Thursday, December 1, 2016

ਗ਼ਜ਼ਲ

ਦਿਲਲਗੀ ਨਾ ਆਸ਼ਕੀ ਨਾ ਮੋਹ ਵਫਾ ਕੋਈ ਨਹੀਂ
ਇਹ ਕੇਹਾ ਸੰਤਾਪ ਹੈ ਭਾਵੇਂ ਖਤਾ ਕੋਈ ਨਹੀਂ

ਸਿਰਨਾਵਿਆਂ ਦੀ ਪੋਟਲੀ ਦੇਖਾਂ ਜਦੋਂ ਮੈਂ ਖੋਲ ਕੇ
ਭੇਜਣਾ ਜਿਸ ਤੇ ਸੁਨੇਹਾ ਉਹ ਪਤਾ ਕੋਈ ਨਹੀਂ

ਫਰੋਲ ਵੀ ਦੇਖ ਲਈਆਂ ਤੇਰੀਆਂ ਮੈਂ ਡਾਇਰੀਆਂ
ਜਿਸ ਤੇ ਮੇਰਾ ਨਾਮ ਹੋਵੇ ਉਹ ਸਫਾ ਕੋਈ ਨਹੀਂ

ਮਰਜ਼ ਹੁੰਦੀ ਠੀਕ ਨਾ ਦਾਰੂ ਵੀ ਕਿੰਨੇ ਕਰ ਲਏ
ਅਜਬ ਦਿਲ ਤੇ ਬੋਝ ਹੈ ਟਲਦੀ ਬਲਾ ਕੋਈ ਨਹੀਂ

ਕਤਲ ਹੋਇਆ ਚੌਂਕ ਅੰਦਰ ਬੇਕਸੂਰੇ ਸ਼ਖਸ਼ ਦਾ
ਫਿਰ ਵੀ ਕਾਤਿਲ ਬਚ ਗਿਆ ਉਸਨੂੰ ਸਜ਼ਾ ਕੋਈ ਨਹੀਂ

ਲਿਖ ਰਿਹਾ ਕਵਿਤਾ ਹੈ ਜਿਹੜਾ ਟੋਲ ਕੇ ਆਪਣੀ ਜ਼ਮੀਰ
ਕਲਯੁਗੀ ਇਸ ਦੌਰ ਵਿਚ ਉਸਦਾ ਭਲਾ ਕੋਈ ਨਹੀਂ

ਰਹਿ ਕੇ ਜਿਹੜਾ ਕੋਲ ਵੀ ਰੱਖਦਾ ਬੜੇ ਸੀ ਫਾਸਲੇ
ਓਸ ਦੇ ਤੁਰ ਜਾਣ ਉਤੇ ਵੀ ਗਿਲਾ ਕੋਈ ਨਹੀਂ

ਘੁੰਮਦੀਆਂ ਨੀਲੇ ਆਕਾਸ਼ੀਂ ਬੱਦਲੀਆਂ ਤਾਂ ਬਹੁਤ ਨੇ
ਰੂਹ ਕਰੇ ਸ਼ਰਸ਼ਾਰ ਜਿਹੜੀ ਉਹ ਘਟਾ ਕੋਈ ਨਹੀਂ

ਬੰਦਿਆਂ ਨੂੰ ਚਾਰਨਾ ਹੈ ਰਾਜਨੀਤੀ ਦਾ ਮਿਜਾਜ਼
ਏਸ ਤੋਂ ਬਲਜੀਤ ਉੱਚੀ ਹੁਣ ਕਲਾ ਕੋਈ ਨਹੀਂ


(ਬਲਜੀਤ ਪਾਲ ਸਿੰਘ)

No comments:

Post a Comment