਸੀ ਤੇ ਕਿੰਨੀ ਤਨਹਾਈ ਹੈ
ਕਿਹੜੀ ਰੁੱਤੇ ਯਾਦ ਓਸਦੀ ਫੇਰ ਦੁਬਾਰਾ ਆਈ ਹੈ

ਬਹੁਤਾ ਦੂਰ ਗਿਆ ਕੋਈ ਰਾਹੀਂ ਓਦੋਂ ਚੇਤੇ ਆ ਜਾਵੇ
ਜਦ ਵੀ ਪੱਛਮ ਵੱਲ ਛਿਪਦੇ ਸੂਰਜ ਤੇ ਅੱਖ ਟਿਕਾਈ ਹੈ

ਜਦ ਵੀ ਕਣੀਆਂ ਕਿਣ ਮਿਣ ਆਈਆਂ ਸਾਉਣ ਮਹੀਨੇ
ਇਸ ਧਰਤੀ ਦਾ ਸੀਨਾ ਠਾਰਨ ਘਟਾ ਸਾਂਵਲੀ ਛਾਈ ਹੈ

ਕਦਮ ਕਦਮ ਜਦ ਰਾਹਾਂ ਉੱਤੇ ਠੇਡੇ ਖਾਧੇ ਤਾਂ ਇਹ ਲੱਗਾ
ਇਕ ਪਾਸੇ ਜੇ ਖੂਹ ਦਿੱਸੇ ਤਾਂ ਦੂਜੇ ਡੂੰਘੀ ਖਾਈ ਹੈ

ਪਤਾ ਨਹੀਂ ਇਹ ਕਿਹੜੀ ਗੱਲੋਂ ਲੋਕੀਂ ਖ਼ੁਸ਼ੀ ਮਨਾਉਂਦੇ ਨੇ
ਓਹਨਾਂ ਦੇ ਹਮਸਾਇਆਂ ਵਾਲੀ ਜਦ ਬਸਤੀ ਤਿਰਹਾਈ ਹੈ

ਰਹੀ ਸਦਾ ਅਭਿਲਾਸ਼ਾ ਕਿ ਚਿੰਤਨ 'ਚੋਂ ਕੋਈ ਕਿਰਨ ਮਿਲੇ
ਮਿਲੇ ਸਕੂਨ ਜਦੋਂ ਵੀ ਸੁਰਤੀ ਕੁਦਰਤ ਨਾਲ ਮਿਲਾਈ ਹੈ
(ਬਲਜੀਤ ਪਾਲ ਸਿੰਘ)