Thursday, January 1, 2026

ਗ਼ਜ਼ਲ

ਕਹਿੰਦੇ ਹਨ ਹਮੇਸ਼ਾ ਕੁਦਰਤ ਹਰ ਇੱਕ ਦੇ ਹੀ ਵੱਲ ਨਾ ਹੁੰਦੀ।

'ਖਾੜੇ ਦੇ ਭਲਵਾਨ ਬਦਲਦੇ ਸਦਾ ਕਿਸੇ ਦੀ ਭੱਲ ਨਾ ਹੁੰਦੀ।


ਮੌਕੇ ਦੇ ਹਾਕਮ ਨੇ ਭਾਵੇਂ ਨੀਤੀ ਵਿੱਚ ਹਥਿਆਰ ਲਿਆਂਦੇ,

ਜਦ ਵੀ ਕਿਤੇ ਕ੍ਰਾਂਤੀ ਆਵੇ ਲੋਕ ਹਨੇਰੀ ਠੱਲ ਨਾ ਹੁੰਦੀ।


ਗੁੰਡੇ ਤੇ ਬਦਮਾਸ਼ਾਂ ਨੇ ਹੁਣ ਸੜਕਾਂ ਦਾ ਹਰ ਮੋੜ ਹੈ ਮੱਲਿਆ,

ਸਾਊ ਅਤੇ ਸ਼ਰੀਫਾਂ ਕੋਲੋਂ ਆਪਣੀ ਦੇਹਲੀ ਮੱਲ ਨਾ ਹੁੰਦੀ।


ਜੀਵਨ ਦੀ ਪਗਡੰਡੀ ਉੱਤੇ ਏਨਾ ਅੱਗੇ ਪਹੁੰਚ ਗਏ ਹਾਂ, 

ਠੋਡੀ ਉੱਤੇ ਕਾਲੇ ਤਿਲ ਦੀ ਹੁਣ ਕੋਈ ਵੀ ਗੱਲ ਨਾ ਹੁੰਦੀ।


ਰੋਜ ਦਿਹਾੜੇ ਜਿਹੜੇ ਹੁੰਦੇ ਹਾਦਸਿਆਂ ਕੋਲੋਂ ਹਾਂ ਡਰਦੇ , 

ਖੂਨ ਖ਼ਰਾਬੇ ਵਾਲੀ ਘਟਨਾ ਸੀਨੇ ਉੱਤੇ ਝੱਲ ਨਾ ਹੁੰਦੀ।


ਢੌਂਗੀ ਬਾਬੇ ਸਾਧਾਂ ਦੇ ਜੇ ਪੈਰਾਂ ਵਿੱਚ ਮੱਥੇ ਟੇਕੋਗੇ,

ਏਸ ਤਰ੍ਹਾਂ ਤਾਂ ਕੋਈ ਇੱਛਾ ਪੂਰੀ ਅੱਜ ਤੇ ਕੱਲ ਨਾ ਹੁੰਦੀ।


ਚੰਗੇ ਚੰਗੇ ਮਹਿਕਮਿਆਂ ਵਿੱਚ ਚੰਗੇ ਵੀ ਅਧਿਕਾਰੀ ਬੈਠੇ ,

ਫਿਰ ਵੀ ਕਾਹਤੋਂ ਹਰ ਬੰਦੇ ਦੀ ਮੁਸ਼ਕਲ ਕੋਈ ਹੱਲ ਨਾ ਹੁੰਦੀ।

(ਬਲਜੀਤ ਪਾਲ ਸਿੰਘ)




No comments: