Sunday, April 6, 2025

ਗ਼ਜ਼ਲ

 ਸਭ ਨੂੰ ਹੈ ਪਿਆਰ ਕੀਤਾ ਸਭ ਨੂੰ ਹੈ ਪਿਆਰ ਕਰਨਾ।

ਇਹ ਜ਼ਿੰਦਗੀ ਦਾ ਮਕਸਦ ਨਹੀਂ ਯਾਰ ਮਾਰ ਕਰਨਾ। 


ਭਰਿਆ ਹੈ ਜ਼ਹਿਰ ਏਨਾ ਬੰਦੇ ਦੇ ਜ਼ਿਹਨ ਅੰਦਰ,

ਕਿੰਨਾ ਉਹ ਸਿੱਖ ਗਿਆ ਹੈ ਪਿੱਛੋਂ ਦੀ ਵਾਰ ਕਰਨਾ।


ਦੇਂਦੇ ਨੇ ਜੋ ਦੁਹਾਈ ਰਿਸ਼ਤੇ ਨਿਭਾਉਣ ਵਾਲੇ,

ਉਹਨਾਂ ਨੇ ਰਿਸ਼ਤਿਆਂ ਨੂੰ ਹੈ ਤਾਰ ਤਾਰ ਕਰਨਾ। 


ਸਬਦਾਂ ਦੀ ਜੰਗ ਵੇਲੇ ਖੁਦ ਨੂੰ ਸੰਭਾਲ ਰੱਖਿਓ,

ਕੌੜਾ ਮੇਰਾ ਤਜਰਬਾ ਹੱਦਾਂ ਨਾ ਪਾਰ ਕਰਨਾ।


ਨਾ ਹੀ ਮਿਲੀ ਮੁਹੱਬਤ ਹਰ ਥਾਂ ਤਲਾਸ਼ ਕੀਤੀ,

ਦਿੰਦਾ ਹਾਂ ਇਹ ਨਸੀਹਤ ਅੱਖਾਂ ਨਾ ਚਾਰ ਕਰਨਾ।


ਧੰਦਾ ਇਹ ਦੋਸਤੀ ਦਾ ਆਇਆ ਨਾ ਰਾਸ ਭਾਵੇਂ,

ਫਿਰ ਵੀ ਕਸਬ ਹੈ ਸਾਡਾ ਇਹ ਕਾਰੋਬਾਰ ਕਰਨਾ।

(ਬਲਜੀਤ ਪਾਲ ਸਿੰਘ)






