ਜਿੱਥੇ ਰੁੱਖ ਤੇ ਠੰਡੀਆਂ ਛਾਵਾਂ, ਆ ਜਾਇਓ।
ਸਾਡੇ ਘਰ ਦਾ ਇਹ ਸਿਰਨਾਵਾਂ, ਆ ਜਾਇਓ।
ਵੇਲਾਂ ਫੁੱਲ ਤੇ ਹਰੀਆਂ ਡਾਲਾਂ ਮਿਲਣਗੀਆਂ,
ਨਜ਼ਰਾਂ ਬੂਹੇ ਵੱਲ ਟਿਕਾਵਾਂ, ਆ ਜਾਇਓ।
ਏਥੇ ਮੌਸਮ ਆਉਂਦੇ ਜਾਂਦੇ ਹੀ ਰਹਿੰਦੇ ਨੇ,
ਸਭ ਰੁੱਤਾਂ ਦੀ ਖੈਰ ਮਨਾਵਾਂ, ਆ ਜਾਇਓ।
ਸਾਰੇ ਵਿਛੜੇ ਯਾਰਾਂ ਨੂੰ ਨਿੱਤ ਚੇਤੇ ਕਰਕੇ,
ਮੈਂ ਯਾਦਾਂ ਦੇ ਸੋਹਲੇ ਗਾਵਾਂ, ਆ ਜਾਇਓ।
ਜਰਨੈਲੀ ਸੜਕਾਂ ਤੇ ਹੁੰਦਾ ਭੀੜ ਭੜੱਕਾ,
ਲੱਭ ਲੈਣਾ ਕੱਚੀਆਂ ਰਾਹਵਾਂ,ਆ ਜਾਇਓ।
ਪ੍ਰਦੇਸਾਂ ਵਿੱਚ ਦੁੱਖ ਹੰਢਾਉਂਦੇ ਫਿਰਦੇ ਹੋ,
ਦੇਸਾਂ ਵਿੱਚ ਉਡੀਕਣ ਮਾਵਾਂ, ਆ ਜਾਇਓ।
ਮੋਰਾਂ ਦੀ ਤੇ ਬੁਲਬੁਲ ਦੀ ਆਵਾਜ਼ ਸੁਣਾਂਗੇ,
ਬਹੁਤਾ ਰੌਲਾ ਪਾਇਆ ਕਾਵਾਂ, ਆ ਜਾਇਓ।
ਬੁੱਢਾ ਬਾਪੂ ਜਿਹੜਾ ਖੇਤ ਸੰਭਾਲ ਰਿਹਾ ਸੀ,
ਨਜ਼ਰੀਂ ਪੈਂਦਾ ਵਿਰਲਾ ਟਾਵਾਂ, ਆ ਜਾਇਓ।
ਘੁੰਮਣਘੇਰੀ ਰੀਤਾਂ ਰਸਮਾਂ ਦੀ ਛੱਡੀਏ
ਗ਼ੈਰ ਮਿਆਰੀ ਕੰਧਾਂ ਢਾਹਵਾਂ, ਆ ਜਾਇਓ।
ਬਚਪਨ ਵੇਲੇ ਸਾਂਝੇ ਵਿਹੜੇ ਵਿੱਚ ਖੇਡੇ ਸਾਂ,
ਫੇਰ ਕਦੇ ਨਾ ਲੱਭਣ ਥਾਵਾਂ, ਆ ਜਾਇਓ।
ਆਪਣੇ ਪਿੰਡ ਦੀ ਮਿੱਟੀ ਨਾਲ ਜੁੜੇ ਰਹਿਣਾ,
ਮਾਂ ਬੋਲੀ ਦਾ ਤਰਲਾ ਪਾਵਾਂ, ਆ ਜਾਇਓ।
(ਬਲਜੀਤ ਪਾਲ ਸਿੰਘ)
No comments:
Post a Comment