Saturday, March 21, 2009

ਮੌਸਮ


ਸਾੜਸਤੀ ਵਾਲਾ ਮੌਸਮ ਐਨਾ ਨਜ਼ਦੀਕ ਆਇਆ ਹੈ ।
ਹਰ ਫੁੱਲ ਸਦਮੇ ਅੰਦਰ ਹਰ ਪੌਦਾ ਮੁਰਝਾਇਆ ਹੈ ।

ਕਦੇ ਪਰਦੇਸਾਂ ਵਿਚ ਰਹਿਕੇ ਵੀ ਹਸਤੀ ਸ਼ਾਂਤ ਰਹਿੰਦੀ ਹੈ
ਕਦੇ ਆਪਣੇ ਘਰੀ ਵੀ ਗਮ ਬਣ ਜਾਦਾਂ ਹਮਸਾਇਆ ਹੈ ।

ਸਾਡਾ ਇਹ ਪਾਗਲਪਣ ਦੇਖੋ ਅਸੀ ਛੇਤੀ ਘਬਰਾ ਜਾਂਦੇ
ਖੰਭ ਸੜੇ ਤਿਤਲੀਆਂ ਦੇ ਅਸੀ ਸੱਥਰ ਵਿਛਾਇਆ ਹੈ ।

ਇਹ ਗਲਤੀ ਵੀ ਅਸੀ ਕੀਤੀ ਕਿ ਬਲਦੀ ਅੱਗ ਦੇ ਨੇੜੇ
ਬਿਨ ਸੋਚਿਆਂ ਹੀ ਮੋਮ ਦਾ ਇਕ ਘਰ ਬਣਾਇਆ ਹੈ ।

ਫਰਕ ਸਾਡੇ ਤੇ ਓਹਦੇ ਦਰਮਿਆਨ ਇੰਨਾ ਜਰੂਰ ਹੈ
ਅਸੀ ਦਰੱਖਤ ਲਾਏ ਨੇ ਓਸਨੇ ਆਰਾ ਲਗਵਾਇਆ ਹੈ ।

ਬਹੁਤੇ ਸਿਆਸਤਦਾਨ ਦਿਲ ਦੇ ਸਾਫ ਨਹੀ ਹੁੰਦੇ
ਉਪਰੋ ਚਿਟੇ ਖੱਦਰ ਦਾ ਓਹਨਾਂ ਸਵਾਂਗ ਰਚਾਇਆ ਹੈ ।

ਇਹ ਅਦਾਲਤ ਉਸਦੀ ਇਹ ਕਨੂੰਨ ਵੀ ਉਸਦਾ ਹੈ
ਅਸੀ ਤਾਂ ਅਰਜ਼ ਹੀ ਕੀਤੀ ਹੁਕਮ ਉਸਨੇ ਸੁਣਾਇਆ ਹੈ ।

ਦੋਸ਼ੀ ਰਾਤ ਹੀ ਨਹੀ ਹੁੰਦੀ ਸਿਰਫ ਹਨੇਰਿਆਂ ਖਾਤਿਰ
ਲੱਭ ਕੇ ਉਸਨੁ ਦਿਓ ਸਜ਼ਾ ਜਿਸਨੇ ਸੂਰਜ ਚੁਰਾਇਆ ਹੈ ।

ਪੈਗਾਮ

ਜਿਸ ਰਾਹ ਤੇ ਵੀ ਨਿਕਲਾਂਗੇ ਕੋਈ ਪੈਗਾਮ ਦੇਵਾਂਗੇ
ਦੁਰਕਾਰਾਂਗੇ ਝੂਠ ਨੂੰ ਸੱਚ ਨੂੰ ਹੀ ਸਲਾਮ ਦੇਵਾਂਗੇ ।

