Saturday, July 19, 2014

ਗ਼ਜ਼ਲ

ਕਦੇ ਖਾਮੋਸ਼ ਰਹਿੰਦਾ ਹਾਂ ਕਦੇ ਕੁਝ ਬੋਲਣਾ ਪੈਂਦਾ
ਕਰਾਂ ਤਕਸੀਮ ਖੁਸ਼ੀਆਂ ਨੂੰ ਗ਼ਮਾਂ ਨੂੰ ਫੋਲਣਾ ਪੈਂਦਾ

ਬੜੇ ਹੀ ਵਾਵਰੋਲੇ ਨੇ ਹਵਾ ਮੂੰਹਜ਼ੋਰ ਜੇਹੀ ਹੈ
ਉਡਾਰੀ ਭਰਨ ਤੋਂ ਪਹਿਲਾਂ ਪਰਾਂ ਨੂੰ ਤੋਲਣਾ ਪੈਂਦਾ

ਸਦਾ ਸਹਿਜੇ ਨਹੀਂ ਮਿਲਦੀ ਮੁਹੱਬਤ ਚੀਜ਼ ਹੀ ਐਸੀ
ਇਹਨੂੰ ਕਰਨਾ ਹੈ ਜੇ ਹਾਸਿਲ ਦਿਲਾਂ ਨੂੰ ਰੋਲਣਾ ਪੈਂਦਾ

ਜ਼ਮਾਨੇ ਤੋਂ ਨਹੀਂ ਛਿਪਦੇ ਕਦੇ ਵੀ ਪਿਆਰ ਦੇ ਹੰਝੂ
ਕਿਸੇ ਦੀ ਯਾਦ ਵਿਚ ਅੱਖਾਂ ਨੂੰ ਭਰ ਕੇ ਡੋ੍ਹਲਣਾ ਪੈਂਦਾ

ਬੜੇ ਹੀ ਰੰਗ ਬਿਖਰੇ ਨੇ ਹਰਿਕ ਦੇ ਸਾਹਮਣੇ ਲੇਕਿਨ
ਨਜ਼ਰ ਨੂੰ ਰਾਸ ਜੋ ਆਉਂਦੇ ਰੰਗਾਂ ਨੂੰ ਟੋਲਣਾ ਪੈਂਦਾ

ਇਹ ਤਾਣੀ ਜਿੰਦਗੀ ਦੀ ਫਿਰ ਬੜਾ ਹੈਰਾਨ ਕਰਦੀ ਹੈ
ਜਦੋਂ ਬਾਰੀਕ ਤੰਦਾਂ ਨੂੰ ਜੁਗਤ ਨਾਲ ਖੋਲਣਾ ਪੈਂਦਾ

                    (ਬਲਜੀਤ ਪਾਲ ਸਿੰਘ)

No comments:

Post a Comment