Sunday, July 31, 2011

ਗ਼ਜ਼ਲ

ਹੇ ਸ਼ਾਇਰ ਹੁਣ ਲੀਡਰਾਂ ਤੇ ਅਫਸਰਾਂ ਦੇ ਨਾਮ ਲਿਖ
ਰਿਸ਼ਵਤਾਂ ਦੇ ਅੱਡਿਆਂ ਤੇ ਦਫਤਰਾਂ ਦੇ ਨਾਮ ਲਿਖ


ਕਿਸ ਤਰਾਂ ਨਜ਼ਾਇਜ ਪੈਸਾ ਪਹੁੰਚਦਾ ਵਿਦੇਸ਼ ਵਿਚ
ਉਹਨਾਂ ਚੋਰ ਮੋਰੀਆਂ ਤੇ ਬਣਤਰਾਂ ਦੇ ਨਾਮ ਲਿਖ


ਮਣਾਂ ਮੂੰਹੀਂ ਕਾਲਖਾਂ ਰੱਖਦੇ ਦਿਲਾਂ ਅੰਦਰ ਕਿਵੇਂ
ਢੌਂਗ ਸਭ ਬਣਾਏ ਚਿੱਟੇ ਵਸਤਰਾਂ ਦੇ ਨਾਮ ਲਿਖ


ਤਕੜਾ ਬੰਦਾ ਕਿਸ ਤਰਾਂ ਕਨੂੰਨ ਲੈਂਦਾ ਹੈ ਖਰੀਦ
ਅਦਾਲਤਾਂ,ਜਮਾਨਤਾਂ ਤੇ ਘੁਣਤਰਾਂ ਦੇ ਨਾਮ ਲਿਖ


ਖੋਤਿਆਂ ਤੇ ਘੋੜਿਆਂ ਦਾ ਇਕੋ ਮੁੱਲ ਇਹਨੀਂ ਦਿਨੀ
ਲੱਭ ਕੇ ਕੁਝ ਵੱਖਰੇ ਜਹੇ ਅਸਤਰਾਂ ਦੇ ਨਾਮ ਲਿਖ


ਮਿਹਨਤੀ ਮਜ਼ਦੂਰ ਦੀ ਏਦਾਂ ਦਸ਼ਾ ਬਿਆਨ ਕਰ
ਪੈਰੀਂ ਛਾਲੇ ਤਲੀਆਂ ਉੱਤੇ ਛਿਲਤਰਾਂ ਦੇ ਨਾਮ ਲਿਖ


ਜਲਸੇ ਜਲੂਸ ਮਰਨ ਵਰਤ ਤੇ ਹੜਤਾਲਾਂ ਹੁੰਦੀਆਂ
ਲੋਕਤੰਤਰ ਵਿਚ ਜਨਮੇ  ਸ਼ਸ਼ਤਰਾਂ  ਦੇ ਨਾਮ ਲਿਖ


                                     (ਬਲਜੀਤ ਪਾਲ ਸਿੰਘ)