Sunday, October 6, 2013

ਗ਼ਜ਼ਲ

ਬਾਹਰੋਂ ਦਿਸਦੇ ਸ਼ਾਂਤ ਸੁਭਾ ਦੇ,ਅੰਦਰ ਹਰ ਵੇਲੇ ਤੂਫਾਨ
ਰੂਹ ਦਾ ਪੰਛੀ ਜ਼ਖਮੀ ਹੋਇਆ,ਤੜਫੇ ਖੰਭਾਂ ਹੇਠ ਉਡਾਨ

ਸਾਰੇ ਬੰਦੇ ਇਕ ਬਰਾਬਰ,ਊਚ ਨੀਚ ਨਾ ਕੋਈ ਏਥੇ
ਇਹੀ ਹੋਕਾ ਦਿੰਦੇ ਚਾਰੇ,ਬਾਈਬਲ ਗੀਤਾ ਗ੍ਰੰਥ ਕੁਰਾਨ

ਜਿਥੋਂ ਮਿਲਦਾ ਉਥੋਂ ਲੈ ਲੋ,ਪਰ ਹਾਉਮੇ ਨੂੰ ਛਡਣਾ ਪੈਣਾ
ਪੈਸੇ ਵਾਂਗੂ ਘਟਦਾ ਨਹੀਂ ਇਹ, ਵੰਡਿਆਂ ਵਧਦਾ ਹੋਰ ਗਿਆਨ

ਸਹਿਜ ਦਾ ਮਾਦਾ ਮਨਫੀ ਹੋਇਆ,ਬੇਤਹਾਸ਼ਾ ਹਰ ਕੋਈ ਦੌੜੇ
ਸੜਕਾਂ ਉਤੇ ਰੋਜ ਹਾਦਸੇ,ਆਉਂਦੀ ਜਾਂਦੀ ਨਿੱਤ ਮਕਾਨ

ਖਾਦਾਂ ਬੀਜਾਂ ਨੇ ਉਲਝਾਇਆ,ਫਸਲਾਂ ਉਤੇ ਜ਼ਹਿਰਾਂ ਛਿੜਕੇ
ਰੋਮ ਰੋਮ ਕਰਜਾਈ ਇਸਦਾ, ਸੁਖੀ  ਬੜਾ ਸੀ ਜੋ ਕਿਰਸਾਨ

ਵਿੱਦਿਆ ਕਾਹਦੀ ਹਾਸਿਲ ਕਰ ਲਈ,ਬੰਦਾ ਬਣਿਆ ਫਿਰੇ ਮਸ਼ੀਨ
ਕਾਸ਼ ਕਿ ਬੰਦੇ ਅੰਦਰ ਜਾਗੇ ,ਸੁੱਤਾ ਹੋਇਆ ਵੀ ਇਨਸਾਨ  

                      (ਬਲਜੀਤ ਪਾਲ ਸਿੰਘ)

No comments: