ਮੁਹੱਬਤ ਲੋੜ ਹੈ ਸਭ ਦੀ ਬਿਨਾਂ ਏਹਦੇ ਨਾ ਸਰਦਾ ਹੈ।
ਕਰਨ ਸਭ ਓਪਰੇ ਮਨ ਤੋਂ ਦਿਲੋਂ ਹੁਣ ਕੌਣ ਕਰਦਾ ਹੈ।
ਸਿਧਾਰਥ ਨੂੰ ਭਲਾ ਕੀ ਲੋੜ ਸੀ ਕਿ ਬੁੱਧ ਬਣਿਆ ਉਹ,
ਸੁਖਾਂ ਨੂੰ ਵੀ ਤਿਆਗੇ ਤੇ ਦੁੱਖਾਂ ਵਿੱਚ ਕੌਣ ਮਰਦਾ ਹੈ।
ਤੁਸੀਂ ਕਹਿੰਦੇ ਹੋ ਤਾਂ ਫਿਰ ਮੈਂ ਚਲੋ ਸੰਨਿਆਸ ਲੈ ਲੈਨਾਂ,
ਕਿ ਏਥੇ ਸੱਚ ਦੀ ਹਾਮੀ ਕੋਈ ਵਿਰਲਾ ਹੀ ਭਰਦਾ ਹੈ।
ਜਦੋਂ ਪਰਵਾਨ ਚੜ੍ਹਦੀ ਹੈ ਫ਼ਸਲ ਰੀਝਾਂ ਦੀ ਕੋਈ ਤਾਂ,
ਗ਼ਮਾਂ ਦਾ ਫੇਰ ਦਾਨਵ ਆਣ ਕੇ ਖੁਸ਼ੀਆਂ ਨੂੰ ਚਰਦਾ ਹੈ।
ਉਨ੍ਹਾਂ ਨੇ ਜੁਗਨੂੰਆਂ ਸੰਗ ਦੋਸਤੀ ਜੇ ਕਰ ਲਈ ਹੁੰਦੀ,
ਹਨੇਰੀ ਰਾਤ ਦੇ ਕਾਲੇ ਪਹਿਰ ਫਿਰ ਕੌਣ ਡਰਦਾ ਹੈ।
ਬੜਾ 'ਬਲਜੀਤ' ਨੂੰ ਖ਼ਤਰਾ ਸਦਾ ਔੜਾਂ ਦਾ ਹੈ ਰਹਿੰਦਾ,
ਉਵੇਂ ਤਾਂ ਪਤਝੜੀ ਰੁੱਤਾਂ ਨੂੰ ਉਹ ਸਹਿਜੇ ਹੀ ਜਰਦਾ ਹੈ।
(ਬਲਜੀਤ ਪਾਲ ਸਿੰਘ)
No comments:
Post a Comment