Thursday, August 15, 2013

ਗ਼ਜ਼ਲ

ਬੌਣਾ ਕੱਦ ਕਈ ਕਈ ਚਿਹਰੇ,ਬੰਦਾ ਅੱਜ ਕੱਲ ਏਦਾਂ ਚੱਲੇ
ਕੂੜ ਦੀ ਹੱਟ ਤੇ ਮਾਲ ਬਣਾਉਟੀ,ਧੰਦਾ ਅੱਜ ਕੱਲ ਏਦਾਂ ਚੱਲੇ

ਚੋਰੀ ਡਾਕੇ ਹੇਰਾਫੇਰੀ,ਰੇਪ ਕਤਲ ਤੇ ਕੀ ਕੀ ਕਰਦਾ
ਨਵੇਂ ਯੁੱਗ ਦਾ ਮਾਨਵ ਦੇਖੋ,ਗੰਦਾ ਅੱਜ ਕੱਲ ਏਦਾਂ ਚੱਲੇ

ਜੀਹਨੇ ਕੋਈ ਕੰਮ ਕਰਾਉਣਾ,ਗਾਂਧੀ ਵਾਲੇ ਨੋਟ ਦਿਖਾਓ
ਮਾੜਾ ਧਾੜਾ ਕਿੱਥੋਂ ਦੇਵੇ,ਚੰਦਾ ਅੱਜ ਕੱਲ ਏਦਾਂ ਚੱਲੇ

ਅਫਸਰ ਅਤੇ ਸਿਆਸੀ ਬੰਦੇ,ਤੀਜਾ ਗੁੰਡੇ ਨਾਲ ਰਲੇ ਨੇ
ਜਨਤਾ ਦੀ ਛਿੱਲ ਲਾਹੀ ਜਾਂਦੇ,ਰੰਦਾ ਅੱਜ ਕੱਲ ਏਦਾਂ ਚੱਲੇ

ਜੀਹਦੇ ਕੋਲ ਸ਼ਰਾਫਤ ਹੈਗੀ,ਸਾਂਭ ਕੇ ਰੱਖੋ ਸਾਂਭ ਕੇ ਰੱਖੋ
ਇਹਦਾ ਮੁੱਲ ਕਿਤੇ ਨਹੀਂ ਪੈਣਾ,ਮੰਦਾ ਅੱਜ ਕੱਲ ਏਦਾਂ ਚੱਲੇ

ਅੰਨਦਾਤਾ ਕਰਜਾਈ ਹੋਇਆ,ਖੇਤੀ ਘਾਟੇਵੰਦਾ ਸੌਦਾ
ਇਹਦੇ ਤੋਂ ਨਾ ਖਹਿੜਾ ਛੁੱਟੇ,ਫੰਦਾ ਅੱਜ ਕੱਲ ਏਦਾਂ ਚੱਲੇ

(ਬਲਜੀਤ ਪਾਲ ਸਿੰਘ)

2 comments:

  1. ਕਾਫੀਆ ਰਦੀਫ਼ ਨਵਾਂ ਨਕੋਰ ਹੈ ਤੇ ਬਹੁਤ ਹੀ ਖੂਬ ਨਿਭਾਇਆ ਹੈ

    ReplyDelete
  2. ਸ਼ੁਕਰੀਆ ਮਾਨ ਸਾਹਿਬ...ਇਹ ਸਭ ਤੁਹਾਡੀ ਸੰਗਤ ਕਰਕੇ ਹੀ ਸੰਭਵ ਹੋਇਆ ਹੈ।

    ReplyDelete