Monday, March 17, 2025

ਗ਼ਜ਼ਲ

ਉਹਨਾਂ ਦਾ ਤਾਂ ਲੋਕਾਂ ਲਈ ਸਤਿਕਾਰ ਹੈ ਕੇਵਲ ਏਨਾ ਹੀ।

ਹੌਲੇ ਬੰਦਿਆਂ ਦਾ ਹੁੰਦਾ ਕਿਰਦਾਰ ਹੈ ਕੇਵਲ ਏਨਾ ਹੀ ।


ਪੈਸੇ ਖਾਤਿਰ ਬਾਗ ਲਗਾਉਂਦਾ ਹੈ ਉਹ ਤਾਂ ਰੁਜ਼ਗਾਰ ਲਈ,

ਮਾਲੀ ਦਾ ਫ਼ਲ ਉੱਤੇ ਪਰ ਅਧਿਕਾਰ ਹੈ ਕੇਵਲ ਏਨਾ ਹੀ।


ਗ਼ਰਜ਼ਾਂ ਲਈ ਉਹ ਉੱਤੋਂ ਉੱਤੋਂ ਪਿਆਰ ਜਤਾਉਂਦਾ ਹੈ ਭਾਵੇਂ 

ਧੋਖਾ ਦੇਵੇ ਉਹ ਮੇਰਾ ਦਿਲਦਾਰ ਹੈ ਕੇਵਲ ਏਨਾ ਹੀ।


ਅੰਦਰੋਂ ਅੰਦਰੀ ਖੁਸ਼ ਹੋਵੇ ਲੇਕਿਨ ਬਾਹਰੋਂ ਗਮਗੀਨ ਰਹੇ,

ਝੂਠੀ ਮੂਠੀ ਦਾ ਮੇਰਾ ਗ਼ਮਖ਼ਾਰ ਹੈ ਕੇਵਲ ਏਨਾ ਹੀ।


ਬਾਡੀ ਗਾਰਡ ਚਾਰ ਚੁਫੇਰੇ ਤੇ ਉਹ ਘਿਰਿਆ ਰਹਿੰਦਾ ਹੈ,

ਨੇਤਾ ਅੱਜ ਦਾ ਵੇਖੋ ਇਹ ਦਮਦਾਰ ਹੈ ਕੇਵਲ ਏਨਾ ਹੀ।


ਜੋ ਲੋਕਾਂ ਦੀ ਗੱਲ ਕਰੇ ਨਾ ਤੇ ਹਾਕਮ ਦੇ ਸੋਹਲੇ ਗਾਵੇ,

ਦੌਲਤ ਖ਼ਾਤਰ ਬੋਲੇ ਉਹ ਫ਼ਨਕਾਰ ਹੈ ਕੇਵਲ ਏਨਾ ਹੀ।


ਰੁੱਖ ਪਰਿੰਦੇ ਪੌਦੇ ਫਸਲਾਂ ਤੇ ਨਿਰਛਲ ਪਾਣੀ ਨੇ ਜੋ,

ਮੇਰੇ ਯਾਰੋ ਮੇਰਾ ਇਹ ਪਰਿਵਾਰ ਹੈ ਕੇਵਲ ਏਨਾ ਹੀ।

(ਬਲਜੀਤ ਪਾਲ ਸਿੰਘ)

Sunday, March 2, 2025

ਗ਼ਜ਼ਲ

ਨਾ-ਸ਼ੁਕਰੇ ਲੋਕਾਂ ਨਾਲ ਤੁਰਿਆ ਮੈਂ ਗੁਸਤਾਖੀ ਕਰ ਬੈਠਾ ਹਾਂ। 

ਹੋਰਾਂ ਖਾਤਰ ਲੜਦਾ ਫਿਰਿਆ ਮੈਂ ਗੁਸਤਾਖੀ ਕਰ ਬੈਠਾ ਹਾਂ। 


ਕਾਗਜ਼ ਦੇ ਨਕਲੀ ਫੁੱਲਾਂ ਨੂੰ ਅਸਲੀ ਸਮਝ ਗਿਆ ਸੀ ਮੈਂ 

ਖੁਸ਼ਬੂ ਵਰਗਾ ਕੁਝ ਨਾ ਮਿਲਿਆ ਮੈਂ ਗੁਸਤਾਖੀ ਕਰ ਬੈਠਾ ਹਾਂ। 


ਜੀਵਨ ਪੱਥ ਤੇ ਤੁਰਦੇ ਹੋਏ ਕੁਝ ਹੌਲੇ ਕਿਰਦਾਰ ਮਿਲੇ ਨੇ

ਉਹਨਾਂ ਦਾ ਹਰ ਨਖਰਾ ਜਰਿਆ ਮੈਂ ਗੁਸਤਾਖੀ ਕਰ ਬੈਠਾ ਹਾਂ।


ਦੂਰੋਂ ਤੱਕਿਆ ਧਰਤੀ ਉੱਤੇ ਕੁੱਝ ਚਿੱਟੇ ਕੱਲਰ ਵਰਗਾ ਸੀ 

ਸਮਝ ਲਿਆ ਐਵੇਂ ਹੀ ਦਰਿਆ ਮੈਂ ਗੁਸਤਾਖੀ ਕਰ ਬੈਠਾ ਹਾਂ।


ਪਾਣੀ ਪਾ ਪਾ ਥੱਕ ਗਿਆ ਹਾਂ ਰੇਗਿਸਤਾਨ ਦੇ ਇਸ ਪੌਦੇ ਨੂੰ 

ਤਾਂ ਵੀ ਇਹ ਨਾ ਹੋਇਆ ਹਰਿਆ ਮੈਂ ਗੁਸਤਾਖੀ ਕਰ ਬੈਠਾ ਹਾਂ।


ਭਾਵੇਂ ਕੁਦਰਤ ਨੇ ਬੰਦੇ ਨੂੰ ਕਿੰਨੀਆਂ ਹੀ ਦਾਤਾਂ ਨੇ ਦਿੱਤੀਆਂ 

ਲੋਭੀ ਦਾ ਲਾਲਚ ਨਾ ਭਰਿਆ ਮੈਂ ਗੁਸਤਾਖੀ ਕਰ ਬੈਠਾ ਹਾਂ।


ਐ ਦਿਲਾ ਇਹ ਖਾਰੇ ਸਾਗਰ ਛੱਡ ਪਰ੍ਹਾਂ ਇਹਨਾਂ ਦਾ ਖਹਿੜਾ 

ਨਾ ਕੋਈ ਤਾਰੂ ਏਥੇ ਤਰਿਆ ਮੈਂ ਗੁਸਤਾਖੀ ਕਰ ਬੈਠਾ ਹਾਂ।

(ਬਲਜੀਤ ਪਾਲ ਸਿੰਘ)

Saturday, February 15, 2025

ਗ਼ਜ਼ਲ


ਚਾਰੇ ਪਾਸੇ ਹੋ ਰਿਹਾ ਜੋ ਇਲਮ ਹੋਣਾ ਚਾਹੀਦੈ ।

ਚੱਪਾ ਚੱਪਾ ਅਪਣੇ ਮਨ ਦਾ ਰੋਜ ਧੋਣਾ ਚਾਹੀਦੈ।


ਭੁੱਲ ਕੇ ਨਾ ਸੋਚ ਲੈਣਾ ਵਿਹਲਿਆਂ ਨੂੰ ਮੌਜ ਹੁੰਦੀ,

ਕਿਰਤ ਕਰਨੀ ਤੇ ਪਸੀਨਾ ਹੋਰ ਚੋਣਾ ਚਾਹੀਦੈ।


ਸਾਂਭਿਆ ਨਾ ਵਕਤ ਸਿਰ ਤਾਂ ਵਿਗੜ ਜਾਣਾ ਵਹਿੜਕਾ, 

ਓਸਨੂੰ ਬਿਨ ਦੇਰ ਹੀ ਫਿਰ ਹਲ ਤੇ ਜੋਣਾ ਚਾਹੀਦੈ।


ਦੱਸਿਆ ਲੋਕਾਂ ਨੂੰ ਤਾਂ ਫਿਰ ਜੱਗ ਹਸਾਈ ਲਾਜ਼ਮੀ,

ਆਪਣੇ ਗ਼ਮ ਦਾ ਵੀ ਬੋਝਾ ਆਪ ਢੋਣਾ ਚਾਹੀਦੈ।


ਹੁਬਕੀ ਹੁਬਕੀ ਆ ਰਹੇ ਹਟਕੋਰਿਆਂ ਤੋਂ ਵੀ ਬਚੋ,

ਦਰਦ ਹੌਲਾ ਕਰਨ ਲਈ ਬੇਰੋਕ ਰੋਣਾ ਚਾਹੀਦੈ।

(ਬਲਜੀਤ ਪਾਲ ਸਿੰਘ)

Saturday, January 25, 2025

ਗ਼ਜ਼ਲ


ਅੰਦਰਖਾਤੇ ਕੀ ਕੀ ਚਾਲਾਂ ਚੱਲ ਰਹੀਆਂ ਨੇ।

ਇਹ ਸਰਕਾਰਾਂ ਕਦੇ ਨਾ ਸਾਡੇ ਵੱਲ ਰਹੀਆਂ ਨੇ।


ਬਚਣਾ ਚਾਹਿਆ ਭਾਵੇਂ ਇਹਨਾਂ ਕੋਲੋਂ ਹਰ ਦਮ,

ਫਿਰ ਵੀ ਯਾਦਾਂ ਸਾਡਾ ਬੂਹਾ ਮੱਲ ਰਹੀਆਂ ਨੇ।


ਮੇਰਾ ਸਜਦਾ ਮਿਹਨਤਕਸ਼ ਜਮਾਤਾਂ ਨੂੰ ਹੈ ,

ਸਦੀਆਂ ਤੋਂ ਜੋ ਮਾਰ ਸਮੇਂ ਦੀ ਝੱਲ ਰਹੀਆਂ ਨੇ।


ਬਾਗੀ ਹੋ ਕੇ ਲੋਕਾਂ ਲਹਿਰਾਂ ਸ਼ੁਰੂ ਕੀਤੀਆਂ ,

ਹਾਕਮ ਦੇ ਪਾਪਾਂ ਨੂੰ ਆਖ਼ਰ ਠੱਲ ਰਹੀਆਂ ਨੇ।


ਰੁੱਤ ਬਹਾਰ ਦੀ ਆਉਂਦੀ ਹੈ ਪੱਤਝੜ ਦੇ ਮਗਰੋਂ, 

ਬੁਰੀਆਂ ਘੜੀਆਂ ਅੱਜ ਸਹੀ ਨਾ ਕੱਲ ਰਹੀਆਂ ਨੇ। 


ਪਤਾ ਨਹੀਂ ਕਦ ਘਰ ਛੱਡ ਕੇ ਉੱਜੜਨਾ ਪੈਣਾ,

ਕੱਤਕ ਕੂੰਜਾਂ ਕਿੰਝ ਸੁਨੇਹੇ ਘੱਲ ਰਹੀਆਂ ਨੇ।

(ਬਲਜੀਤ ਪਾਲ ਸਿੰਘ)

