ਬੁਝਾਏ ਆਪ ਹੀ ਲਾਵੇ ਜ਼ਮਾਨਾ ਹੈ ਬੜਾ ਮਾੜਾ।
ਕਿ ਬਹੁਤਾ ਲੁੱਟ ਕੇ ਖਾਵੇ ਜ਼ਮਾਨਾ ਹੈ ਬੜਾ ਮਾੜਾ।
ਗਲੀ ਵਿੱਚ ਭੂਤਰੇ ਸਾਨ੍ਹਾਂ ਤੇ ਹਲਕੇ ਕੁੱਤਿਆਂ ਕੋਲ਼ੋਂ
ਬਚਿਆ ਕਿਸ ਤਰ੍ਹਾਂ ਜਾਵੇ ਜ਼ਮਾਨਾ ਹੈ ਬੜਾ ਮਾੜਾ ।
ਬੜੇ ਬਦਨਾਮ ਹੋ ਜਾਂਦੇ ਨੇ ਏਥੇ ਸਾਫ ਦਿਲ ਬੰਦੇ ,
ਹਰਿਕ ਹੀ ਤੋਹਮਤਾਂ ਲਾਵੇ ਜ਼ਮਾਨਾ ਹੈ ਬੜਾ ਮਾੜਾ।
ਕਦੇ ਜੋ ਸਾਦਗੀ ਤੇ ਸਬਰ ਦਾ ਪੱਲਾ ਨਹੀਂ ਛੱਡਦੇ,
ਉਹਨਾਂ ਦਾ ਹੱਕ ਵੀ ਖਾਵੇ ਜ਼ਮਾਨਾ ਹੈ ਬੜਾ ਮਾੜਾ।
ਗਵੱਈਆ ਉਹ ਬੁਰਾ ਹੈ ਬੋਲਦਾ ਜੋ ਹਾਕਮਾਂ ਪੱਖੀ,
ਜਦੋਂ ਉਹ ਬੇਸੁਰਾ ਗਾਵੇ ਜ਼ਮਾਨਾ ਹੈ ਬੜਾ ਮਾੜਾ।
ਠਰੰਮਾ ਵੀ ਨਹੀਂ ਚੰਗਾ ਜ਼ਿਆਦਾ ਵਰਤਣਾ ਹਰ ਥਾਂ,
ਗਲੇ ਹੱਥ ਹਰ ਕੋਈ ਪਾਵੇ ਜ਼ਮਾਨਾ ਹੈ ਬੜਾ ਮਾੜਾ।
(ਬਲਜੀਤ ਪਾਲ ਸਿੰਘ)
No comments:
Post a Comment