Thursday, April 18, 2013

ਗ਼ਜ਼ਲ

ਅੱਜ ਉਹ ਯਾਰ ਗਵਾਚਣ ਲੱਗੇ,ਮਸਾਂ ਮਸਾਂ ਜੋ ਭਾਲੇ
ਜੋ ਸਮਝੇ ਸੀ ਪਾਕ ਪਵਿੱਤਰ,ਨਿਕਲੇ ਦਿਲ ਦੇ ਕਾਲੇ

ਹੁਣ ਤੱਕ ਕੇਵਲ ਤਪਦੇ ਮੌਸਮ,ਪਿੰਡੇ ਅਸੀਂ ਹੰਢਾਏ
ਜੋ ਅੱਖਾਂ ਨੂੰ ਠੰਡਕ ਦੇਵੇ,ਰੁੱਤ ਨਾ ਆਈ ਹਾਲੇ

ਕੀਰਨਿਆਂ ਵੈਣਾਂ ਦਾ ਯੁੱਗ ਹੈ,ਚਾਰੋਂ ਤਰਫ ਦੁਹਾਈ
ਹੈ ਕੋਈ ਜਿਹੜਾ ਛੋਹੇ ਏਥੇ,ਗੀਤ ਮੁਹੱਬਤ ਵਾਲੇ

ਅਖਬਾਰਾਂ ਦੇ ਬਹੁਤੇ ਪੰਨੇ,ਹਾਦਸਿਆਂ ਨੇ ਮੱਲੇ
ਰੋਜ਼ ਸਵੇਰੇ ਖ਼ਬਰਾਂ ਪੜ੍ਹੀਏ,ਝਗੜੇ ਅਤੇ ਘੁਟਾਲੇ

ਦੇਸ਼ ਦੀ ਸੇਵਾ ਔਖੀ ਡਾਢੀ,ਕਹਿ ਗਿਆ ਵੀਰ ਸਰਾਭਾ
ਅੱਜ ਦੇ ਨੇਤਾ ਸੇਵਾ ਦੀ ਥਾਂ,ਕਰਦੇ ਘਾਲੇ ਮਾਲੇ

ਵਕਤ ਦਾ ਪਹੀਆ ਘੁੰਮਦੇ ਜਾਣਾ,ਓੜਕ ਸੱਚ ਨੇ ਰਹਿਣਾ
ਕਾਲ ਨੇ ਤੁਰਨਾ ਤੋਰ ਆਪਣੀ,ਕੌਣ ਸਮੇਂ ਨੂੰ ਟਾਲੇ

                                  (ਬਲਜੀਤ ਪਾਲ ਸਿੰਘ)

Saturday, April 13, 2013

ਗ਼ਜ਼ਲ

ਇਹ ਮਾੜੇ ਵਕਤ ਨੇ ਸਮਾਂ ਕਦੇ ਬਲਵਾਨ ਆਏਗਾ
ਜਦੋਂ ਮੌਸਮ ਕੋਈ ਬਣਕੇ ਕਦੇ ਵਰਦਾਨ ਆਏਗਾ

ਰੋਜ਼ਾਨਾ ਸਫਰ ਵਿਚ ਮਿਲਦੇ ਰਹੇ ਕੁਝ ਅਜ਼ਨਬੀ ਬੰਦੇ
ਸਫਰ ਜ਼ਾਰੀ ਰਹੇ ਸ਼ਾਇਦ ਕੋਈ ਇਨਸਾਨ ਆਏਗਾ

ਮੇਰੇ ਘਰ ਦਾ ਇਹ ਦਰਵਾਜ਼ਾ ਹਵਾ ਨਾਲ ਹਿੱਲਿਆ ਹੋਣੈ
ਮੈਂ ਐਵੇਂ ਸੋਚ ਬੈਠਾ ਹਾਂ ਕੋਈ ਮਹਿਮਾਨ ਆਏਗਾ

ਕਿਨਾਰੇ ਬੈਠਣਾ ਚੰਗਾ ਤਾਂ ਹੈ ਪਰ ਚੱਲੀਏ ਏਥੋਂ
ਹੈ ਕਿੰਨਾ ਸ਼ਾਂਤ ਇਹ ਸਾਗਰ ਜਿਵੇਂ ਤੂਫਾਨ ਆਏਗਾ

ਨੇ ਧਰਮਾਂ ਤੇ  ਜੋ ਕਾਬਜ਼ ਫਿਰ ਦੱਸੋ ਜਾਣਗੇ ਕਿੱਥੇ
ਜਦੋਂ ਨਾਨਕ ਜਦੋਂ ਗੋਬਿੰਦ ਜਦੋਂ ਭਗਵਾਨ ਆਏਗਾ

ਮੈਂ ਚਾਹੁੰਦਾ ਹਾਂ ਕਿ ਆਪਣੇ ਕੰਮ ਨੂੰ ਹੁਣ ਨੇਪਰੇ ਚਾੜ੍ਹਾਂ
ਨਹੀਂ ਤਾਂ ਫਿਰ ਮੇਰੇ ਰਸਤੇ ਕੋਈ ਸ਼ਮਸ਼ਾਨ ਆਏਗਾ


                                        (ਬਲਜੀਤ ਪਾਲ ਸਿੰਘ)