Friday, January 17, 2025

ਗ਼ਜ਼ਲ


ਸੁਣਦੇ ਸੁਣਦੇ ਲਿਖਦੇ ਲਿਖਦੇ ਕਹਿੰਦੇ ਕਹਿੰਦੇ ਸਾਲ ਗਿਆ।

ਤੁਰਦੇ ਤੁਰਦੇ ਡਿਗਦੇ ਡਿਗਦੇ ਢਹਿੰਦੇ ਢਹਿੰਦੇ ਸਾਲ ਗਿਆ।


ਕਾਦਰ ਦੀ ਕੁਦਰਤ ਦਾ ਲਹਿਜ਼ਾ ਸੀ ਪਹਿਲਾਂ ਵਰਗਾ ਹੀ,

ਸੂਰਜ ਚੰਦ ਸਿਤਾਰੇ ਚੜ੍ਹਦੇ ਲਹਿੰਦੇ ਲਹਿੰਦੇ ਸਾਲ ਗਿਆ।


ਪੰਛੀ ਉਡਦੇ ਉਡਦੇ ਆਉਂਦੇ ਰੁੱਖਾਂ ਉੱਤੇ ਕਰਨ ਬਸੇਰੇ,

ਇੱਕ ਟਾਹਣੀ ਤੋਂ ਦੂਜੀ ਉੱਤੇ ਬਹਿੰਦੇ ਬਹਿੰਦੇ ਸਾਲ ਗਿਆ।


ਪਹਿਲਾਂ ਵਾਂਗੂੰ ਇਹਦੇ ਵਿੱਚ ਵੀ ਬਹੁਤਾ ਕੁਝ ਦੁਖਦਾਈ ਸੀ,

ਥੁੜਾਂ ਔਕੜਾਂ ਦਰਦ ਵਿਛੋੜੇ ਸਹਿੰਦੇ ਸਹਿੰਦੇ ਸਾਲ ਗਿਆ।


ਭਾਈਚਾਰਾ ਸਹਿਣਸ਼ੀਲਤਾ ਪਹਿਲਾਂ ਨਾਲੋਂ ਹੋਰ ਘਟੇ ਨੇ,

ਆਪਸ ਦੇ ਵਿੱਚ ਲੜਦੇ ਭਿੜਦੇ ਖਹਿੰਦੇ ਖਹਿੰਦੇ ਸਾਲ ਗਿਆ।


ਪੌਣ ਵਗੀ ਬਾਰਸ਼ ਹੋਈ ਸਰਦੀ ਗਰਮੀ ਧੁੱਪਾਂ ਖਿੜੀਆਂ, 

ਨਦੀਆਂ ਤੇ ਦਰਿਆਵਾਂ ਦਾ ਵਹਿੰਦੇ ਵਹਿੰਦੇ ਸਾਲ ਗਿਆ।


(ਬਲਜੀਤ ਪਾਲ ਸਿੰਘ)

ਗ਼ਜ਼ਲ


ਦੋ ਕਮਰੇ ਇੱਕ ਬੈਠਕ ਵਾਲਾ ਘਰ ਹੁੰਦਾ ਸੀ।

ਖੁੱਲ੍ਹਾ ਵੇਹੜਾ ਸੀ ਤੇ ਖੁੱਲ੍ਹਾ ਦਰ ਹੁੰਦਾ ਸੀ।


ਨਾ ਹੀ ਕੋਈ ਕਰਜ਼ਾ ਨਾ ਕਿਸ਼ਤਾਂ ਦਾ ਝੋਰਾ,

ਬੈਂਕ ਬਾਬੂਆਂ ਦਾ ਕੋਈ ਨਾ ਡਰ ਹੁੰਦਾ ਸੀ।


ਕੋਈ ਵਿਰਲਾ ਟਾਵਾਂ ਟੈਲੀਫੋਨ ਸੀ  ਓਦੋਂ,

ਨਾ ਹੀ ਬਿੱਲਾਂ ਵਾਲਾ ਖਰਚਾ ਭਰ ਹੁੰਦਾ ਸੀ।


ਪੀਜ਼ੇ ਬਰਗਰ ਤੋਂ ਵੀ ਬਚੇ ਹੋਏ ਸਨ ਲੋਕੀਂ,

ਸਸਤਾ ਸਾਦਾ ਬੇਸ਼ੱਕ ਖਾਣਾ ਪਰ ਹੁੰਦਾ ਸੀ।


ਨਾਨਕਸ਼ਾਹੀ ਇੱਟਾਂ ਦੇ ਗੁਰ ਘਰ ਦੇਖੇ ਨੇ,

ਸਾਡੇ ਵੇਲੇ ਥੋੜਾ ਹੀ ਸੰਗਮਰਮਰ ਹੁੰਦਾ ਸੀ।


ਖਾਦਾਂ ਸਪਰੇਆਂ ਦੀ ਨਾ ਸੀ ਹੁੰਦੀ ਵਰਤੋਂ,

ਸਾਦੀ ਖੇਤੀ ਨੂੰ ਕੁਦਰਤ ਦਾ ਵਰ ਹੁੰਦਾ ਸੀ।


ਸੀਰੀ ਅਤੇ ਕਿਸਾਨ ਦਾ ਨਾਤਾ ਸੀ ਏਦਾਂ ਦਾ,

ਦੋਹਾਂ ਦਾ ਸਾਂਝਾ ਹੀ ਜੀਣਾ ਮਰ ਹੁੰਦਾ ਸੀ।

(ਬਲਜੀਤ ਪਾਲ ਸਿੰਘ)