Sunday, October 28, 2018

ਗ਼ਜ਼ਲ


ਰੁੱਤ ਕਰੁੱਤ ਕਿਓਂ ਹੋਈ ਇਹ ਫਿਕਰ ਬੜਾ ਹੈ
ਖਾਬਾਂ ਵਿਚ ਤਿਤਲੀ ਮੋਈ ਇਹ ਫਿਕਰ ਬੜਾ ਹੈ

ਚੇਤੇ ਅੰਦਰ ਵੱਸ ਗਈਆਂ ਸੰਤਾਪੀਆਂ ਜੂਹਾਂ
ਕਿਸ ਥਾਂ 'ਤੇ ਸ਼ਾਜਿਸ਼ ਹੋਈ ਇਹ ਫਿਕਰ ਬੜਾ ਹੈ

ਭੋਰਾ ਨੂਰ ਵੀ ਭੀੜ ਦੇ ਚਿਹਰੇ ਉਤੇ ਹੈ ਨਈਂ
ਚਿੰਤਾ ਅੰਦਰ ਹਰ ਕੋਈ ਇਹ ਫਿਕਰ ਬੜਾ ਹੈ

ਦੇਸ਼ ਦੇ  ਸਾਰੇ ਨੇਤਾ  ਏਸ ਹਮਾਮ 'ਚ ਨੰਗੇ
ਜੋ ਤੱਕਿਆ ਦੋਸ਼ੀ ਸੋਈ ਇਹ ਫਿਕਰ ਬੜਾ ਹੈ

ਕੀ ਹੋਏਗਾ ? ਹਰ ਵੇਲੇ ਬਲਜੀਤ ਇਹ ਸੋਚੇ
ਸੋਚਣ ਵੇਲੇ ਅੱਖ ਰੋਈ ਇਹ ਫਿਕਰ ਬੜਾ ਹੈ
(ਬਲਜੀਤ ਪਾਲ ਸਿੰਘ)

Friday, October 26, 2018

ਗ਼ਜ਼ਲ

ਪੈਸੇ ਦੀ ਮਜਬੂਰੀ ਹੋਵੇ,ਇਹ ਨਹੀਂ ਹੁੰਦਾ
ਹਰ ਖਾਹਿਸ਼ ਹੀ ਪੂਰੀ ਹੋਵੇ,ਇਹ ਨਹੀਂ ਹੁੰਦਾ


ਕੋਈ ਬਹਾਨਾ ਮਿਲ ਜਾਂਦਾ ਹੈ ਜਦ ਵੀ ਚਾਹੋ
ਕਾਰਨ ਕੋਈ ਜਰੂਰੀ ਹੋਵੇ ,ਇਹ ਨਹੀਂ ਹੁੰਦਾ


ਵੈਸੇ ਵੀ ਬਦਨਾਮੀ ਪੱਲੇ ਪੈ ਸਕਦੀ ਹੈ
ਸ਼ੁਹਰਤ ਜਾਂ ਮਸ਼ਹੂਰੀ ਹੋਵੇ,ਇਹ ਨਹੀਂ ਹੁੰਦਾ


ਹੋਰ ਵੀ ਕਾਰਨ ਮਿਰਗ ਦੀ ਹੱਤਿਆ ਦਾ ਹੋ ਸੇਕਦੈ
ਖ਼ਾਬਾਂ ਵਿਚ ਕਸਤੂਰੀ ਹੋਵੇ,ਇਹ ਨਹੀਂ ਹੁੰਦਾ


ਤਾਜ਼ ਤਾਂ ਕਿਸੇ ਕਿਸੇ ਦੇ ਹਿੱਸੇ ਹੀ ਆਉਂਦਾ ਹੈ
ਹਰ ਹੀਰਾ ਕੋਹਿਨੂਰੀ ਹੋਵੇ,ਇਹ ਨਹੀਂ ਹੁੰਦਾ


ਆਥਣ ਵੇਲੇ ਕਦੇ ਕਦਾਈਂ ਹੀ ਮਹਿਫਲ ਹੁੰਦੀ
ਹਰ ਇਕ ਸ਼ਾਮ ਸੰਧੂਰੀ ਹੋਵੇ ,ਇਹ ਨਹੀਂ ਹੁੰਦਾ


ਠੀਕ ਨਹੀਂ ਹਰ ਮੁੱਦੇ ਉੱਤੇ ਸਦਾ ਸਿਆਸਤ
ਹਰ ਮੁੱਦਾ ਜਮਹੂਰੀ ਹੋਵੇ,ਇਹ ਨਹੀਂ ਹੁੰਦਾ
(ਬਲਜੀਤ ਪਾਲ ਸਿੰਘ)

Sunday, October 14, 2018

ਗ਼ਜ਼ਲ



ਕਦੇ ਹੁੰਦਾ ਗਲਤ ਹਾਂ ਮੈਂ ਕਦੇ ਮੈਂ ਠੀਕ ਹੁੰਦਾ ਹਾਂ
ਕਦੇ ਬਿੰਦੂ ਜਿਹਾ ਹੁੰਦਾਂ ਕਦੇ ਮੈਂ ਲੀਕ ਹੁੰਦਾ ਹਾਂ

ਕਦੇ ਲੱਗਦਾ ਹੈ ਮੈਨੂੰ ਸਿਰਫ ਬੀਆਬਾਨ ਹੀ ਹਾਂ ਮੈਂ
ਕਿ ਫੁੱਟਦੇ ਝਰਨਿਆਂ ਵਾਂਗੂ ਕਦੇ ਰਮਣੀਕ ਹੁੰਦਾ ਹਾਂ

ਬੜਾ ਖਾਮੋਸ਼ ਹੁੰਦਾ ਹਾਂ ਜਿਉਂ ਕਾਲੀ ਰਾਤ ਹੁੰਦੀ ਹੈ
ਕਦੇ ਆਕਾਸ਼ ਅੰਦਰ ਗੂੰਜਦੀ ਮੈਂ ਚੀਕ ਹੁੰਦਾ ਹਾਂ 

ਸਫਰ ਉਹ ਯਾਦ ਆਉਂਦਾ ਹੈ ਜੋ ਨੰਗੇ ਪੈਰ ਤੁਰਿਆ ਸੀ
ਕਦੇ ਬਚਪਨ ਦੇ ਯਾਰੋ ਫਿਰ ਬੜਾ ਨਜ਼ਦੀਕ ਹੁੰਦਾ ਹਾਂ

ਨਜ਼ਰ ਹਸਰਤ ਭਰੀ ਮੈਨੂੰ ਜਦੋਂ ਇਕ ਤੱਕ ਲੈਂਦੀ ਹੈ
ਉਦੋਂ ਫਿਰ ਤਾਰਿਆਂ ਤੇ ਚੰਦ ਦਾ ਪ੍ਰਤੀਕ ਹੁੰਦਾ ਹਾਂ 

ਇਨ੍ਹਾਂ ਦੀ ਕਸ਼ਮਕਸ਼ ਵਿਚ ਮੈਂ ਹਮੇਸ਼ਾਂ ਜੂਝਦਾ ਰਹਿਨਾਂ,
ਹਨੇਰੇ ਸੰਗ ਰਹਿੰਦਾ ਹਾਂ ਜਾਂ ਚਾਨਣ ਤੀਕ ਹੁੰਦਾ ਹਾਂ
(ਬਲਜੀਤ ਪਾਲ ਸਿੰਘ)

