Saturday, January 9, 2016

ਗ਼ਜ਼ਲ

ਹਨੇਰੇ ਚੋਂ ਨਜ਼ਰ ਆਵੇ ਜਦੋਂ ਵੀ ਰੋਸ਼ਨੀ ਕੋਈ
ਉਦੋਂ ਫਿਰ ਜਾਣ ਲੈਣਾ ਟਲ ਗਈ ਹੈ ਖੁਦਕੁਸ਼ੀ ਕੋਈ

ਅਸੀਂ ਜੇ ਸ਼ਬਦ  ਤੋਂ ਭੋਰਾ ਵੀ ਜੀਵਨ ਜਾਚ ਨਾ ਸਿੱਖੇ
ਭਲਾ ਸਾਡਾ ਕਰੇਗੀ ਕਿਸ ਤਰ੍ਹਾਂ ਫਿਰ ਬੰਦਗੀ ਕੋਈ.

ਜਦੋਂ ਤੋਂ ਓਸ ਨੇ ਅਪਣੇ ਗਰਾਂ ਨੂੰ ਛੱਡ ਦਿੱਤਾ ਹੈ,
ਉਦੋਂ ਤੋਂ ਸੁਣ ਰਹੇ ਹਾਂ ਭਾਲਦਾ ਹੈ ਤਿਸ਼ਨਗੀ ਕੋਈ.

ਬਿਖੜੇ ਪੈਂਡਿਆਂ ਉਤੇ ਕਦੋਂ ਉਹ ਸਾਥ ਨਿਭਦੇ ਨੇ
ਜਿਹਨਾਂ ਮਾਣੀ ਹੈ ਪਗਡੰਡੀ ਸਦਾ ਹੀ ਰੰਗਲੀ ਕੋਈ

ਜਰਾ ਇਹ ਸੋਚ ਕੇ ਵੇਖੋ ਬਹਾਰਾਂ ਕਿੰਝ ਮਾਣਾਂਗੇ,
ਹਮੇਸ਼ਾਂ ਮੌਸਮਾਂ ਅੰਦਰ ਰਹੀ ਜੇ ਗੜਬੜੀ ਕੋਈ.
ਬੜਾ ਖਾਮੋਸ਼ ਹੋ ਕੇ ਜਦ ਉਹ ਮੇਰੇ ਕੋਲ ਦੀ ਗੁਜ਼ਰੇ,
ਬਿਨਾਂ ਦੇਰੀ ਤੋਂ ਸਮਝਾਂ ਹੋ ਗਿਆ ਹੈ ਅਜਨਬੀ ਕੋਈ.
ਮਹਿਕਾਂ ਦਾ ਕਦੇ ਵੀ ਫੇਰ ਕੋਈ ਅਰਥ ਨਾ ਰਹਿਣਾ
ਕਿ ਭੰਵਰੇ ਤਿਤਲੀਆਂ ਦੀ ਜੇ ਰਹੀ ਨਾ ਦੋਸਤੀ ਕੋਈ

(ਬਲਜੀਤ ਪਾਲ ਸਿੰਘ)

No comments:

Post a Comment