Wednesday, February 20, 2013

ਗ਼ਜ਼ਲਅੰਦਰੋਂ ਹਰ ਇਕ ਬੰਦਾ ਤਨਹਾ, ਉਤੋਂ ਸਭ ਦੇ ਯਾਰ ਬੜੇ ਨੇ
ਸੱਚ ਦੀ ਖਾਤਿਰ ਨਿਭਦੇ ਥੋੜੇ, ਝੂਠਾਂ ਦੇ ਅੰਬਾਰ ਬੜੇ ਨੇ

ਬਹੁਤੇ ਲੋਕੀਂ ਕਾਹਲੀ ਕਰਦੇ, ਤੇਜ਼ੀ ਨਾਲ ਤੁਰਨ ਦੇ ਆਦੀ
ਫਿਰ ਵੀ ਟਾਵੇਂ ਮੰਜ਼ਿਲ ਪਾਉਂਦੇ ,ਰਹਿ ਜਾਂਦੇ ਵਿਚਕਾਰ ਬੜੇ ਨੇ

ਘੁੰਮਦੇ ਫਿਰਦੇ ਅਸੀਂ ਬਥੇਰੇ, ਕਿਤਿਓਂ ਕੋਈ ਚਾਨਣ ਲੱਭੇ
ਉਹਨਾਂ ਕੋਲੋਂ ਵੀ ਕੁਝ ਸਿੱਖੀਏ, ਉੱਚੇ ਜੋ ਕਿਰਦਾਰ ਬੜੇ ਨੇ

ਪੁੱਠੇ ਸਿੱਧੇ ਢੰਗ ਵਰਤ ਕੇ ਜਿਹੜੇ ਮਾਇਆ 'ਕੱਠੀ ਕਰਦੇ
ਉਹਨਾਂ ਕੋਲੋਂ ਬਚ ਕੇ ਰਹਿਣਾ ਉਹ ਲੋਕੀਂ ਬਦਕਾਰ ਬੜੇ ਨੇ

ਰੋਕ ਨਾ ਸੱਕਿਆ ਕੋਈ ਏਥੇ, ਪਾਪ,ਜ਼ੁਲਮ ਤੇ ਹੇਰਾਫੇਰੀ
ਭਾਵੇਂ ਇਸ ਦੁਨੀਆਂ ਤੇ  ਆਏ ,ਹੁਣ ਤੀਕਰ ਅਵਤਾਰ ਬੜੇ ਨੇ

ਤੇਰੇ ਹਿੱਸੇ ਜੇਕਰ ਆਇਆ ,ਪ੍ਰਦੇਸਾਂ ਵਿਚ ਪੌਂਡ ਕਮਾਉਣਾ
ਮੈਨੂੰ ਮੇਰਾ ਪਿੰਡ ਪਿਆਰਾ ,ਏਥੇ ਵੀ ਗੁਲਜ਼ਾਰ ਬੜੇ ਨੇ

                                        (ਬਲਜੀਤ ਪਾਲ ਸਿੰਘ)