ਗ਼ਜ਼ਲ


ਵਕਤ ਨਾਲ ਸਮਝੌਤੇ ਕਰਨੇ ਪੈ ਜਾਂਦੇ ਨੇ 
ਜੇਰਾ ਕਰਕੇ ਦਰਦ ਵੀ ਜਰਨੇ ਪੈ ਜਾਂਦੇ ਨੇ

ਹੋਵੇ ਖਤਾ ਕਿਸੇ ਦੀ ਸਜ਼ਾ ਕਿਸੇ ਨੂੰ ਹੁੰਦੀ
ਬਿਨ ਚਾਹਿਆਂ ਹਰਜਾਨੇ ਭਰਨੇ ਪੈ ਜਾਂਦੇ ਨੇ

ਰਹੇ ਜਿੰਦਗੀ ਦਾ ਖੂਹ ਗਿੜਦਾ ਇਹੀ ਕਾਫੀ ਹੈ
ਖੁਸ਼ੀਆਂ ਖੇੜੇ ਗਹਿਣੇ ਧਰਨੇ ਪੈ ਜਾਂਦੇ ਨੇ

ਤਪਸ਼ ਜਦੋਂ ਹਰਿਆਲੇ ਰਸਤੇ ਦਸਤਕ ਦਿੰਦੀ
ਖਾਬ ਸੰਧੂਰੀ ਪਲ ਵਿਚ ਠਰਨੇ ਪੈ ਜਾਂਦੇ ਨੇ

ਦਮ ਤੋੜੇ ਜਦ ਅੱਧਵਾਟੇ ਹੀ ਕੋਈ ਸੁਪਨਾ 
ਜੀਵਣ ਦੀ ਥਾਂ ਪੱਲੇ ਮਰਨੇ ਪੈ ਜਾਂਦੇ ਨੇ
(ਬਲਜੀਤ ਪਾਲ ਸਿੰਘ)

Friday, October 12, 2018

ਗ਼ਜ਼ਲ

ਇਨ੍ਹਾਂ ਲੋਕਾਂ ਦਾ ਕੀ ਕਰੀਏ ਬੜਾ ਹੀ ਤੰਗ ਕਰਦੇ ਨੇ, 
ਨਵੇਂ ਦਿਨ ਆਣ ਕੇ ਕੋਈ ਨਵੀਂ ਇਹ ਮੰਗ ਕਰਦੇ ਨੇ।

ਜਦੋਂ ਕੁਝ ਬੋਲਦੇ ਹਾਂ ਅੱਗਿਓਂ ਸਰਕਾਰ ਕਹਿੰਦੀ ਹੈ
ਅਸੀਂ ਦੇਖਾਂਗੇ ਅਨੁਸ਼ਾਸ਼ਨ ਨੂੰ ਕਿਹੜੇ ਭੰਗ ਕਰਦੇ ਨੇ

 ਇਹ ਕੰਧਾਂ ਸਾਡੀਆਂ ਨੂੰ ਇਸ਼ਤਿਹਾਰਾਂ ਨਾਲ ਭਰਦੇ ਹਨ
ਕਿ ਚੌਂਕਾਂ ਸਾਡਿਆਂ ਨੂੰ ਇਹ ਨਵੇਂ ਹੀ ਰੰਗ ਕਰਦੇ ਨੇ

ਇੰਨ੍ਹਾਂ ਚੋਰਾਂ ਤੇ ਮੋਰਾਂ ਦੀ ਤੁਸੀਂ ਬਸ ਗੱਲ ਹੀ ਛੱਡੋ 
ਜਦੋਂ ਲੁੱਟਦੇ ਨੇ ਭੋਰਾ ਵੀ ਨਹੀਂ ਇਹ ਸੰਗ ਕਰਦੇ ਨੇ 

ਇੰਨ੍ਹਾਂ ਦਾ ਕੰਮ ਕੋਈ ਵੀ ਸਹੀ ਹੁੰਦਾ ਨਹੀਂ ਤੱਕਿਆ
ਇਵੇਂ ਲੱਗਦਾ ਕਿ ਸਾਰੇ ਕੰਮ ਇਹ ਪੀ ਕੇ ਭੰਗ ਕਰਦੇ ਨੇ

ਇਨਾਂ ਗੈਂਗਸਟਰਾਂ ਦੀ ਉੱਚਿਆਂ ਦੇ ਨਾਲ ਯਾਰੀ ਹੈ 
ਅਜੇਹੇ ਲੋਕ ਮਜ਼ਲੂਮਾਂ ਨੂੰ ਬਹੁਤਾ ਤੰਗ ਕਰਦੇ ਨੇ 

ਅਸਾਡੇ ਲੇਖਕਾਂ ਦੇ ਵਿਚ ਵੀ,”ਮੈੰ ਮੈਂ”,ਦਾ ਖਿਲਾਰਾ ਹੈ
ਬਿਨਾਂ ਹੀ ਕਾਰਨੋਂ ਇਕ ਦੂਸਰੇ ‘ਨਾ ਜੰਗ ਕਰਦੇ ਨੇ

ਬੜਾ ਕਮਜ਼ੋਰ ਹੋ ਚੁੱਕਿਆ 'ਤੇ ਦਾੜ੍ਹੀ ਹੋ ਗਈ ਚਿੱਟੀ
ਤਿਰੇ ਬਲਜੀਤ ਹੁਣ ਲੱਛਣ ਅਸਾਨੂੰ ਦੰਗ ਕਰਦੇ ਨੇ
(ਬਲਜੀਤ ਪਾਲ ਸਿੰਘ)