Monday, May 26, 2014

ਗ਼ਜ਼ਲ

ਗਰਮੀ ਰੁੱਤੇ ਸਿਖਰ ਦੁਪਹਿਰੇ  ਜੀਕਣ ਠੰਡੀਆਂ ਛਾਵਾਂ ਲੱਭਾਂ
ਦਿਲ ਨੂੰ ਕਿਤੇ ਸਕੂਨ ਮਿਲੇ ਨਾ ਜਿਹੜੇ ਪਾਸੇ ਜਾਵਾਂ ਲੱਭਾਂ

ਸ਼ਹਿਰ ਦਾ ਕੋਨਾ ਕੋਨਾ ਛਾਣਾਂ ਉਸਦੀ ਕੋਈ ਝਲਕ ਮਿਲੇ ਨਾ
ਭੁੱਲ ਭੁਲੇਖੇ ਤੁਰਦਾ ਫਿਰਦਾ ਜਦ ਵੀ ਏਥੇ ਆਵਾਂ ਲੱਭਾਂ

ਕਿੰਨਾ ਚੋਖਾ ਭੀੜ ਭੜੱਕਾ ਫਿਰ ਵੀ ਬੰਦਾ ਕੱਲਾ ਜਾਪੇ
ਇਹਨਾਂ ਜੁੜੇ ਹਜ਼ੂਮਾਂ ਵਿਚੋਂ ਮਿੱਤਰ ਟਾਵਾਂ ਟਾਵਾਂ ਲੱਭਾਂ

ਹਰ ਇਕ ਚਿਹਰਾ ਧੋਖਾ ਦੇਵੇ ਕੀਹਦੇ ਨਾਲ ਮੁਹੱਬਤ ਕਰੀਏ
ਉਚਿਆਂ ਤਾਈਂ ਕਾਹਦੀ ਯਾਰੀ ਆਪਣੇ ਵਰਗਾ ਸਾਵਾਂ ਲੱਭਾਂ

ਗੁਰਬਤ ਦੇ ਘਸਮੈਲੇ ਸਾਏ ਨਜ਼ਰੀ ਪੈਂਦੇ ਬਹੁਤੀ ਥਾਈਂ
ਮੁਰਝਾਏ ਫੁੱਲਾਂ ਦੀ ਬਸਤੀ ਕੇਵਲ ਹਾਉਕੇ ਹਾਵਾਂ ਲੱਭਾਂ

ਖੰਡਰ ਜਿਹਾ ਸੁਨੇਹਾ ਦਿੰਦੇ ਮਹਾਂ ਨਗਰ ਦੇ ਸਾਰੇ ਪੱਥਰ
ਸਮਿਆਂ ਨਾਲ ਗੁਆਚੇ ਜਿਹੜੇ ਪਿੰਡ ਉਹਨਾਂ ਦੀਆ ਥਾਵਾਂ ਲੱਭਾਂ

                    (ਬਲਜੀਤ ਪਾਲ ਸਿੰਘ)

No comments:

Post a Comment