ਕਿਸੇ ਨੇ ਪੁਛਿਆ ਕਿ ਬੇਵਫਾ ਉਹ ਕੌਣ ਸੀ ਆਖਿਰ ?
ਸਿਰਫ ਕਿਸਮਤ ਤੇ ਹੀ ਅਸੀਂ ਇਲਜਾਮ ਦੇਵਾਂਗੇ ।

ਮੋਢੇ ਤੇ ਸਿਰ ਰੱਖਕੇ ਤੂੰ ਸੌਂ ਜਾਂਵੀਂ ਜਦੋਂ ਮਰਜੀ
ਇਕੱਠੇ ਸਫਰ ਤੇ ਨਿਕਲੇ ਤੈਨੂੰ ਆਰਾਮ ਦੇਵਾਂਗੇ ।

ਕਿੰਨਾ ਭਟਕੇ ਹਾਂ ਹੁਣ ਤੀਕ ਇਸਦੇ ਲੱਗ ਕੇ ਆਖੇ
ਦਿਲ ਦਾ ਅੱਥਰਾ ਘੋੜਾ ਇਸਨੂੰ ਲਗਾਮ ਦੇਵਾਂਗੇ ।

ਮੌਸਮ ਵਫਾ ਕਰੇ ਨਾ ਕਰੇ ਇਹ ਓਸਦੀ ਮਰਜੀ
ਇਸ ਕਲਮ ਤੋ ਤਾਜ਼ਾ ਇਕ ਹੋਰ ਕਲਾਮ ਦੇਵਾਂਗੇ ।

ਮੁੱਢੋਂ ਅਗਾਜ਼ ਰਿਹਾ ਫਿੱਕਾ ਭਾਂਵੇਂ ਇਸ ਕਹਾਣੀ ਦਾ
ਇਸ ਨੂੰ ਖੂਬਸੂਰਤ ਆਖਰੀ ਅੰਜਾਂਮ ਦੇਵਾਂਗੇ ।

ਗਜ਼ਲ

ਇਹ ਮੌਸਮ ਉਦੋਂ ਜਿਹਾ ਮੌਸਮ ਨਹੀਂ ।
ਪਹਿਲਾਂ ਵਾਂਗੂੰ ਮਹਿਕਦਾ ਗੁਲਸ਼ਨ ਨਹੀ ।

ਜਿੰਦਗੀ ਵਿਚ ਜੋੜੀਏ ਸ਼ਬਦ ਕੁਝ ਸਕੂਨ ਦੇ
ਕੋਈ ਦਰ ਐਸਾ ਲਭੀਏ ਜਿਸ ਦਰ ਤੇ ਮਾਤਮ ਨਹੀਂ ।

ਆਪਣਿਆਂ ਨੂੰ ਬੇਰੁਖ਼ੀ ਨਾਲ ਅਲਵਿਦਾ ਜੇ ਕਹਿ ਦਿਆਂ
ਆਮ ਜਿਹਾ ਬੰਦਾ ਹਾਂ ਮੈਂ ਐਨਾ ਤਾਂ ਗੌਤਮ ਨਹੀਂ ।

ਰਾਤਾਂ ਨੂੰ ਹੁਣ ਜਾਗ ਕਿਵੇਂ ਜੁਗਨੂੰ ਤਲਾਸ਼ੀਏ
ਹਨੇਰਿਆਂ ਨੂੰ ਚੀਰਨਾ ਇਹਨੀਂ ਦਿਨੀ ਹਿੰਮਤ ਨਹੀਂ ।

ਵੇਦਨਾ ਦਾ ਦਾਇਰਾ ਹੋਰ ਕਰੀਏ ਮੋਕਲਾ
ਸਦਮੇ ਵਿਚ ਹਰ ਫੁੱਲ ਹੈ ਟਹਿਕਦੀ ਜੰਨਤ ਨਹੀਂ ।

ਉਸਰੇਗਾ ਇਕ ਤਾਜਮਹਿਲ ਆਪਣੇ ਵੀ ਵਾਸਤੇ
ਚਲੋ ਉਜਾੜਾਂ ਮੱਲੀਏ ਆਪਣੀ ਇਹ ਕਿਸਮਤ ਨਹੀਂ।

Sunday, March 15, 2009

ਗਜ਼ਲ

ਬੱਦਲ ਵਾਂਗ ਅਵਾਰਾ ਬਣ ਕੇ ਦੇਖਾਂਗੇ
ਸੁਪਨਿਆਂ ਦਾ ਸਹਾਰਾ ਬਣ ਕੇ ਦੇਖਾਂਗੇ.

ਕਾਲੀ ਰਾਤ ਦਾ ਆਲਮ ਬਹੁਤ ਹੰਢਾਇਆ
ਸਰਘੀ ਵਾਲਾ ਤਾਰਾ ਬਣ ਕੇ ਦੇਖਾਂਗੇ.

ਦਿਲ ਦਾ ਸਾਗਰ ਉੱਛਲ-ਉੱਛਲ ਹਾਰ ਗਿਆ
ਠੰਢਾ ਸ਼ਾਂਤ ਕਿਨਾਰਾ ਬਣ ਕੇ ਦੇਖਾਂਗੇ.

ਬੱਚੇ ਅਤੇ ਫੁੱਲ ਦੀ ਮੁਸ਼ਕਾਨ ਜਿਹਾ
ਮਿੱਠਾ ਕੋਈ ਲਾਰਾ ਬਣ ਕੇ ਦੇਖਾਂਗੇ.

ਪੈਦਾ ਕਰਕੇ ਦਿਲ ਵਿੱਚ ਰੁੱਖਾਂ ਦੀ ਜੀਰਾਂਦ
ਧਰਤੀ ਵਰਗਾ ਭਾਰਾ ਬਣ ਕੇ ਦੇਖਾਂਗੇ.

ਪਲਕਾਂ ਹੇਠ ਡਲਕ ਰਿਹਾ ਜੋ ਅੱਖਾਂ ਵਿੱਚ
ਉਹ ਇੱਕ ਅੱਥਰੂ ਖਾਰਾ ਬਣ ਕੇ ਦੇਖਾਂਗੇ.

Sunday, March 8, 2009

ਗਜ਼ਲ

ਬਲਦੀ ਅੱਗ ਸੀਨੇ ਵਿੱਚ ਲੈ ਕੇ ਸਾਥ ਹੰਢਾਈਏ ਕਿਸ ਤਰਾਂ?
ਹਰ ਇੱਕ ਚਿਹਰਾ ਅਜਨਬੀ ਹੈ ਯਾਰ ਬਣਾਈਏ ਕਿਸ ਤਰਾਂ?

ਨਫਰਤਾਂ ਦੇ ਤੀਰ ਖਾ ਕੇ ਪੀ ਕੇ ਜ਼ਹਿਰ ਜੁਦਾਈ ਦਾ
ਇਸ਼ਕ, ਮੁਹੱਬਤ ਪਿਆਰ ਵਾਲੇ ਸੋਹਲੇ ਗਾਈਏ ਕਿਸ ਤਰਾਂ?

ਦਿਨ ਤਾਂ ਲੰਘ ਜਾਂਦਾ ਹੈ ਮਿਲਣ ਦੇ ਸੁਪਨੇ ਦੀ ਆਸ
ਕਾਲੀ, ਲੰਮੀ ਤੇ ਡਰਾਉਣੀ ਰਾਤ ਲੰਘਾਈਏ ਕਿਸ ਤਰਾਂ?

ਪੀੜ ਤਾਂ ਟੁੱਟਣ ਦੀ ਹੈ ਉਹ ਫੁੱਲ ਹੈ ਜਾਂ ਦਿਲ ਹੈ
ਬਾਗ ਵਿਚੋਂ ਟਹਿਕਦਾ ਫੁੱਲ ਤੋੜ ਲਿਆਈਏ ਕਿਸ ਤਰਾਂ?

ਬਿਖੜੇ ਰਾਹਾਂ ਦਾ ਪੈਂਡਾ ਵਿਸਰ ਗਿਆ ਹੈ ਕਾਫਿਲਾ ਵੀ
ਇਕੱਲੇ ਤੁਰ ਕੇ ਜਿੰਦਗੀ ਦਾ ਪੰਧ ਮੁਕਾਈਏ ਕਿਸ ਤਰਾਂ?