Sunday, October 23, 2011

ਦੀਵੇ ਅਤੇ ਮੁਹੱਬਤ

ਮੁਹੱਬਤ ਉਂਜ ਤਾਂ ਦਰਾਂ ਤੇ ਦੀਵੇ ਬਾਲ ਜਾਂਦੀ ਹੈ
ਪਰ ਕਦੇ ਕਦੇ ਵਸਦੇ ਘਰਾਂ ਨੂੰ ਜਾਲ ਜਾਂਦੀ ਹੈ


ਜੀਵਨ ਜਾਚ ਵੀ ਨਹੀਂ ਮਰਨ ਨੂੰ ਦਿਲ ਨਹੀਂ ਕਰਦਾ
ਕੋਈ ਆਰਜ਼ੂ ਸਦਾ ਕਬਰ ਤੱਕ ਨਾਲ ਜਾਂਦੀ ਹੈ


ਆਲਮ ਬੇਰੁਖੀ ਦਾ ਜਿਨ੍ਹਾਂ ਨੇ ਦਿਲ ਤੇ ਹੰਢਾ ਲਿਆ
ਬਦਨਸੀਬੀ ਉਹਨਾਂ ਦੇ ਸੰਗ ਰਿਸ਼ਤਾ ਪਾਲ ਜਾਂਦੀ ਹੈ


ਭਰੋਸਾ ਨਾ ਹੀ ਕਰੀਏ ਤੁਰ ਗਏ ਪ੍ਰਦੇਸੀਆਂ ਉੱਤੇ
ਯਾਦ ਉਹਨਾਂ ਦੀ ਐਵੇਂ ਹੀ ਕਈ ਕਈ ਸਾਲ ਖਾਂਦੀ ਹੈ


ਅਸਲੀ ਮੌਤ ਤੋਂ ਪਹਿਲਾਂ ਹੀ ਮਰਨਾ ਰੋਜ਼ ਪੈਂਦਾ ਹੈ
ਖੁਸ਼ੀ ਜਿੰਨ੍ਹਾਂ ਤੋਂ ਹਰ ਵਕਤ ਪਾਸਾ ਟਾਲ ਜਾਂਦੀ ਹੈ


ਸਾਨੂੰ ਰਾਸ ਨਾ ਆਈ ਤੁਹਾਡੇ ਸ਼ਹਿਰ ਦੀ ਬਣਤਰ
ਕੋਝੀ ਤਪਸ਼ ਇਸਦੀ ਹਰ ਨਜ਼ਾਰਾ ਗਾਲ ਜਾਂਦੀ ਹੈ

4 comments:

 1. ਮੁਹੱਬਤ ਉਂਜ ਤਾਂ ਦਰਾਂ ਤੇ ਦੀਵੇ ਬਾਲ ਜਾਂਦੀ ਹੈ
  ਪਰ ਕਦੇ ਕਦੇ ਵਸਦੇ ਘਰਾਂ ਨੂੰ ਜਾਲ ਜਾਂਦੀ ਹੈ
  ਬਹੁਤ ਹੀ ਵਧੀਆ ਗਜ਼ਲ.......
  ***********
  ਬਾਲ ਕੇ ਦੀਵੇ
  ਵਿਹੜਾ ਚਾਨਣ-ਚਾਨਣ ਕਰਿਆ
  ਦਿਲਾਂ 'ਚ ਫੇਰ ਵੀ
  ਨਫ਼ਰਤ ਦਾ 'ਨ੍ਹੇਰਾ ਹੀ ਪਸਰਿਆ.........

  ਪਰ ਫੇਰ ਵੀ.........
  ਦੀਵਾਲੀ ਦੀਆਂ ਮੁਬਾਕਰਾਂ !

  ਹਰਦੀਪ

  ReplyDelete
 2. ਸਾਨੂੰ ਰਾਸ ਨਾ ਆਈ ਤੁਹਾਡੇ ਸ਼ਹਿਰ ਦੀ ਬਣਤਰ
  ਕੋਝੀ ਤਪਸ਼ ਇਸਦੀ ਹਰ ਨਜ਼ਾਰਾ ਗਾਲ ਜਾਂਦੀ ਹੈ...........!!
  ਬਲਜੀਤ ਪਾਲ ਜੀ ,ਪਹਿਲੀ ਵਾਰ ਤੁਹਡੇ ਬਲੋਗ ਤੇ ਆਉਣ ਦਾ ਸਬੱਬ ਬਣਿਆ .....ਬਹੁਤ ਚੰਗਾ ਲੱਗਿਆ ....ਬਹੁਤ ਖੂਬ ਲਿਖਦੇ ਹੋ ਤੁਸੀਂ ....ਕਦੇ ਗੇੜਾ ਮਾਰਨਾ ਮੇਰੇ ਬਲੋਗ ਤੇ ਵੀ .....!!

  ReplyDelete
 3. ਹਰ ਮਹਿਫਲ ਵਿੱਚ ਹਾਜਰੀਆਂ ਲਗਵਾਈ ਚੱਲ
  ਟੁੱਟੇ ਭੱਜੇ,ਵਿੰਗੇ ਟੇਢੇ,ਅੱਖਰ ਚਾਰ ਸੁਣਾਈ ਚੱਲ


  ਕਿਸੇ ਸ਼ਾਇਰ ਦੀ ਰਚਨਾ ਸੁਣਨ ਦੀ ਲੋੜ ਨਹੀਂ
  ਬਸ ਇੰਡ ਤੇ ਆਕੇ, ਤਾੜੀ ਖੂਬ ਵਜਾਈ ਚੱਲ


  ਖੱਟੀ ਚੱਲ ਵਾਹ ਵਾਹ, ਸ਼ੇਅਰ ਸੁਣਾ ਕੇ ਚੋਰੀ ਦੇ
  ਬੇ ਸ਼ਰ੍ਮੀ ਨਾਲ ਬੁੱਲੀਆਂ ਵਿੱਚ ਮੁਸਕਾਈ ਚੱਲ


  ਨਜ਼ਮ, ਲੇਖ ਵਿੱਚ ਫਰਕ ਜੇ ,ਤੈਨੂੰ ਲਭੇ ਨਾ
  'ਸੋਹਣੀ ਰਚਨਾ' ਕਹਿ ਕੇ, ਡੰਗ ਟਪਾਈ ਚੱਲ


  ਬਣ 'ਸੰਪਾਦਕ' ਓਨਲਾਈਨ ਇੱਕ ਪੇਪਰ ਦਾ
  ਕੱਚਾ ਪਿੱਲਾ ਜੋ ਵੀ ਹੋਵੇ,ਉਸਦੇ ਵਿੱਚ ਸਮਾਈ ਚੱਲ


  ਪਰਵਾਹ ਨਾ ਕਰ, ਕਿਸੇ ਨਾਢੂ ਖਾਂ ਹਰਵਿੰਦਰ ਦੀ
  ਤੂੰ, ਤੋਰੀ ਫੁਲਕਾ, ਚਲਦਾ ਜਿਵੇਂ, ਚਲਾਈ ਚੱਲ ......................ਹਰਵਿੰਦਰ ਧਾਲੀਵਾਲ
  ਬੜੀ ਪਸੰਦ ਆਈ ਹਰ ਰਚਨਾ ਆੜੀਆ

  ReplyDelete