Saturday, June 14, 2025

ਗ਼ਜ਼ਲ

ਅੱਖੀਆਂ ਵਿੱਚ ਜੇ ਹੋਵੇ ਲਾਲੀ ਕਾਲਾ ਚਸ਼ਮਾ ਲਾ ਲੈਂਦੇ ਨੇ।

ਫੁੱਲ ਗੁਲਾਬੀ ਕਦੇ ਕਦੇ ਉਹ ਵਾਲਾਂ ਵਿੱਚ ਸਜਾ ਲੈਂਦੇ ਨੇ।


ਅੱਜ ਕੱਲ ਹਰ ਦਮ ਉਖੜੇ ਉਖੜੇ ਰਹਿੰਦੇ ਨੇ ਉਹ ਕਾਹਤੋਂ,

ਜਦ ਕੋਈ ਵੀ ਤੱਕਦਾ ਹੈ ਤਾਂ ਆਪਣੀ ਨਿਗ੍ਹਾ ਭਵਾ ਲੈਂਦੇ ਨੇ।


ਸਭਨਾਂ ਦੀ ਖਾਹਿਸ਼ ਹੁੰਦੀ ਹੈ ਟੀਸੀ ਵਾਲੇ ਬੇਰ ਨੂੰ ਲਾਹੀਏ ,

ਪਰ ਏਥੇ ਉਹ ਚੰਗੇ ਰਹਿੰਦੇ ਜਿਹੜੇ ਮੱਤ ਮਿਲਾ ਲੈਂਦੇ ਨੇ।


ਉੱਤੋਂ ਉੱਤੋਂ ਕਈਆਂ ਦਾ ਹਾਸਾ ਹੀ ਨਿਰਾ ਛਲਾਵਾ ਹੁੰਦਾ,

ਉਸ ਹਾਸੇ ਤੇ ਲੱਟੂ ਬਹੁਤੇ ਝੁੱਗਾ ਚੌੜ ਕਰਾ ਲੈਂਦੇ ਨੇ।


ਇੱਕੋ ਰਸਤਾ ਚੁਣ ਲੈਂਦੇ ਨੇ ਜਿਹੜੇ ਸਿਰਫ ਮੁਹੱਬਤ ਵਾਲਾ,

ਗ਼ਮ, ਪਛਤਾਵੇ, ਕਿੰਨੇ ਰੋਣੇ ਝੋਲ਼ੀ ਵਿੱਚ ਪਵਾ ਲੈਂਦੇ ਨੇ।


ਤਨਹਾ ਰਾਤਾਂ ਨੂੰ ਇਹ ਚੰਦ ਸਿਤਾਰੇ ਵੀ ਬੇਗਾਨੇ ਜਾਪਣ,

ਭਾਵਕੁਤਾ ਪ੍ਰਣਾਏ ਬੰਦੇ ਬਿਰਹਾ ਰੋਗ ਲਵਾ ਲੈਂਦੇ ਨੇ।

(ਬਲਜੀਤ ਪਾਲ ਸਿੰਘ)





No comments: