Saturday, May 17, 2025

ਗ਼ਜ਼ਲ

ਸਾਰੇ ਢੌਂਗੀ ਬਾਬਿਓ ਸਰਹੱਦਾਂ ਤੇ ਜਾਓ ਜੰਗ ਛਿੜੀ ਹੈ।

ਓਥੇ ਜਾ ਕੇ ਸੁਬ੍ਹਾ ਸਵੇਰੇ ਟੱਲ ਖੜਕਾਓ ਜੰਗ ਛਿੜੀ ਹੈ।

 

ਤਰ੍ਹਾਂ ਤਰ੍ਹਾਂ ਦੇ ਭੇਸ ਬਣਾ ਕੇ ਰੰਗ ਬਰੰਗੇ ਚੋਲੇ ਪਾ ਕੇ,

ਡਰੇਗਾ ਵੈਰੀ ਉੱਚੀ ਉੱਚੀ ਮੰਤਰ ਗਾਓ ਜੰਗ ਛਿੜੀ ਹੈ।


ਜੋ ਵੀ 'ਕੱਠੀ ਕੀਤੀ ਹੈ ਉਹ ਰਸਦ ਵੀ ਨਾਲ ਹੀ ਲੈਜੋ,

ਤੜਕੇ ਲਾਓ ਸੀਮਾ ਉੱਤੇ ਬਹਿ ਕੇ ਖਾਓ ਜੰਗ ਛਿੜੀ ਹੈ।


ਦੇਸ਼ ਦੀ ਖਾਤਰ ਥੋੜ੍ਹੀ ਦੇਰ ਲਈ ਧੰਦੇ ਰੋਕੋ,

ਸਾਹੂਕਾਰੋ ਵੱਡੇ ਸੇਠੋ ਤੁਸੀਂ ਵੀ ਆਓ ਜੰਗ ਛਿੜੀ ਹੈ।


ਚੈਨਲਾਂ ਵਾਲੇ ਤੱਤੇ ਐਂਕਰ ਸਾਰੇ ਹੁਮ ਹੁਮਾ ਕੇ ਆਓ,

ਆਪੇਂ ਟੈਂਕ ਮਿਜ਼ਾਇਲਾਂ ਤੋਪਾਂ ਬੰਬ ਚਲਾਓ ਜੰਗ ਛਿੜੀ ਹੈ।


ਆਮ ਘਰਾਂ ਦੇ ਗੱਭਰੂ ਹੀ ਕਿਉਂ ਪਾਉਣ ਸ਼ਹੀਦੀ,

ਰਾਜਨੇਤਾਵੋ ਏਸ ਵਾਰ ਤਾਂ ਹਿੱਸਾ ਪਾਓ ਜੰਗ ਛਿੜੀ ਹੈ।

(ਬਲਜੀਤ ਪਾਲ ਸਿੰਘ)


No comments: